22 ਕਰੋੜ ਖਰਚਣ ਦੇ ਬਾਵਜੂਦ ਲੋਕ ਬਿਨਾਂ ਲਾਈਟ ਤੋਂ ਕੱਟ ਰਹੇ ਨੇ ਰਾਤਾਂ

06/19/2018 12:12:54 AM

ਨਵਾਂਸ਼ਹਿਰ, (ਤ੍ਰਿਪਾਠੀ)- ਕੇਂਦਰ ਸਰਕਾਰ ਦੀ ਆਰ-ਐਪੀ.ਡੀ.ਆਰ.ਪੀ. ਸਕੀਮ ਤਹਿਤ ਪਾਵਰਕਾਮ ਵਿਭਾਗ ਵੱਲੋਂ  ਨਵਾਂਸ਼ਹਿਰ ’ਚ ਖਰਚ ਕੀਤੀ ਗਈ ਕਰੀਬ 22 ਕਰੋਡ਼ ਰੁਪਏ ਦੀ ਰਾਸ਼ੀ  ਦੇ ਬਾਵਜੂਦ ਲੋਕਾਂ ਨੂੰ ਅੱਤ ਦੀ ਗਰਮੀ ’ਚ ਲੰਬੇ-ਲੰਬੇ  ਬਿਜਲੀ ਕੱਟਾਂ ਅਤੇ ਬਿਜਲੀ ਸਪਲਾਈ ’ਚ ਆਉਣ ਵਾਲੇ ਫਾਲਟ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ ।  ਜਦੋਂ ਕਿ ਪਾਵਰਕਾਮ ਵਿਭਾਗ ਨਵਾਂਸ਼ਹਿਰ ਦੇ ਚੀਫ  ਸੰਜੀਵ ਕੁਮਾਰ  ਵੱਲੋਂ  ਜਾਰੀ ਪ੍ਰੈੱਸ ਬਿਆਨ ’ਚ ਦੱਸਿਆ ਗਿਆ ਸੀ ਕਿ ਨਵਾਂਸ਼ਹਿਰ ’ਚ ਕੋਈ ਵੀ ਬਿਜਲੀ ਕੱਟ ਨਹੀਂ ਲਾਇਆ ਜਾ ਰਿਹਾ ਹੈ।  ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਵੀ ਗਰਮੀਆਂ ’ਚ ਸਰਪਲੱਸ ਬਿਜਲੀ  ਕਾਰਨ ਪਾਵਰਕੱਟਾਂ ਤੋਂ ਮਨ੍ਹਾ ਹੀ ਕੀਤਾ ਜਾ ਰਿਹਾ ਹੈ।  
ਭਾਰੀ ਰਾਸ਼ੀ ਖਰਚ ਹੋਣ  ਦੇ ਬਾਵਜੂਦ ਵੀ ਲੋਕਾਂ ਨੇ ਥੋਡ਼੍ਹੀ  ਤੇਜ਼ ਹਵਾ, ਮੀਂਹ ਅਤੇ ਹਨੇਰੀ ’ਚ ਹੀ ਬਿਜਲੀ ਗੁੱਲ  ਹੋ ਜਾਣ ’ਤੇ ਇਤਰਾਜ਼ ਜਤਾਇਆ ਹੈ।  ਇਸ ਸਬੰਧੀ ਰੇਲਵੇ ਰੋਡ ਸਥਿਤ ਪੁਰਾਣੀ ਦਾਣਾ ਮੰਡੀ ਵਾਸੀ ਵਿਨੋਦ ਭਾਰਦਵਾਜ ਅਤੇ ਸੁਰਿੰਦਰ ਸਰੀਨ ਦਾ ਕਹਿਣਾ ਹੈ ਕਿ ਤੇਜ਼ ਹਵਾ ਅਤੇ ਹਨੇਰੀ ਸ਼ੁਰੂ ਹੁੰਦੇ ਹੀ ਬਿਜਲੀ ਸਪਲਾਈ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਜੇਕਰ ਇਸ ਤਰ੍ਹਾਂ ਦੇ ਮੌਸਮ ’ਚ ਖਰਾਬੀ ਦੇਰ ਸ਼ਾਮ ਨੂੰ ਆਏ ਤਾਂ ਲੋਕਾਂ ਨੂੰ ਪੂਰੀ-ਪੂਰੀ ਰਾਤ ਬਿਜਲੀ ਸਪਲਾਈ  ਦੇ ਬਿਨਾਂ ਕੱਢਣ ਨੂੰ ਮਜਬੂਰ ਹੋਣਾ ਪੈਂਦਾ ਹੈ ।  