ਸੁਸ਼ਮਾ ਸਵਰਾਜ ਨੇ ਇਟਲੀ ਦੇ ਪੀ. ਐੱਮ. ਨਾਲ ਕੀਤੀ ਮੁਲਾਕਾਤ, ਦੋ-ਪੱਖੀ ਸੰਬੰਧਾਂ ''ਤੇ ਹੋਈ ਚਰਚਾ

06/18/2018 5:54:21 PM

ਰੋਮ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਟਲੀ ਦੇ ਪ੍ਰਧਾਨ ਮੰਤਰੀ ਜੂਸੇਪੇ ਕੋਂਟੇ ਨਾਲ ਸੋਮਵਾਰ ਨੂੰ ਮੁਲਾਕਾਤ ਕੀਤੀ ਅਤੇ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਵਧਾਉਣ ਦੇ ਤੌਰ ਤਰੀਕਿਆਂ ਅਤੇ ਦੋ-ਪੱਖੀ ਸੰਬੰਧ ਮਜ਼ਬੂਤ ਕਰਨ ਲਈ ਜ਼ਰੂਰੀ ਕਦਮਾਂ 'ਤੇ ਚਰਚਾ ਕੀਤੀ। 4 ਯੂਰਪੀ ਦੇਸ਼ਾਂ ਦੀ 7 ਦਿਨਾਂ ਯਾਤਰਾ ਦੇ ਪਹਿਲੇ ਪੜਾਅ ਵਿਚ ਇੱਥੇ ਆਈ ਸਵਰਾਜ ਨੇ ਆਪਣੇ ਇਤਾਵਲੀ ਹਮਰੁਤਬਾ ਐਜੋ ਮੋਆਵੇਰੋ ਮਿਲਾਨੇਸੀ ਨਾਲ ਵੀ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, ''ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਟਲੀ ਦੇ ਪ੍ਰਧਾਨ ਮੰਤਰੀ ਨੂੰ ਮਿਲੀ ਅਤੇ ਸੁਸ਼ਮਾ ਨੇ ਉਨ੍ਹਾਂ ਨੂੰ ਇਹ ਉੱਚ ਅਹੁਦਾ ਗ੍ਰਹਿਣ ਕਰਨ 'ਤੇ ਵਧਾਈ ਦਿੱਤੀ।'' ਉਨ੍ਹਾਂ ਇਸ ਦੇ ਨਾਲ ਹੀ ਦੱਸਿਆ ਕਿ ਦੋਹਾਂ ਨੇਤਾਵਾਂ ਦੀ ਚਰਚਾ ਵੱਖ-ਵੱਖ ਖੇਤਰਾਂ 'ਚ ਸਹਿਯੋਗ ਵਧਾਉਣ ਦੇ ਤੌਰ-ਤਰੀਕਿਆਂ ਅਤੇ ਦੋ-ਪੱਖੀ ਸੰਬੰਧਾਂ 'ਚ ਤਾਜ਼ਗੀ ਲਿਆਉਣ ਲਈ ਜ਼ਰੂਰੀ ਕਦਮਾਂ 'ਤੇ ਕੇਂਦਰਿਤ ਸੀ। ਕੋਂਟੇ ਦੇ ਇਟਲੀ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਗ੍ਰਹਿਣ ਕਰਨ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਵੱਡੀ ਸਿਆਸੀ ਮੁਲਾਕਾਤ ਸੀ।
ਰਵੀਸ਼ ਕੁਮਾਰ ਨੇ ਲਿਖਿਆ ਕਿ ਸੁਸ਼ਮਾ ਇਟਲੀ, ਫਰਾਂਸ, ਲਕਜ਼ਮਬਰਗ ਅਤੇ ਬੈਲਜੀਅਮ ਦੀ 7 ਦਿਨਾਂ ਦੀ ਯਾਤਰਾ 'ਤੇ ਹੈ। ਇਸ ਯਾਤਰਾ ਦਾ ਟੀਚਾ ਇਨ੍ਹਾਂ 4 ਯੂਰਪੀ ਦੇਸ਼ਾਂ ਨਾਲ ਭਾਰਤ ਦੇ ਰਣਨੀਤਕ ਅਤੇ ਵਪਾਰਕ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਸੁਸ਼ਮਾ ਇਸ ਤੋਂ ਬਾਅਦ ਫਰਾਂਸ ਜਾਵੇਗੀ, ਜਿੱਥੇ ਉਹ ਦੋ ਦਿਨ ਰੁਕੇਗੀ। ਪੈਰਿਸ ਵਿਚ ਉਹ ਆਪਣੇ ਹਮਰੁਤਬਾ ਫਰਾਂਸ ਦੇ ਵਿਦੇਸ਼ ਮੰਤਰੀ ਨੂੰ ਮਿਲੇਗੀ ਅਤੇ ਦੋਵੇਂ ਪੱਖ ਦੋ-ਪੱਖੀ ਸੰਬੰਧਾਂ ਦੀ ਸਮੀਖਿਆ ਕਰਨਗੇ।


Related News