ਰੋਸ ਪ੍ਰਦਰਸ਼ਨ ਕਰਨ ਦੀ ਥਾਂ ਕਾਂਗਰਸ ਸਰਕਾਰ ਡੀਜ਼ਲ ਪੈਟਰੋਲ ''ਤੇ ਵੈਟ ਘੱਟ ਕਰੇ : ਮੱਖਣ ਬਰਾੜ

06/18/2018 12:33:05 PM

  
ਫਤਿਹਗੜ ਪੰਜਤੂਰ (ਰੋਮੀ) - ਮਹਿੰਗਾਈ ਅਤੇ ਤੇਲ ਦੀਆਂ ਉੱਚੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਕਾਂਗਰਸ ਵਲੋਂ ਸੂਬੇ ਦੇ ਸਮੂਹ ਪਿੰਡਾਂ 'ਚ ਡੀਜ਼ਲ ਤੇ ਟੈਕਸ ਘਟਾਏ ਜਾਣ ਦੇ ਮੁੱਦੇ 'ਤੇ ਕੀਤੇ ਰਹੇ ਜਾ ਰਹੇ ਰੋਸ ਧਰਨੇ ਮਹਿਜ ਇਕ ਡਰਾਮਾ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਨੇ ਨੰਬਰਦਾਰ ਨਛੱਤਰ ਸਿੰਘ ਢੋਲਣੀਆ ਜ਼ਿਲਾ ਪ੍ਰਧਾਨ ਬੀ. ਸੀ. ਵਿੰਗ ਦੇ ਗ੍ਰਹਿ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਹੈ। 
ਇਸ ਦੌਰਾਨ ਪ੍ਰਦੇਸ਼ ਕਾਂਗਰਸ ਦੁਆਰਾ ਕੀਤੇ ਜਾ ਰਹੇ ਪ੍ਰਦਰਸ਼ਨਾਂ ਬਾਰੇ ਟਿੱਪਣੀ ਕਰਦਿਆਂ ਮੱਖਣ ਬਰਾੜ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਅਜਿਹੇ ਨਕਲੀ ਰੋਸ ਪ੍ਰਦਰਸ਼ਨ ਕਰਨ ਦੀ ਥਾਂ ਪਹਿਲਾਂ ਪੈਟਰੋਲੀਅਮ ਵਸਤਾਂ ਦਾ ਵੈਟ ਘਟਾਉਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਅਤੇ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਉੱਤਰੀ ਭਾਰਤ 'ਚੋਂ ਪੰਜਾਬ 'ਚ ਪੈਟਰੋਲ ਅਤੇ ਡੀਜ਼ਲ ਸਭ ਤੋਂ ਮਹਿੰਗੇ ਹਨ ਤੇ ਇਸ ਮਾਮਲੇ 'ਚ ਪੰਜਾਬ ਤੀਜੇ ਨੰਬਰ 'ਤੇ ਹੈ। ਕਾਂਗਰਸ ਸਰਕਾਰ ਇਕੋ ਵਾਰੀ ਇਨ੍ਹਾਂ ਕੀਮਤਾਂ ਨੂੰ 20 ਰੁਪਏ ਪ੍ਰਤੀ ਲੀਟਰ ਤੱਕ ਘਟਾ ਸਕਦੀ ਹੈ ਪਰ ਇਨ੍ਹਾਂ ਪੈਟਰੋਲੀਅਮ ਵਸਤਾਂ 'ਤੇ ਉਸ ਨੇ ਇਕ ਵੀ ਪੈਸਾ ਕੀਮਤ ਨਹੀਂ ਘਟਾਈ। 
ਮੱਖਣ ਬਰਾੜ ਨੇ ਕਿਹਾ ਕਿ 15 ਮਹੀਨਿਆਂ ਦੇ ਕਾਰਜਕਾਲ 'ਚ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਰਹੀ ਹੈ ਤੇ ਆਪਣੀ ਇਸ ਨਾਕਾਮੀ ਨੂੰ ਛੁਪਾਉਣ ਲਈ ਅਜਿਹੇ ਬੇਬੁਨਿਆਦ ਰੋਸ ਧਰਨੇ ਦੇ ਕੇ ਸੂਬੇ ਦੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ। ਇਸ ਮੌਕੇ ਨੰਬਰਦਾਰ ਨਛੱਤਰ ਸਿੰਘ ਢੋਲਣੀਆ ਜ਼ਿਲਾ ਪ੍ਰਧਾਨ ਬੀ. ਸੀ. ਵਿੰਗ ਅਕਾਲੀ ਦਲ ਪਾਰਟੀ, ਮਹਿੰਦਰ ਸਿੰਘ ਸਾਬਕਾ ਵਾਈਸ ਚੇਅਰਮੈਨ ਮਾਰਕਿਟ ਕਮੇਟੀ, ਦਿਲਭਾਗ ਸਿੰਘ ਢੋਲਣੀਆ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ, ਗੁਰਜੰਟ ਸਿੰਘ ਰਾਮੂੰਵਾਲਾ ਪੀ.ਏ. ਆਦਿ ਹਾਜ਼ਰ ਸਨ।


Related News