ਸ਼ਿਕਾਇਤ ਨੰਬਰ ’ਤੇ ਕੋਈ ਫੋਨ ਨਹੀ ਚੁੱਕਦਾ ਹੈ, ਜਿਸ ਨਾਲ ਗਰਮੀ  ਦੇ ਮੌਸਮ ’ਚ ਬਿਨਾਂ ਬਿਜਲੀ ਰਾਤ ਕੱਢਣਾ  ਮੁਸ਼ਕਿਲ ਹੋ ਜਾਂਦਾ ਹੈ।  ਉਨ੍ਹਾਂ ਬਿਜਲੀ ਵਿਭਾਗ  ਦੇ ਉੱਚ ਅਧਿਕਾਰੀਆਂ ਦੇ ਇਲਾਵਾ ਜ਼ਿਲਾ ਪ੍ਰਸ਼ਾਸਨ ਤੋਂ ਵੀ ਬਿਜਲੀ ਸਪਲਾਈ ’ਚ ਸੁਧਾਰ ਲਿਆਉਣ ਦੀ ਮੰਗ ਕੀਤੀ ਹੈ। 
PunjabKesari
ਨਵੇਂ ਟਰਾਂਸਫਾਰਮਰ, ਮੀਟਰ ਅਤੇ ਹੋਰ ਬਿਜਲੀ ਸਾਮਾਨ ਲਾਇਆ
ਨਵਾਂਸ਼ਹਿਰ ਪਾਵਰਕਾਮ ਵਿਭਾਗ ਵੱਲੋਂ ਬਿਜਲੀ ਸਪਲਾਈ ’ਚ ਸੁਧਾਰ ਲਿਆਉਣ ਲਈ ਕੇਬਲ ਅਤੇ ਪੁਰਾਣੇ ਬਿਜਲੀ ਪੋਲ ਬਦਲਣ, ਐੱਲ.ਟੀ. ਲਾਈਨ ਅਤੇ ਕੰਡਕਟਰਾਂ ਨੂੰ ਬਦਲਣ ਦੇ  ਇਲਾਵਾ ਨਵੇਂ ਟਰਾਂਸਫਾਰਮਰ ਬਦਲਣ  ਦੇ ਕੰਮ ਨਾਲ ਲੱਗਭਗ ਹਰ ਇਕ ਹਫ਼ਤੇ ਸ਼ਹਿਰ  ਦੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਕਰੀਬ ਪੂਰਾ-ਪੂਰਾ ਦਿਨ ਬੰਦ ਰੱਖੀ ਜਾਂਦੀ ਸੀ।  ਵਿਭਾਗ  ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦੁਆਰਾ ਬਿਜਲੀ ਸਪਲਾਈ ’ਚ ਸੁਧਾਰ ਲਿਆਉਣ  ਲਈ ਕਰੀਬ 22 ਕਰੋਡ਼ ਰੁਪਏ ਦੀ ਗ੍ਰਾਂਟ ਸ਼ਹਿਰ ਨੂੰ ਹਾਸਲ ਹੋਈ ਸੀ।  ਜਿਸ ਵਿਚੋਂ 5 ਕਰੋਡ਼ ਰੁਪਏ ਦਾ ਨਵਾਂ 66 ਕੇ.ਵੀ. ਸਬ-ਸਟੇਸ਼ਨ ਨਿਰਮਿਤ ਕਰਨਾ ਵੀ ਸ਼ਾਮਲ ਹੈ।  ਪਰ  ਨਵੇਂ 66 ਕੇ.ਵੀ. ਸਬ-ਸਟੇਸ਼ਨ  ਦੇ ਸਥਾਪਤ ਹੋਣ ਵਾਲੇ ਕੰਮ ਨੂੰ ਛੱਡ ਕੇ ਬਾਕੀ ਸਾਰਾ ਕੰਮ ਪੂਰਾ ਹੋ ਜਾਣ  ਦੇ ਬਾਅਦ ਵੀ ਲੋਕਾਂ ਨੂੰ ਬਿਜਲੀ ਦੀ ਸਪਲਾਈ ’ਚ ਸੁਧਾਰ ਹੁੰਦਾ ਦਿਖਾਈ ਨਹੀਂ  ਦੇ ਰਿਹਾ।
 PunjabKesari
ਸ਼ਹਿਰ ’ਚ ਫੀਡਰਾਂ ਦੀ ਗਿਣਤੀ 7 ਤੋਂ ਵੱਧ ਕੇ ਹੋਈ 11
