ਬਰਸਾਤ ਨੇ ਕਿਸਾਨਾਂ ਦੇ ਚਿਹਰਿਆਂ ''ਤੇ ਲਿਆਂਦੀ ਰੌਣਕ

06/18/2018 1:57:21 PM

ਪਟਿਆਲਾ/ਰੱਖੜਾ (ਬਲਜਿੰਦਰ, ਰਾਣਾ)-ਪਿਛਲੇ ਤਿੰਨ ਦਿਨਾਂ ਤੋਂ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਪਟਿਆਲਵੀਆਂ ਨੂੰ ਬੀਤੀ ਰਾਤ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਵੱਡੀ ਰਾਹਤ ਮਿਲੀ। ਇੰਨਾ ਹੀ ਨਹੀਂ, ਬਾਰਿਸ਼ ਕਾਰਨ ਕਿਸਾਨਾਂ ਨੂੰ ਵੀ ਝੋਨਾ ਲਾਉਣਾ ਸੁਖਾਲਾ ਹੋ ਗਿਆ ਹੈ। ਬੀਤੀ ਰਾਤ ਤੋਂ ਬਾਰਿਸ਼ ਨੇ ਖੇਤਾਂ ਵਿਚ ਇਕਸਾਰ ਪਾਣੀ ਲਾਇਆ ਅਤੇ ਖੇਤ ਝੋਨਾ ਲਾਉਣ ਲਈ ਤਿਆਰ ਹੋ ਗਏ। ਕਿਸਾਨਾਂ ਨੇ ਵੀ ਤੜਕਸਾਰ ਹੀ ਖੇਤਾਂ ਵਿਚ ਟਰੈਕਟਰਾਂ ਦੀ ਜ਼ੋਰ-ਅਜ਼ਮਾਈ ਸ਼ੁਰੂ ਕਰਦਿਆਂ ਝੋਨਾ ਲਾਉਣ ਦੀ ਤਿਆਰੀ ਮੁਕੰਮਲ ਕਰ ਲਈ।  ਕੁਝ ਥਾਵਾਂ 'ਤੇ ਪ੍ਰਵਾਸੀ ਮਜ਼ਦੂਰ ਝੋਨਾ ਲਾਉਂਦੇ ਵੀ ਦੇਖੇ ਗਏ। 
ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 20 ਤਰੀਕ ਤੋਂ ਬਾਅਦ ਹੀ ਝੋਨਾ ਲਾਉਣ ਦੀ ਅਪੀਲ ਕੀਤੀ ਸੀ ਪਰ ਕੁਝ ਜਥੇਬੰਦੀਆਂ ਨੇ ਕਿਸਾਨਾਂ ਨੂੰ ਭੜਕਾ ਕੇ ਸਰਕਾਰ ਦੀ ਅਪੀਲ ਅਤੇ ਕੁਦਰਤ ਦੇ ਨਿਯਮਾਂ ਦੇ ਵਿਰੋਧ ਵਿਚ 10 ਜੂਨ ਤੋਂ ਹੀ ਝੋਨਾ ਲਾਉਣ ਲਈ ਉਕਸਾਇਆ ਸੀ। ਇਸ ਦੀਆਂ ਫੋਟੋਆਂ ਅਤੇ ਖਬਰਾਂ ਸੋਸ਼ਲ ਤੇ ਪ੍ਰਿੰਟ ਮੀਡੀਆ ਵਿਚ ਆ ਗਈਆਂ ਸਨ। ਇਸ ਵਾਰ ਸਿਆਣੇ ਕਿਸਾਨਾਂ ਨੇ ਕੁਦਰਤ ਨਾਲ ਛੇੜਛਾੜ ਕਰਨੀ ਮੁਨਾਸਬ ਨਹੀਂ ਸਮਝੀ। ਨਤੀਜਾ ਇਹ ਨਿਕਲਿਆ ਕਿ ਬਿਲਕੁਲ ਸਹੀ ਸਮੇਂ 'ਤੇ ਲਗਾਤਾਰ 2-3 ਬਾਰਿਸ਼ਾਂ ਪੈਣ ਉਪਰੰਤ ਖੇਤ ਝੋਨਾ ਲਾਉਣ ਲਈ ਤਿਆਰ ਹੋ ਗਏ ਹਨ, ਜਿਸ ਲਈ ਕਿਸਾਨਾਂ ਦੀ ਬਿਜਲੀ ਵਾਲੀ ਝਾਕ ਵੀ ਖਤਮ ਹੋ ਗਈ। ਖੇਤਾਂ ਵਿਚ ਲੋੜੀਂਦੀ ਮਾਤਰਾ ਵਿਚ ਪਾਣੀ ਵੀ ਉਪਲਬਧ ਹੋ ਗਿਆ। ਕੁਦਰਤ ਦੀ ਇਸ ਅਦੁੱਤੀ ਕਾਰਵਾਈ ਅੱਗੇ ਕਿਸਾਨ ਜਥੇਬੰਦੀਆਂ ਦੇ ਮਨਸੂਬੇ ਧਰੇ-ਧਰਾਏ ਰਹਿ ਗਏ।


Related News