ਲੁਟੇਰਿਆਂ ਨੇ ਪਿਸਤੌਲ ਦੀ ਨੋਕ ''ਤੇ ਖੋਹੀ ਬਲੈਰੋ ਗੱਡੀ

06/18/2018 7:13:16 PM

ਮੇਹਟੀਆਣਾ/ਕੋਟ ਫਤੂਹੀ (ਸੰਜੀਵ, ਬਹਾਦਰ ਖਾਨ) : ਦੋ ਲੁਟੇਰਿਆਂ ਨੇ ਬਲੈਰੋ ਗੱਡੀ ਕਿਰਾਏ 'ਤੇ ਲੈਣ ਤੋਂ ਬਾਅਦ ਪਿਸਤੌਲ ਦੀ ਨੋਕ 'ਤੇ ਖੋਹ ਲਈ। ਜਾਣਕਾਰੀ ਅਨੁਸਾਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਗੁਜਰਪੁਰ ਕਲਾਂ ਦੇ ਵਾਸੀ ਸੁਰਿੰਦਰ ਕੁਮਾਰ ਨੇ ਪੁਲਸ ਕੋਲ ਕਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਹ ਨਵਾਂਸ਼ਹਿਰ 'ਚ ਸ਼ੂਗਰ ਮਿੱਲ ਨਜ਼ਦੀਕ ਆਪਣੀ ਬਲੈਰੋ ਗੱਡੀ ਲੈ ਕੇ ਖੜ੍ਹਾ ਸੀ ਕਿ ਇਸ ਦੌਰਾਨ ਇਕ ਨੌਜਵਾਨ ਉਸ ਕੋਲ ਆਇਆ ਤੇ ਕਹਿਣ ਲੱਗਾ ਕਿ ਉਸ ਦੀ ਕਾਰ ਖਰਾਬ ਹੋ ਗਈ ਹੈ ਅਤੇ ਉਹ ਆਪਣੀ ਗੱਡੀ ਨਾਲ ਟੋਚਨ ਕਰਕੇ ਕੋਟ ਫ਼ਤੂਹੀ ਤੱਕ ਲੈ ਜਾਵੇ। 
ਉਸ ਨੇ ਦੱਸਿਆ ਕਿ ਗੱਲਬਾਤ ਦੌਰਾਨ 800 ਰੁਪਏ ਕਿਰਾਇਆ ਤੈਅ ਹੋ ਗਿਆ। ਸੁਰਿੰਦਰ ਕੁਮਾਰ ਅਨੁਸਾਰ ਜਦੋਂ ਉਹ ਕਾਰ ਲੈ ਕੇ ਚੱਲ ਪਏ ਤਾਂ ਰਸਤੇ 'ਚ ਇਕ ਨੌਜਵਾਨ ਨੇ ਕਿਹਾ ਕਿ ਉਸਦਾ ਰਿਸ਼ਤੇਦਾਰ ਟਰੈਕਟਰ ਲੈ ਕੇ ਆ ਰਿਹਾ ਹੈ ਅਤੇ ਉਹ ਆਪਣੀ ਗੱਡੀ ਨੂੰ ਨਹਿਰ ਵੱਲ ਲੈ ਜਾਵੇ। ਉਸ ਨੇ ਦੱਸਿਆ ਕਿ ਇਸੇ ਦੌਰਾਨ ਕਥਿਤ ਦੋਸ਼ੀਆਂ ਨੇ ਉਸ ਦੀ ਗੱਡੀ ਨੂੰ ਖੜ੍ਹਾ ਕਰ ਲਿਆ ਅਤੇ ਖਰਾਬ ਕਾਰ 'ਚ ਬੈਠਾ ਨੌਜਵਾਨ ਵੀ ਬਾਹਰ ਆ ਗਿਆ ਅਤੇ ਉਕਤ ਦੋਵੇਂ ਲੁਟੇਰੇ ਉਸਨੂੰ ਪਿਸਤੌਲ ਦਿਖਾ ਕੇ ਡਰਾਉਣ ਲੱਗੇ ਅਤੇ ਉਸਦੀ ਗੱਡੀ ਨੂੰ ਖੁਦ ਚਲਾਉਣ ਲੱਗੇ। ਉਸ ਨੇ ਦੱਸਿਆ ਕਿ ਕੁੱਝ ਦੂਰ ਜਾ ਕੇ ਉਨ੍ਹਾਂ ਨੇ ਉਸ ਨੂੰ ਉਤਾਰ ਦਿੱਤਾ ਅਤੇ ਗੱਡੀ ਲੈ ਕੇ ਫਰਾਰ ਹੋ ਗਏ। ਇਸ ਸਬੰਧ 'ਚ ਪੁਲਸ ਨੇ ਧਾਰਾ 379 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News