ਲੁਧਿਆਣਾ : ''ਚਿਕਨ ਕਾਰਨਰ'' ''ਚ 2 ਸ਼ਰਾਬੀ ਧਿਰਾਂ ਭਿੜੀਆਂ, ਲਹਿਰਾਈਆਂ ਨੰਗੀਆਂ ਤਲਵਾਰਾਂ (ਵੀਡੀਓ)

06/18/2018 7:15:09 PM

ਲੁਧਿਆਣਾ (ਨਰਿੰਦਰ) : ਸ਼ਹਿਰ ਦੇ ਟਿੱਬਾ ਰੋਡ 'ਤੇ ਸਥਿਤ 'ਬਿੰਦਰਾ ਚਿਕਨ ਕਾਰਨਰ' 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ 2 ਸ਼ਰਾਬੀ ਧਿਰਾਂ ਆਪਸ 'ਚ ਭਿੜ ਪਈਆਂ। ਇਸ ਦੌਰਾਨ ਇਕ ਧਿਰ ਨੇ ਦੂਜੀ ਧਿਰ ਦੇ 5 ਲੋਕਾਂ ਨਾਲ ਕੁੱਟਮਾਰ ਕੀਤੀ ਅਤੇ ਫਰਾਰ ਹੋ ਗਏ। ਕੁਝ ਦੇਰ ਬਾਅਦ ਦੂਜੀ ਧਿਰ ਦੇ ਲੋਕ ਵੀ ਆਪਣੇ 20-25 ਸਾਥੀਆਂ ਸਮੇਤ ਮੂੰਹ ਢਕ ਕੇ ਹੱਥਾਂ 'ਚ ਨੰਗੀਆਂ ਤਲਵਾਰਾਂ ਅਤੇ ਖਾਲੀ ਬੋਤਲਾਂ ਲੈ ਕੇ ਆਏ ਅਤੇ ਆਉਂਦੇ ਹੀ ਚਿਕਨ ਕਾਰਨਰ ਦੇ ਕਰਿੰਦਿਆਂ ਤੋਂ ਪਹਿਲੀ ਧਿਰ ਬਾਰੇ ਪੁੱਛਣ ਲੱਗੇ। 
ਜਦੋਂ ਕਰਿੰਦੇ ਰਾਹੁਲ ਨੇ ਦੱਸਿਆ ਕਿ ਉਹ ਲੋਕ ਤਾਂ ਉਨ੍ਹਾਂ ਨੂੰ ਜਾਣਦੇ ਨਹੀਂ ਤਾਂ ਉਕਤ ਲੋਕਾਂ ਨੇ ਦੁਕਾਨ ਦੀ ਵੀ ਤੋੜ-ਭੰਨ ਕਰ ਛੱਡੀ। ਅਚਾਨਕ ਹੋਏ ਇਸ ਹਮਲੇ ਕਾਰਨ ਆਸ-ਪਾਸ ਦੇ ਦੁਕਾਨਦਾਰਾਂ 'ਚ ਹਫੜਾ-ਦਫੜੀ ਮਚ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਹਮਲਾਵਾਰ ਨੌਜਵਾਨਾਂ ਨੇ ਨੰਗੀਆਂ ਤਲਵਾਰਾਂ ਲਹਿਰਾਉਂਦੇ ਹੋਏ ਜੰਮ ਕੇ ਤੋੜ-ਭੰਨ ਕੀਤੀ ਅਤੇ ਦੁਕਾਨ ਦੇ ਗੱਲੇ 'ਚ ਪਿਆ 17,000 ਦੀ ਨਕਦੀ ਵੀ ਨਾਲ ਲੈ ਗਏ। 
ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ, ਜੋ ਕਿ ਕੁਝ ਹੀ ਮਿੰਟਾਂ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਸਬੰਧੀ ਦੁਕਾਨ ਮਾਲਕ ਸਰਬਜੀਤ ਸਿੰਘ ਨੇ ਪੁਲਸ ਕੰਟਰੋਲ ਰੂਮ 'ਚ ਹਮਲੇ ਦੀ ਜਾਣਕਾਰੀ ਦੇਣ ਲਈ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਫਿਰ ਕਿਸੇ ਤਰ੍ਹਾਂ ਉਨ੍ਹਾਂ ਨੇ ਇਸ ਹਮਲੇ ਦੀ ਜਾਣਕਾਰੀ ਪੀ. ਸੀ. ਆਰ. ਦਸਤੇ ਨੂੰ ਦਿੱਤੀ ਤਾਂ ਮੌਕੇ 'ਤੇ ਪੀ. ਸੀ. ਆਰ. ਦਸਤਾ ਪੁੱਜਿਆ ਪਰ ਉਸ ਸਮੇਂ ਤੱਕ ਹਮਲਾਵਰ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਫਿਲਹਾਲ ਪੁਲਸ ਨੇ ਕੈਮਰੇ ਦੀ ਫੁਟੇਜ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News