ਪਾਵਰਕਾਮ ਵਿਭਾਗ ਵੱਲੋਂ ਸ਼ਹਿਰ ’ਚ ਫੀਡਰਾਂ ਦੀ ਗਿਣਤੀ  7 ਤੋਂ ਵਧਾ ਕੇ 11 ਕਰ ਦਿੱਤੀ ਗਈ ਹੈ, ਜਿਸ ਦਾ ਮੰਤਵ ਹਰ ਇਕ ਫੀਡਰ ’ਤੇ 70 ਫ਼ੀਸਦੀ ਤੋਂ ਘੱਟ ਲੋਡ ਰੱਖਣਾ ਹੈ।  ਸ਼ਹਿਰ ’ਚ ਸਿਟੀ 1 ਅਤੇ 2, ਸ਼ੂਗਰ ਮਿੱਲ, ਚੰਡੀਗੜ੍ਹ ਰੋਡ, ਮਿੱਲ ਕਾਲੋਨੀ, ਫੋਕਲ ਪੁਆਇੰਟ ਅਤੇ ਰੇਲਵੇ ਰੋਡ ਦੇ ਇਲਾਵਾ  4 ਨਵੇਂ ਫੀਡਰ ਬਣਾਏ ਗਏ ਹਨ, ਜਿਸ ਨਾਲ ਹਰ ਇਕ ਫੀਡਰ ’ਤੇ ਬਿਜਲੀ ਸਪਲਾਈ ਦਾ ਬੋਝ ਘੱਟ ਹੋਵੇਗਾ।  ਵਿਭਾਗ  ਦੇ ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਸਥਾਪਤ ਫੀਡਰਾਂ ਨਾਲ ਓਵਰ ਲੋਡਿਡ ਫੀਡਰਾਂ ਨੂੰ ਰਾਹਤ ਮਿਲੇਗੀ, ਜਿਸ ਨਾਲ ਨਾ ਕੇਵਲ ਬਿਜਲੀ ਸਪਲਾਈ ’ਚ ਸੁਧਾਰ ਹੋਵੇਗਾ ਸਗੋਂ ਫਾਲਟ ਆਉਣ ’ਤੇ ਟਰੇਸ ਕਰਨਾ ਵੀ ਆਸਾਨ ਹੋਵੇਗਾ।
1 ਮਹੀਨੇ ਤੱਕ ਤਿਆਰ ਹੋਵੇਗਾ ਨਵਾਂ 66 ਕੇ.ਵੀ. ਸਬ-ਸਟੇਸ਼ਨ
ਚੀਫ ਇੰਜੀਨੀਅਰ  ਦੇ ਦਫਤਰ ਦੀ ਬੈਕ ਸਾਈਡ ’ਤੇ ਬੰਗਾ ਰੋਡ ’ਤੇ 5 ਕਰੋਡ਼ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਨਵੇਂ 66 ਕੇ.ਵੀ. ਸਟੇਸ਼ਨ ਦਾ ਕੰਮ ਕਰੀਬ 1 ਮਹੀਨੇ ਤੱਕ ਪੂਰਾ ਹੋਣ ਦੀ ਆਸ ਜਤਾਈ ਜਾ ਰਹੀ ਹੈ।  ਚੀਫ ਇੰਜੀਨੀਅਰ  ਸੰਜੀਵ ਕੁਮਾਰ  ਨੇ ਦੱਸਿਆ ਕਿ ਬਿਲਡਿੰਗ ਕਰੀਬ-ਕਰੀਬ ਤਿਆਰ ਹੋ ਗਈ ਹੈ ਅਤੇ ਇਲੈਕਟ੍ਰੀਕਲ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ।  ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਚੱਲ ਰਹੇ 132 ਕੇ.ਵੀ. ਸਬ-ਸਟੇਸ਼ਨ ’ਤੇ ਵਾਧੂ ਫੀਡਰ ਲਾਉਣ ਦੀ ਸਪੇਸ ਨਹੀਂ ਬਚੀ ਹੈ।  ਨਵਾਂਸ਼ਹਿਰ ਦੇ ਫੀਡਰਾਂ ਨੂੰ ਨਵੇਂ ਸਬ-ਸਟੇਸ਼ਨ ’ਤੇ ਸ਼ਿਫਟ  ਕੀਤਾ ਜਾਵੇਗਾ, ਜਿਸ ਨਾਲ ਬਿਜਲੀ ਸਪਲਾਈ ’ਚ ਹੋਰ ਸੁਧਾਰ ਹੋਵੇਗਾ।


Related News