ਕਿਸਾਨਾਂ ਨੇ ਕੀਤਾ ਪਾਵਰਕੌਮ ਦਫ਼ਤਰ ਦਾ ਘਿਰਾਓ, ਮੁਲਾਜ਼ਮਾਂ ਨੂੰ 4 ਘੰਟੇ ਬਣਾਈ ਰੱਖਿਆ ਬੰਦੀ

06/18/2018 4:03:21 PM

ਭਵਾਨੀਗੜ੍ਹ (ਵਿਕਾਸ) - ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 8 ਦਿਨਾਂ ਤੋਂ ਪਾਵਰਕੌਮ ਦਫ਼ਤਰ ਭਵਾਨੀਗੜ੍ਹ ਵਿਖੇ ਪੱਕਾ ਮੋਰਚਾ ਲਗਾਈ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਕਿਸਾਨਾਂ ਨੇ ਅੱਜ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਪਾਵਰਕੌਮ ਦਫ਼ਤਰ ਦਾ ਘਿਰਾਓ ਕਰਕੇ ਇਕ ਦਰਜਨ ਮੁਲਾਜ਼ਮਾਂ ਨੂੰ ਚਾਰ ਘੰਟੇ ਬੰਦੀ ਬਣਾ ਕੇ ਰੱਖਿਆ। ਇਸ ਮੌਕੇ 'ਤੇ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕਰਦਿਆਂ ਕਿਹਾ ਕਿ ਪਿਛਲੇ 8 ਦਿਨਾਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਗੂੰਗਾ ਬਹਿਰਾ ਬਣਕੇ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਜਿਸ ਕਰਕੇ ਕਿਸਾਨਾਂ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਜਿਸ ਕਾਰਨ ਅੱਜ ਕਿਸਾਨ ਅਧਿਕਾਰੀਆਂ ਦਾ ਘਿਰਾਓ ਕਰਨ ਲਈ ਮਜਬੂਰ ਹੋਏ ਹਨ, ਇਸ ਦੌਰਾਨ ਦਫ਼ਤਰ ਅੰਦਰ ਬੈਠੇ ਕਿਸੇ ਵੀ ਮੁਲਾਜ਼ਮ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਵੇਗਾ ਅਤੇ ਨਾ ਹੀ ਬਾਹਰੋਂ ਕਿਸੇ ਨੂੰ ਅੰਦਰ ਜਾਣ ਦਿੱਤਾ ਜਾਵੇਗਾ। ਇਸ ਮੌਕੇ 'ਤੇ ਨਿਰਭੈ ਸਿੰਘ ਮਸਾਣੀ ਨੇ ਕਿਹਾ ਕਿ ਯੂਨੀਅਨ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ 19 ਜੂਨ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ 'ਤੇ ਜਗਤਾਰ ਸਿੰਘ ਕਾਲਾਝਾੜ,ਮਨਜੀਤ ਸਿੰਘ ਘਰਾਚੋਂ, ਜਿੰਦਰ ਸਿੰਘ, ਰਘਬੀਰ ਸਿੰਘ ਘਰਾਚੋਂ, ਗੁਰਦੇਵ ਸਿੰਘ ਆਲੋਅਰਖ਼  ਆਦਿ ਤੋਂ ਇਲਾਵਾ ਭਾਰੀ ਗਿਣਤੀ 'ਚ ਕਿਸਾਨ ਹਾਜ਼ਰ ਸਨ। ਇਸ ਸਬੰਧੀ ਐੱਸ. ਡੀ. ਓ. ਭਵਾਨੀਗੜ੍ਹ ਰਵੀ ਚੌਹਾਨ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਨੇ ਮੰਨਣਾ ਹੈ ਪਰ ਇੱਥੇ ਕਿਸਾਨ ਸਾਡੇ ਮੁਲਾਜ਼ਮਾਂ ਨੂੰ ਬਿਨ੍ਹਾਂ ਵਜ੍ਹਾ ਬੰਦੀ ਬਣਾ ਕੇ ਪ੍ਰੇਸ਼ਾਨ ਕਰ ਰਹੇ ਹਨ।


Related News