ਰਿਫਰੈਂਡਮ ''ਤੇ ਖਹਿਰਾ ਦੇ ਬਿਆਨ ਤੋਂ ਬਾਅਦ ''ਆਪ'' ਦੀ ਅਸਲੀਅਤ ਆਈ ਸਾਹਮਣੇ : ਮਜੀਠੀਆ

06/18/2018 7:15:42 PM

ਚੰਡੀਗੜ੍ਹ : ਸੁਖਪਾਲ ਖਹਿਰਾ ਵਲੋਂ 2020 ਰਿਫਰੈਂਡਮ 'ਤੇ ਦਿੱਤੇ ਗਏ ਬਿਆਨ 'ਤੇ ਅਕਾਲੀ ਦਲ ਨੇ ਵੱਡਾ ਹਮਲਾ ਬੋਲਿਆ ਹੈ। ਚੰਡੀਗੜ੍ਹ ਵਿਚ ਪ੍ਰੈਸਕਾਨਫਰੰਸ ਕਰਦੇ ਹੋਏ ਅਕਾਲੀ ਦਲ ਨੇ ਇਸ ਬਿਆਨ ਨੂੰ ਮੰਦਭਾਗਾ ਅਤੇ ਵੰਡੀਆਂ ਪਾਉਣ ਵਾਲਾ ਕਰਾਰ ਦਿੱਤਾ ਹੈ। ਇਸ ਦੇ ਨਾਲ ਪ੍ਰੈੱਸ ਕਾਨਫਰੰਸ ਕਰਦੇ ਹੋਏ ਸੀਨੀਅਰ ਅਕਾਲੀ ਆਗੂ ਦਿਲਜੀਤ ਸਿੰਘ ਚੀਮਾ ਨੇ ਕਿਹਾ ਕਿ 1984 'ਚ ਹੋਏ ਹਮਲੇ ਦੌਰਾਨ ਬ੍ਰਿਟੇਨ ਦੀ ਸਰਕਾਰ ਨਾਲ ਉਸ ਵੇਲੇ ਦੀ ਭਾਰਤ ਸਰਕਾਰ ਵਲੋਂ ਕੀਤੀ ਗਈ ਗੱਲਬਾਤ ਦੇ ਜਿਹੜੇ ਤੱਥ ਸਾਹਮਣੇ ਆ ਰਹੇ ਹਨ, ਇਨ੍ਹਾਂ ਸਾਰੇ ਦਸਤਾਵੇਜ਼ਾਂ ਨੂੰ ਜ਼ਾਹਰ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਚੀਮਾ ਨੇ ਕਿਹਾ ਕਿ ਜਿਹੜੇ ਸਿੱਖ ਕੈਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਭਾਰਤ ਦੀਆਂ ਵੱਖ ਵੱਖ ਜੇਲਾਂ ਵਿਚ ਬੰਦ ਹਨ, ਉਨ੍ਹਾਂ ਨੂੰ ਵੀ ਰਿਹਾਅ ਕੀਤਾ ਜਾਣਾ ਚਾਹੀਦਾ ਹੈ। 
ਇਸ ਦੌਰਾਨ ਬਿਕਰਮ ਮਜੀਠੀਆ ਨੇ ਸੁਖਪਾਲ ਖਹਿਰਾ ਵਲੋਂ 2020 ਰਿਫਰੈਂਡਮ 'ਤੇ ਦਿੱਤੇ ਗਏ ਬਿਆਨ ਨੂੰ ਮੰਦਭਾਗਾ ਦੱਸਦੇ ਹੋਏ ਖਹਿਰਾ ਨੂੰ ਮੌਕਾਪ੍ਰਸਤ ਸਿਆਸਤਦਾਨ ਦੱਸਿਆ। ਮਜੀਠੀਆ ਨੇ ਕਿਹਾ ਕਿ ਅੱਜ ਸੁਖਪਾਲ ਖਹਿਰਾ ਕਾਂਗਰਸ ਦਾ ਵਿਰੋਧ ਕਰ ਰਿਹਾ ਹੈ ਜਦਕਿ ਉਸ ਸਮੇਂ ਖਹਿਰਾ ਨੇ ਵਿਰੋਧ ਕਿਉਂ ਨਹੀਂ ਕੀਤਾ ਜਦੋਂ ਉਹ ਕਾਂਗਰਸ ਦੀ ਟਿਕਟ 'ਤੇ ਚੋਣ ਲੜਦੇ ਸਨ। ਮਜੀਠੀਆ ਨੇ ਕਿਹਾ ਕਿ ਜਿਸ ਸਮੇਂ 1984 ਦੀ ਗੱਲ ਕਰਨੀ ਚਾਹੀਦੀ ਸੀ ਉਸ ਸਮੇਂ ਸੁਖਪਾਲ ਖਹਿਰਾ ਗਾਂਧੀ ਪਰਿਵਾਰ ਦੀ ਗੁਲਾਮੀ ਕਰਦੇ ਸਨ। 
ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਵਲੋਂ 2020 ਰਿਫਰੈਂਡਮ ਪੱਖੀ ਦਿੱਤੇ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਚਿਹਰਾ ਬੇਨਕਾਬ ਹੋ ਗਿਆ ਹੈ। ਮਜੀਠੀਆ ਨੇ ਕਿਹਾ ਕਿ ਖਹਿਰਾ ਦੀ ਰੂਹ ਕਾਂਗਰਸ ਹੀ ਹੈ ਅਤੇ ਖਹਿਰਾ ਦਾ ਦਿਲ ਅੱਜ ਵੀ ਗਾਂਧੀ ਪਰਿਵਾਰ ਲਈ ਧੜਕਦਾ ਹੈ। ਜੇਕਰ ਕਾਂਗਰਸ ਵਲੋਂ ਖਹਿਰਾ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਕਾਂਗਰਸ ਦੀ ਅਸਲੀਅਤ ਸਾਰਿਆਂ ਸਾਹਮਣੇ ਆ ਜਾਵੇਗੀ।


Related News