ਆਸਟ੍ਰੇਲੀਆ ''ਚ ਇਕ ਸ਼ਖਸ ਸਟੀਲ ਦੇ ਬਕਸੇ ''ਚ 3 ਦਿਨ ਰਿਹਾ ਬੰਦ, ਇਹ ਸੀ ਵਜ੍ਹਾ

06/18/2018 5:24:27 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਇਕ ਸ਼ਖਸ 3 ਦਿਨ ਤੱਕ ਭੀੜ-ਭੜੱਕੇ ਵਾਲੀ ਸੜਕ ਦੇ ਹੇਠਾਂ ਇਕ ਸਟੀਲ ਦੇ ਵੱਡੇ ਬਕਸੇ ਵਿਚ ਬੰਦ ਰਿਹਾ। ਇਹ ਕਾਰਨਾਮਾ 73 ਸਾਲਾ ਆਸਟ੍ਰੇਲੀਆਈ ਕਲਾਕਾਰ ਮਾਈਕ ਪਾਰ ਨੇ ਟੋਟੇਲਿਟੇਰੀਅਨ ਹਿੰਸਾ ਨਾਲ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਦੇ ਉਦੇਸ਼ ਨਾਲ ਕੀਤਾ ਸੀ। ਸਟੀਲ ਦੇ ਬਕਸੇ ਵਿਚ ਬੰਦ ਰਹਿਣ ਦੌਰਾਨ ਮਾਈਕ ਪਾਰ 3 ਦਿਨ ਤੱਕ ਭੁੱਖੇ ਰਹੇ। ਉਨ੍ਹਾਂ ਨੂੰ 2.2 ਮੀਟਰ ਦੇ ਕੰਟੇਨਰ ਤੋਂ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਮਾਈਕ ਉੱਪਰੋਂ ਹਜ਼ਾਰਾਂ-ਲੱਖਾਂ ਗੱਡੀਆਂ ਲੰਘਦੀਆਂ ਰਹੀਆਂ ਸਨ। ਇਹ ਕਾਰਨਾਮਾ ਮਾਈਕ ਨੇ ਆਸਟ੍ਰੇਲੀਆ ਦੇ ਹੋਬਾਰਟ ਸ਼ਹਿਰ ਵਿਚ ਕੀਤਾ। 
ਸਟੀਲ ਦੇ ਬਕਸੇ ਵਿਚ ਰਹਿਣ ਦੌਰਾਨ ਮਾਈਕ ਨੂੰ ਸੋਣ ਲਈ ਬਿਸਤਰਾ, ਪਾਣੀ, ਇਕ ਬਾਲਟੀ, ਇਕ ਸਕੇਟਪੈਡ ਅਤੇ ਪੈੱਨਸਿਲ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਮਾਈਕ ਦਾ ਇਹ ਸਟੰਟ ਤਸਮਾਨੀਆ ਦੇ ਡਾਰਕ ਮੋਫੋ ਫੈਸਟੀਵਲ ਦਾ ਹਿੱਸਾ ਸੀ। ਇਸ ਫੈਸਟੀਵਲ ਦੌਰਾਨ ਹਨੇਰੇ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਅਤੇ ਲੋਕ ਪਬਲਿਕ ਆਰਟ, ਫੂਡ, ਫਿਲਮਾਂ ਅਤੇ ਸੰਗੀਤ ਦਾ ਆਨੰਦ ਲੈਂਦੇ ਹਨ। ਮਾਈਕ ਦੇ ਇਸ ਸਟੰਟ ਦੇ ਆਯੋਜਕਾਂ ਦਾ ਕਹਿਣਾ ਹੈ ਕਿ ਇਹ ਸਟੰਟ 19ਵੀਂ ਸਦੀ ਵਿਚ ਬ੍ਰਿਟੇਨ ਵੱਲੋਂ ਆਸਟ੍ਰੇਲੀਆ ਵਿਚ ਕੀਤੇ ਗਏ ਕਤਲੇਆਮ ਨੂੰ ਦਰਸਾਉਣ ਦੇ ਉਦੇਸ਼ ਨਾਲ ਵੀ ਕੀਤਾ ਜਾਂਦਾ ਹੈ।
ਮਾਈਕ ਨੂੰ ਐਤਵਾਰ ਸ਼ਾਮ ਸਟੀਲ ਦੇ ਬਕਸੇ ਵਿਚੋਂ ਕੱਢਿਆ ਗਿਆ। ਇਸ ਦੌਰਾਨ ਉਸ ਦੇ ਸਵਾਗਤ ਲਈ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ। ਹਾਲਾਂਕਿ ਮਾਈਕ ਨੇ ਇਸ ਦੌਰਾਨ ਗੱਲ ਨਹੀਂ ਕੀਤੀ ਅਤੇ ਉਹ ਮੰਗਲਵਾਰ ਨੂੰ ਕਿਸੇ ਪਬਲਿਕ ਫੋਰਮ ਵਿਚ ਆਪਣੇ ਅਨੁਭਵ ਸਾਂਝੇ ਕਰ ਸਕਦੇ ਹਨ। ਇਸ ਫੈਸਟੀਵਲ ਦੇ ਆਯੋਜਕਾਂ ਵਿਚੋਂ ਇਕ ਜੇਰੋਡ ਰੌਲਿੰਸ ਦਾ ਕਹਿਣਾ ਹੈ ਕਿ ਮਾਈਕ ਇਸ ਤੋਂ ਪਹਿਲਾਂ ਵੀ ਕਈ ਵਾਰੀ ਅਜਿਹਾ ਕਾਰਨਾਮਾ ਕਰ ਚੁੱਕੇ ਹਨ। ਇਸ ਲਈ ਉਨ੍ਹਾਂ ਦੇ ਸਰੀਰ ਨੂੰ ਇਸ ਸਟੰਟ ਦਾ ਅਭਿਆਸ ਹੈ। ਉੱਥੇ ਮਾਈਕ ਦੇ ਇਸ ਕਦਮ ਦੀ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਆਲੋਚਨਾ ਕੀਤੀ ਹੈ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਹੈ ਕਿ ਕਈ ਲੋਕ ਪੂਰੀ ਜ਼ਿੰਦਗੀ ਭੂਮੀਗਤ ਕੰਮ ਕਰਦੇ ਹਨ ਅਤੇ ਉਨ੍ਹਾਂ ਨੇ ਸਿਰਫ 3 ਦਿਨ ਸਟੀਲ ਦੇ ਬਕਸੇ ਵਿਚ ਗੁਜਾਰੇ। ਉਨ੍ਹਾਂ ਦੇ ਇਸ ਕੰਮ ਨੂੰ ਕਲਾ ਦਾ ਨਾਂ ਦਿੱਤਾ ਜਾ ਰਿਹਾ ਹੈ ਅਤੇ ਇਸ 'ਤੇ ਖਬਰਾਂ ਬਣਾਈਆਂ ਜਾ ਰਹੀਆਂ ਹਨ।


Related News