ਵਿੱਤੀ ਮਾੜੇ ਪ੍ਰਬੰਧਾਂ ਦੇ ਮਾਮਲੇ ''ਚ ਬ੍ਰਿਟੇਨ ਦੇ ਚੈਰਿਟੀ ਕਮਿਸ਼ਨ ਨੇ ਸਿੱਖ ਸੰਗਠਨ ਦੀ ਕੀਤੀ ਜਾਂਚ ਸ਼ੁਰੂ

06/18/2018 8:42:31 PM

ਲੰਡਨ (ਭਾਸ਼ਾ)- ਬ੍ਰਿਟੇਨ ਵਿਚ ਦਾਨ-ਪੁੰਨ ਕਰਨ ਵਾਲੀਆਂ ਸੰਸਥਾਵਾਂ ਉੱਤੇ ਨਜ਼ਰ ਰੱਖਣ ਵਾਲੇ ਸੰਗਠਨ ਚੈਰਿਟੀ ਕਮਿਸ਼ਨ ਨੇ ਅੱਜ ਐਲਾਨ ਦਿੱਤਾ ਹੈ ਕਿ ਉਹ ਆਂਤਰਿਕ ਵਿਵਾਦ ਕਾਰਨ ਵਿੱਤੀ ਮਾੜੇ ਪ੍ਰਬੰਧਾਂ ਦੇ ਦੋਸ਼ ਵਿਚ ਬਰਮਿੰਘਮ ਸਥਿਤ ਇਕ ਸਿੱਖ ਚੈਰਿਟੀ ਸੰਗਠਨ ਦੀ ਵਿਧਾਨਕ ਜਾਂਚ ਕਰੇਗੀ। ਚੈਰਿਟੀ ਕਮਿਸ਼ਨ ਨੇ ਕਿਹਾ ਕਿ ਉਸ ਨੇ ਸਥਾਨ ਬਾਬੇ ਦੇ ਟਰੱਸਟ ਦੀ ਜਾਂਚ ਸ਼ੁਰੂ ਕੀਤੀ ਹੈ। ਇਹ ਮਾਮਲਾ ਪਿਛਲੇ ਸਾਲ ਉਦੋਂ ਖੋਲਿਆ ਗਿਆ, ਜਦੋਂ ਨਿੱਜੀ ਲਾਭ ਹਿੱਤਾਂ ਦੇ ਟਕਰਾਅ ਦਾ ਪ੍ਰਬੰਧਨ ਨਾ ਹੋਣ, ਟਰੱਸਟੀ ਦੀ ਗਲਤ ਨਿਯੁਕਤੀ, ਅਣਐਲਾਨੀ ਆਮਦਨ ਅਤੇ ਖਰਾਬ ਵਿੱਤੀ ਕੰਟਰੋਲ ਦੇ ਦੋਸ਼ਾਂ ਸਬੰਧੀ ਚਿੰਤਾਵਾਂ ਜ਼ਾਹਿਰ ਕੀਤੀਆਂ ਗਈਆਂ ਸਨ। ਸਥਾਨ ਬਾਬੇ ਦੇ ਟਰੱਸਟ ਦਾ ਮਕਸਦ ਸਿੱਖ ਧਰਮ ਅਤੇ ਸਿੱਖਿਆ ਨੂੰ ਹੁਲਾਰਾ ਦੇਣਾ, ਗਰੀਬੀ ਤੋਂ ਰਾਹਤ ਦਿਵਾਉਣਾ, ਸਮਾਜਿਕ ਮਨੋਰੰਜਨ ਦੀਆਂ ਸਹੂਲਤਾਂ ਦੀ ਵਿਵਸਥਾ ਕਰਨਾ ਅਤੇ ਵੈਸਟ ਮਿਡਲੈਂਡਸ ਅਤੇ ਬ੍ਰਿਟੇਨ ਦੇ ਹੋਰ ਖੇਤਰਾਂ ਵਿਚ ਬਜ਼ੁਰਗਾਂ ਦੀ ਦੇਖਭਾਲ ਦੀਆਂ ਸਹੂਲਤਾਂ ਕਾਇਮ ਕਰਨਾ ਹੈ। ਚੈਰਿਟੀ ਕਮਿਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਕਮਿਸ਼ਨ ਦੀ ਗੰਭੀਰ ਚਿੰਤਾਵਾਂ ਹਨ ਕਿ ਕਿਸੇ ਅੰਤਰਿਕ ਵਿਵਾਦ ਕਾਰਨ ਚੈਰਿਟੀ ਸੰਸਥਾ ਦੇ ਟਰੱਸਟੀਆਂ ਨੇ ਇਸ ਦਾ ਉਚਿਤ ਪ੍ਰਬੰਧਨ ਨਹੀਂ ਕੀਤਾ। ਰੈਗੂਲੇਟਰ ਸੰਸਥਾ ਨੇ ਚੈਰਿਟੀ ਸੰਸਥਾ ਲਈ ਇਕ ਕਾਰਜ ਯੋਜਨਾ ਤੈਅ ਕੀਤੀ ਸੀ ਤਾਂ ਜੋ ਟਰੱਸਟੀਆਂ ਨੂੰ ਆਪਣੇ ਵਿਵਾਦ ਸੁਲਝਾਉਣ ਵਿਚ ਮਦਦ ਮਿਲ ਸਕੇ ਅਤੇ ਸਾਹਮਣੇ ਲਿਆਂਦੀਆਂ ਗਈਆਂ ਸਮੱਸਿਆਵਾਂ ਦਾ ਹੱਲ ਹੋ ਸਕੇ, ਜਿਸ ਵਿਚ ਵਿਚੋਲਗੀ ਕਾਰਵਾਈ ਵੀ ਸ਼ਾਮਲ ਹੈ। 


Related News