ਗਿੱਦੜਬਾਹਾ ''ਚ ਤਕਰਾਰ ਤੋਂ ਬਾਅਦ ਚੱਲੀ ਗੋਲੀ, 2 ਜ਼ਖਮੀ

06/18/2018 10:33:22 PM

ਸ੍ਰੀ ਮੁਕਤਸਰ ਸਾਹਿਬ /ਗਿੱਦੜਬਾਹਾ,(ਪਵਨ ਤਨੇਜਾ, ਕਟਾਰੀਆ)—ਗਿੱਦੜਬਾਹਾ ਦੇ ਗੁਰੂ ਨਾਨਕ ਨਗਰ ਵਿਖੇ ਸੋਮਵਾਰ ਨੂੰ ਮਾਮੂਲੀ ਤਕਰਾਰ ਨੂੰ ਲੈ ਕੇ ਹੋਏ ਵਿਵਾਦ ਵਿਚ ਇੱਕ ਵਿਅਕਤੀ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਦੋ ਵਿਅਕਤੀ ਜਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਗਿੱਦੜਬਾਹਾ ਦੇ ਗੁਰੂ ਨਾਨਕ ਨਗਰ ਵਾਸੀ ਜਗਤ ਸਿੰਘ ਸਪੁੱਤਰ ਬੇਅੰਤ ਸਿੰਘ ਦੀ ਮਾਮੂਲੀ ਗੱਲ ਨੂੰ ਲੈ ਕੇ ਦੋ ਦਿਨ ਪਹਿਲਾਂ ਮਨਿੰਦਰ ਕੁਮਾਰ ਪੁੱਤਰ ਅਸ਼ੋਕ ਕੁਮਾਰ ਨਾਲ ਤਕਰਾਰ ਹੋ ਗਈ ਸੀ ਪਰ ਫਿਰ ਮਾਮਲਾ ਸ਼ਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਸੋਮਵਾਰ ਨੂੰ ਜਦ ਮਨਿੰਦਰ ਕੁਮਾਰ ਫਿਰ ਤੋਂ ਜਗਤ ਸਿੰਘ ਦੀ ਗਲੀ ਚੋਂ ਲੰਘ ਰਿਹਾ ਸੀ ਤਾਂ ਜਗਤ ਸਿੰਘ ਨੇ ਆਪਣੀ ਪਿਸਤੌਲ 'ਚੋਂ ਗੋਲੀਆਂ ਚਲਾ ਦਿੱਤੀਆਂ। ਜਿਸ ਦੌਰਾਨ ਇੱਕ ਗੋਲੀ ਮਨਿੰਦਰ ਕੁਮਾਰ ਦੇ ਵੱਜੀ, ਜਿਸ ਨਾਲ ਉਹ ਗੰਭੀਰ ਜਖ਼ਮੀ ਹੋ ਗਿਆ ਅਤੇ ਉਸ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਗੰਭੀਰ ਹਾਲਤ ਨੂੰ ਦੇਖਦਿਆ ਉਸ ਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ। ਤਕਰਾਰ ਦੌਰਾਨ ਗਲੀ 'ਚੋਂ ਲੰਘ ਰਹੇ ਰਾਮ ਲਾਲ ਦੇ ਵੀ ਇੱਕ ਗੋਲੀ ਬਾਂਹ 'ਤੇ ਵੱਜੀ ਜੋਂ ਕਿ ਜਖ਼ਮੀ ਹੋ ਗਿਆ ਅਤੇ ਉਸਦਾ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਮਾਮਲੇ ਸਬੰਧੀ ਜਦ ਗਿੱਦੜਬਾਹਾ ਦੇ ਐੱਸ. ਐੱਚ. ਓ. ਕੇਵਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਗੋਲੀ ਚੱਲਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਦਕਿ ਗੋਲੀ ਚਲਾਉਣ ਵਾਲਾ ਅਜੇ ਤੱਕ ਫਰਾਰ ਹੈ। 


Related News