ਇਟਲੀ ਸਰਕਾਰ ਦੀ ਕੋਸ਼ਿਸ਼, ਦੇਸ਼ 'ਚ ਨਾ ਆਉਣ ਗੈਰ-ਕਾਨੂੰਨੀ ਵਿਦੇਸ਼ੀ

06/18/2018 2:25:15 PM

ਮਿਲਾਨ, (ਸਾਬੀ ਚੀਨੀਆ)— ਇਟਲੀ ਦੇ ਨਾਲ਼ ਲੱਗਦੇ ਸਮੁੰਦਰੀ ਤੱਟਾਂ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਸ਼ਰਣਾਰਥੀਆਂ ਦਾ ਇਟਲੀ ਆਉਣਾ ਲਗਾਤਾਰ ਜਾਰੀ ਹੈ, ਜਿਸ ਨੂੰ ਠੱਲ੍ਹ ਪਾਉਣਾ ਇਟਲੀ ਲਈ ਵੱਡੀ ਚਣੌਤੀ ਬਣਿਆ ਹੋਇਆ ਹੈ। ਬੀਤੇ ਦਿਨ ਵੀ 629 ਸ਼ਰਣਾਰਥੀਆਂ ਨਾਲ ਭਰਿਆ ਸਮੁੰਦਰੀ ਜਹਾਜ਼ ਸਚੀਲੀਆ ਟਾਪੂ ਰਾਹੀਂ ਇਟਲੀ ਪਹੁੰਚਿਆ। ਇਸ ਬੇੜੇ ਵਿੱਚ 126 ਨਾਬਾਲਗ 11 ਛੋਟੇ ਬੱਚੇ ਅਤੇ 7 ਗਰਭਵਤੀ ਔਰਤਾਂ ਵੀ ਸ਼ਾਮਲ ਹਨ। ਇਟਲੀ ਦੀ ਜਲ ਫੌਜ ਨੇ ਕਾਫੀ ਮੁਸ਼ੱਕਤ ਕਰਕੇ ਪਾਣੀ 'ਚ ਫਸੇ ਇਸ ਬੇੜੇ ਨੂੰ ਸੁਰੱਖਿਅਤ ਕਿਨਾਰੇ 'ਤੇ ਲਿਆਂਦਾ। ਇਸ ਜਹਾਜ਼ ਵਿੱਚ ਬਹੁਤੇ ਦੱਖਣੀ ਅਫਰੀਕੀ ਦੇਸ਼ਾਂ ਨਾਲ ਸੰਬੰਧਿਤ ਸ਼ਰਣਾਰਥੀ ਦੱਸੇ ਗਏ ਹਨ। ਇਹ ਬੇੜਾ ਸਪੇਨ ਦੇ ਵੈਲੀਸੀਆ ਸ਼ਹਿਰ ਗਿਆ ਹੈ , ਜਿਸ ਨੂੰ ਲੈ ਕੇ ਇਟਲੀ ਸਰਕਾਰ ਵੱਲੋਂ ਸਪੇਨ ਸਰਕਾਰ ਦੀ ਲਾਪਰਵਾਹੀ ਲਈ ਉਸ ਦੀ ਨਿਖੇਧੀ ਵੀ ਕੀਤੀ ਗਈ ਹੈ। 
ਇਕ ਪਾਸੇ ਇਟਲੀ ਦੀ ਨਵੀਂ ਬਣੀ ਸਰਕਾਰ ਵੱਲੋਂ ਦੇਸ਼ 'ਚ ਗੈਰ-ਕਾਨੂੰਨੀ ਵਿਦੇਸ਼ੀਆਂ ਨੂੰ ਬਾਹਰ ਕੱਢੇ ਜਾਣ ਦੀ ਕਾਰਵਾਈ ਨੂੰ ਅੰਜਾਮ ਦੇਣ ਲਈ ਕਾਨੂੰਨ ਨੂੰ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਇਟਲੀ ਦੇ ਸਮੁੰਦਰੀ ਤੱਟਾਂ ਰਾਹੀਂ ਵਿਦੇਸ਼ੀਆਂ ਦੀ ਗੈਰ-ਕਾਨੂੰਨੀ ਆਮਦ ਸਰਕਾਰ ਲਈ ਮੁਸ਼ਕਿਲ ਖੜ੍ਹੀ ਕਰ ਰਹੀ ਜਾਪਦੀ ਹੈ। ਗ੍ਰਹਿ ਮੰਤਰੀ ਮਤੈਓ ਸਲਵੀਨੀ ਵੱਲੋਂ ਦੇਸ਼ ਦੀਆਂ ਅੰਦਰੂਨੀ ਅਤੇ ਬਾਹਰੀ ਹੱਦਾਂ 'ਤੇ ਸਖਤਾਈ ਵਰਤੇ ਜਾਣ ਦੀ ਹਦਾਇਤ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸਲਵੀਨੀ ਵੱਲੋਂ ਨਵੀਂ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਚੋਣ ਮੁਹਿੰਮ ਦੌਰਾਨ ਹੀ ਗੈਰ-ਕਾਨੂੰਨੀ ਵਿਦੇਸ਼ੀਆਂ ਨੂੰ ਇਟਲੀ 'ਚੋਂ ਬਾਹਰ ਕੱਢੇ ਜਾਣ ਦੀ ਗੱਲ ਆਖੀ ਗਈ ਸੀ।


Related News