''ਤੰਦਰੁਸਤ ਪੰਜਾਬ'' ਮਿਸ਼ਨ ਤਹਿਤ ਜ਼ਿਲਾ ਪ੍ਰਸ਼ਾਸਨ ਨੂੰ ਦਿੱਤਾ ਲੋਕਾਂ ਨੇ ਭਰਵਾਂ ਹੁੰਗਾਰਾ

06/18/2018 5:19:37 PM

ਮਾਨਸਾ (ਮਿੱਤਲ)- ਲੋਕਾਂ ਦੇ ਭਰਵੇਂ ਹੁੰਗਾਰੇ ਨਾਲ ਮਿਸ਼ਨ ਤੰਦਰੁਸਤ ਪੰਜਾਬ ਸਫਲਤਾ ਵੱਲ ਵਧ ਰਿਹਾ ਹੈ। ਆਮ ਲੋਕ ਇਸ ਮਿਸ਼ਨ ਨੂੰ ਸਫ਼ਲ ਬਣਾਉਣ ਲਈ ਯੋਗਦਾਨ ਪਾ ਰਹੇ ਹਨ। ਇਨ੍ਹਾ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਕਰਦਿਆਂ ਅੱਜ ਮਾਨਸਾ ਜ਼ਿਲੇ 'ਚ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੇ ਪਿੰਡਾਂ ਅਤੇ ਸ਼ਹਿਰਾਂ 'ਚ ਚੰਗੀ ਸਿਹਤ ਪ੍ਰਤੀ ਸਰਗਰਮੀਆਂ ਕਰਵਾਉਣ ਉਪਰੰਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨਾਲ ਵਧ ਤੋਂ ਵੱਧ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਜੋੜਿਆ ਜਾ ਰਿਹਾ ਹੈ।ਤੰਦਰੁਸਤ ਪੰਜਾਬ ਮਿਸ਼ਨ ਦਾ ਮੁਖ ਉਦੇਸ਼ ਲੋਕਾਂ ਨੂੰ ਚੰਗੀ ਸਿਹਤ ਵੱਲ ਪ੍ਰੇਰਿਤ ਕਰਨਾ ਹੈ।
ਇਸ ਮਿਸ਼ਨ ਤਹਿਤ ਅੱਜ ਵੱਖ-ਵੱਖ ਵਿਭਾਗਾਂ ਵੱਲੋਂ ਜ਼ਿਲੇ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਕਈ ਪ੍ਰਕਾਰ ਦੀਆਂ ਸਰਗਰਮੀਆਂ ਕੀਤੀਆਂ ਗਈਆਂ, ਜਿਸ ਤਹਿਤ ਸਟੇਡੀਅਮ ਕੋਟਲਾ ਕਲਾਂ ਦੀ ਸਫ਼ਾਈ ਕੀਤੀ ਗਈ।ਖਾਰਾ ਪਿੰਡ ਵਿਚ ਯੂਥ ਕਲੱਬ ਦੇ ਮੈਂਬਰਾਂ ਅਤੇ ਨੌਜਵਾਨਾਂ ਵੱਲੋਂ ਸਫਾਈ ਮੁਹਿੰਮ ਵਿੱਢੀ ਗਈ ਅਤੇ ਇਕ ਸਪੋਰਟਸ ਸਟੇਡੀਅਮ ਦੀ ਵੀ ਸਫ਼ਾਈ ਕੀਤੀ ਗਈ। ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਮਾਨਸਾ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਇਸ ਮੁਹਿੰਮ 'ਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ। 
ਉਨ੍ਹਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਇਕ ਲਗਾਤਾਰ ਚੱਲਣ ਵਾਲਾ ਮਿਸ਼ਨ ਹੈ ਜਿਸ ਦੇ ਤਹਿਤ ਸਵੇਰ ਦੀ ਸੈਰ, ਯੋਗਾ, ਸਾਈਕਲ ਰੈਲੀ ਤੋਂ ਇਲਾਵਾ ਸਾਫ਼-ਸੁਥਰਾ ਵਾਤਾਵਰਣ, ਪੀਣ ਲਈ ਸਾਫ਼ ਪਾਣ, ਮਿਲਾਵਟ ਰਹਿਤ ਖਾਧ ਪਦਾਰਥ ਆਦਿ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਸਰਕਾਰ ਵਚਨਬੱਧ ਹੈ।ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲੇ ਦੇ ਲੋਕਾਂ ਲਈ ਚੰਗੀ ਸਿਹਤ ਪ੍ਰਦਾਨ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਜ਼ਿਲਾ ਜੰਗਲਾਤ ਅਫ਼ਸਰ ਸਵਰਨ ਸਿੰਘ ਨੇ ਦੱਸਿਆ ਕਿ ਇਲਾਕੇ ਨੂੰ ਹਰਿਆ-ਭਰਿਆ ਬਣਾਉਣ ਲਈ ਅੱਜ ਬੁਢਲਾਡਾ ਡਵੀਜ਼ਨ 'ਚ 100 ਬੂਟੇ ਵੰਡੇ ਗਏ ਅਤੇ ਲੋਕਾਂ ਨੂੰ ਇਨ੍ਹਾਂ ਦੇ ਪਾਲਣ-ਪੋਸ਼ਣ ਲਈ ਪ੍ਰੇਰਿਤ ਕੀਤਾ ਗਿਆ।


Related News