10 ਹਜ਼ਾਰ ਦੀ ਰਿਸ਼ਵਤ ਲੈਂਦਾ ਏ. ਐੱਸ. ਆਈ. ਰੰਗੇ ਹੱਥੀਂ ਕਾਬੂ

06/18/2018 5:34:50 PM

ਮੋਗਾ (ਗੋਪੀ ਰਾਊਕੇ, ਅਜ਼ਾਦ) - ਵਿਜੀਲੈਂਸ ਬਿਊਰੋ ਫਿਰੋਜ਼ਪੁਰ ਨੇ ਡੀ. ਐੱਸ. ਪੀ. ਰਛਪਾਲ ਸਿੰਘ ਦੀ ਅਗਵਾਈ 'ਚ ਵੱਡੀ ਕਾਰਵਾਈ ਕਰਦਿਆਂ ਨਿਹਾਲ ਸਿੰਘ ਵਾਲਾ ਥਾਣੇ 'ਚ ਤਾਇਨਾਤ ਏ.ਐੱਸ.ਆਈ. ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਉਕਤ ਏ. ਐੱਸ.ਆਈ. ਦੀ ਪਛਾਣ ਗੁਰਪਾਲ ਸਿੰਘ ਦੇ ਨਾਮ ਤੋਂ ਹੋਈ ਹੈ।  

ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋਂ ਰੇਂਜ ਫਿਰੋਜ਼ਪੁਰ ਦੇ ਡੀ. ਐੱਸ. ਪੀ. ਰਛਪਾਲ ਸਿੰਘ ਨੇ ਦੱਸਿਆ ਕਿ ਅਸ਼ੋਕ ਕੁਮਾਰ ਨਿਵਾਸੀ ਭਗਤਾ ਭਾਈ ਨੇ ਸਾਨੂੰ ਸ਼ਿਕਾਇਤ ਕੀਤੀ ਸੀ ਕਿ ਮੇਰੇ ਖਿਲਾਫ ਗੁਰਬਖਸ਼ ਸਿੰਘ ਨਿਵਾਸੀ ਨਿਹਾਲ ਸਿੰਘ ਵਾਲਾ ਨੇ ਇਕ ਝੂਠੀ ਸ਼ਿਕਾਇਤ ਐੱਸ.ਐੱਸ.ਪੀ ਮੋਗਾ ਨੂੰ ਦਰਜ ਕਰਵਾਈ ਸੀ, ਜਿਸ ਦੀ ਪੜਤਾਲ ਥਾਣਾ ਨਿਹਾਲ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਗੁਰਪਾਲ ਸਿੰਘ ਵਲੋਂ ਕੀਤੀ ਜਾ ਰਹੀ ਸੀ। ਉਕਤ ਥਾਣੇਦਾਰ ਨੇ ਉਸ ਦੀ ਸ਼ਿਕਾਇਤ ਦਾ ਨਿਪਟਾਰਾ ਉਸਦੇ ਹੱਕ 'ਚ ਕਰਨ ਲਈ ਮੇਰੇ ਕੋਲੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਤਿੰਨ ਹਜ਼ਾਰ ਰੁਪਏ ਮੈਂ ਬੀਤੇ ਦਿਨ ਉਸ ਨੂੰ ਦੇ ਦਿੱਤੇ ਸਨ ਅਤੇ ਬਾਕੀ ਦੇ 7 ਹਜ਼ਾਰ ਰੁਪਏ 18 ਜੂਨ ਨੂੰ ਦੇਣ ਦੀ ਗੱਲ ਹੋਈ ਸੀ। ਸਹਾਇਕ ਥਾਣੇਦਾਰ ਗੁਰਇਕਬਾਲ ਸਿੰਘ ਭੁੱਲਰ, ਰੇਸ਼ਮ ਸਿੰਘ ਅਤੇ ਹੌਲਦਾਰ ਹਰਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਥਾਣਾ ਨਿਹਾਲ ਸਿੰਘ ਵਾਲਾ ਨੇ ਅੱਜ ਛਾਪੇਮਾਰੀ ਕਰਕੇ ਏ. ਐੱਸ. ਆਈ. ਗੁਰਪਾਲ ਸਿੰਘ ਨੂੰ ਅਸ਼ੋਕ ਕੁਮਾਰ ਕੋਲੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। 
ਇਸ ਮੌਕੇ ਡਿਪਟੀ ਡਾਇਰੈਕਟਰ ਨਿਰਵੈਰ ਸੰਘ ਅਤੇ ਚਰਨਜੀਤ ਸਿੰਘ ਨੇ ਐੱਸ. ਡੀ. ਓ. ਪੀ. ਡਬਲਯੂ. ਡੀ. ਮੋਗਾ ਬਤੌਰ ਗਵਾਹ ਮੌਜੂਦ ਸਨ। ਕਥਿਤ ਮੁਲਜ਼ਮ ਦੇ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪਤਾ ਲੱਗਾ ਹੈ ਕਿ ਸ਼ਿਕਾਇਤ ਕਰਤਾ ਅਸ਼ੋਕ ਕੁਮਾਰ ਫਾਇਨੈਂਸ ਦਾ ਕੰਮ ਕਰਦਾ ਹੈ ਅਤੇ ਉਸ ਦਾ ਗੁਰਬਖਸ਼ ਸਿੰਘ ਨਾਲ ਪੈਸਿਆਂ ਦਾ ਲੈਣ ਦੇਣ ਚੱਲ ਰਿਹਾ ਸੀ। ਪੁੱਛਗਿੱਛ ਦੌਰਾਨ ਏ.ਐੱਸ.ਆਈ. ਗੁਰਪਾਲ ਸਿੰਘ ਨੇ ਕਿਹਾ ਕਿ ਮੈਨੂੰ ਇਸ ਮਾਮਲੇ 'ਚ ਝੂਠਾ ਫਸਾਇਆ ਗਿਆ ਹੈ। ਉਨ੍ਹਾਂ ਨੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਵੀ ਲਗਾਈ।


Related News