ਬ੍ਰਿਟੇਨ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਲੰਡਨ 'ਚ ਉਹ ਝਪਟਮਾਰਾਂ ਦੇ ਸ਼ਿਕਾਰ ਬਣੇ

06/18/2018 2:27:17 PM

ਲੰਡਨ (ਭਾਸ਼ਾ)— ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਸੜਕਾਂ 'ਤੇ ਵੱੱਧ ਰਹੀ ਲੁੱਟ-ਖੋਹ ਵਿਚਕਾਰ ਲੰਡਨ ਵਿਚ ਉਹ ਵੀ ਇਸ ਦਾ ਸ਼ਿਕਾਰ ਬਣ ਚੁੱਕੇ ਹਨ। ਅਪ੍ਰੈਲ ਵਿਚ ਪਾਕਿਸਤਾਨੀ ਮੂਲ ਦੇ ਜਾਵੇਦ ਨੂੰ ਕੈਬਨਿਟ ਅਹੁਦਾ ਦਿੱਤੇ ਜਾਣ ਦੇ ਕੁਝ ਦਿਨ ਪਹਿਲਾਂ ਹੀ ਇਹ ਘਟਨਾ ਹੋਈ ਸੀ। ਉਹ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਹਨ। ਹਿਊਸਟਨ ਸਟੇਸ਼ਨ ਦੇ ਬਾਹਰ ਇਕ ਟੈਕਸੀ ਬੁਲਾਉਣ ਲਈ ਜਾਵੇਦ ਨੇ ਜਿਵੇਂ ਹੀ ਆਪਣਾ ਮੋਬਾਇਲ ਕੱਢਿਆ, ਉਦੋਂ ਹੀ ਲੁੱਟ-ਖੋਹ ਕਰਨ ਵਾਲੇ ਉਨ੍ਹਾਂ ਦਾ ਮੋਬਾਇਲ ਖੋਹ ਕੇ ਭੱਜ ਗਏ। ਇਸ ਘਟਨਾ ਨੂੰ ਲੈ ਕੇ ਜਾਵੇਦ ਬਹੁਤ ਪਰੇਸ਼ਾਨ ਹੋਏ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਲੁੱਟ-ਖੋਹ ਕਰਨ ਵਾਲਿਆਂ ਤੋਂ ਨਜਿੱਠਣ ਲਈ ਪੁਲਸ ਨੂੰ ਜ਼ਿਆਦਾ ਸ਼ਕਤੀਆਂ ਦੇਣ 'ਤੇ ਵਿਚਾਰ ਕਰ ਰਹੇ ਹਨ। 
ਜਾਵੇਦ (48) ਨੇ ਕਿਹਾ,''ਇਸ ਤੋਂ ਪਹਿਲਾਂ ਕਿ ਮੈਨੂੰ ਪਤਾ ਚੱਲਦਾ ਕੀ ਹੋ ਰਿਹਾ ਹੈ, ਫੋਨ ਗਾਇਬ ਹੋ ਚੁੱਕਾ ਸੀ।'' ਉਨ੍ਹਾਂ ਨੇ ਇਕ ਅੰਗਰੇਜੀ ਅਖਬਾਰ ਨੂੰ ਕਿਹਾ,''ਮੈਂ ਗੁੱਸੇ ਵਿਚ ਸੀ ਅਤੇ ਪਰੇਸ਼ਾਨ ਸੀ। ਪਰ ਸੋਚਿਆ ਕਿ ਮੈਂ ਖੁਸ਼ ਕਿਸਮਤ ਹਾਂ ਕਿ ਇਨ੍ਹਾਂ ਅਪਰਾਧਾਂ ਦੇ ਸ਼ਿਕਾਰ ਹੋਣ ਵਾਲੇ ਹੋਰ ਪੀੜਤਾਂ ਦੀ ਤਰ੍ਹਾਂ ਮੇਰੇ 'ਤੇ ਹਮਲਾ ਨਹੀਂ ਕੀਤਾ ਗਿਆ।'' ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਹੀ ਉੱਤਰੀ-ਪੱਛਮੀ ਲੰਡਨ ਵਿਚ ਕਾਮੇਡੀਅਨ ਮਾਈਕਲ ਮੈਕਇਨਟਾਇਰੇ ਨੂੰ ਲੁੱਟ-ਖੋਹ ਕਰਨ ਵਾਲਿਆਂ ਨੇ ਆਪਣਾ ਸ਼ਿਕਾਰ ਬਣਾਇਆ ਸੀ।


Related News