ਆਵਾਜਾਈ ਠੱਪ ਕਰ ਕੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

06/19/2018 12:08:55 AM

ਗੁਰਦਾਸਪੁਰ,   (ਹਰਮਨਪ੍ਰੀਤ, ਵਿਨੋਦ, ਦੀਪਕ)-  ਕੇਂਦਰ ਸਰਕਾਰ ਵੱਲੋਂ ਇਕ ਸਾਲ ਦੇ ਅੰਦਰ ਹੀ ਡੀਜ਼ਲ ਦੀਆਂ ਕੀਮਤਾਂ ’ਚ ਕੀਤੇ ਗਏ ਭਾਰੀ ਵਾਧੇ ਸਮੇਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਾਂਗਰਸ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਤਹਿਤ ਅੱਜ ਹਲਕਾ ਕਾਦੀਆਂ ਅੰਦਰ ਕਾਂਗਰਸੀ ਆਗੂਆਂ ਨੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। 
ਇਸੇ ਤਹਿਤ ਪਿੰਡ ਨੈਨੇਕੋਟ ਦੇ ਅੱਡੇ ਨੇਡ਼ੇ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮਾਰਗ ’ਤੇ ਆਵਾਜਾਈ ਠੱਗ ਕਰ ਕੇ ਬਲਵਿੰਦਰ ਸਿੰਘ ਭਿੰਦਾ, ਭੁਪਿੰਦਰਪਾਲ ਸਿੰਘ ਭਗਤੂਪੁਰਾ ਬਲਾਕ ਪ੍ਰਧਾਨ ਅਤੇ ਹੋਰ ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਅਤੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਆਮ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ 2014 ਦੀਆਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵੱਡੇ ਵਾਅਦੇ ਜੁਮਲੇ ਸਿੱਧ ਹੋਏ ਹਨ ਅਤੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਦੇਸ਼ ਹੋਰ ਬਰਬਾਦ ਹੋਇਆ ਹੈ। 
ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਵਿਚ ਡੀਜ਼ਲ ਦੀਆਂ ਕੀਮਤਾਂ ’ਚ ਅਥਾਹ ਵਾਧਾ ਹੋਇਆ ਹੈ, ਜਿਸ ਨੇ ਮਹਿੰਗਾਈ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਹਿਤਾਂ ਲਈ ਹਰ ਲਡ਼ਾਈ ਲਡ਼ੇਗੀ ਅਤੇ ਆਉਣ ਵਾਲੀਆਂ ਚੋਣਾਂ ’ਚ ਲੋਕਾਂ ਦੇ ਸਹਿਯੋਗ ਨਾਲ ਭਾਜਪਾ ਦੀ ਵਾਅਦਾ ਖਿਲਾਫ਼ੀ ਦਾ ਮੂੰਹ ਤੋਡ਼ਵਾਂ ਜਵਾਬ ਦਿੱਤਾ ਜਾਵੇਗਾ। 
ਇਸ ਮੌਕੇ ਮੋਹਨ ਸਿੰਘ ਧੰਦਲ, ਅਮਰੀਕ ਜਾਗੋਵਾਲ, ਲਖਵਿੰਦਰਜੀਤ ਸਿੰਘ ਭੱਟੀਆਂ, ਬਰਜਿੰਦਰ ਸੋਨੂੰ ਜਾਗੋਵਾਲ, ਤਲਵਿੰਦਰ ਸਿੰਘ ਸਾਬੀ ਗੁਨੋਪੋਰ, ਸਰਵਨ ਸਿੰਘ ਲਾਧੂਪੁਰ, ਰਿੰਕੂ ਸਰਪੰਚ, ਪਰਮਜੀਤ ਚੱਕ ਸ਼ਰੀਫ, ਕੰਨਵਰ ਗਿੱਲ, ਅਮਰ ਸਿੰਘ ਤੁੰਗਲ ਆਦਿ ਹਾਜ਼ਰ ਸਨ।
 


Related News