ਯੂ.ਕੇ. ''ਚ ਪਾਣੀ ਦੀ ਬੋਤਲ ਬਣੀ ਹਾਦਸੇ ਦਾ ਕਾਰਨ, ਜਾਣੋ ਪੂਰਾ ਮਾਮਲਾ

06/18/2018 12:17:22 PM

ਬ੍ਰਿਟੇਨ— ਅਕਸਰ ਤੇਜ਼ ਰਫਤਾਰ ਨੂੰ ਹੀ ਸੜਕ ਹਾਦਸਿਆਂ ਦਾ ਕਾਰਨ ਮੰਨਿਆ ਜਾਂਦਾ ਹੈ ਪਰ ਕੀ ਕਦੇ ਤੁਸੀਂ ਇਹ ਸੁਣਿਆ ਹੈ ਕਿ ਇਕ ਪਾਣੀ ਦੀ ਬੋਤਲ ਕਾਰਨ ਹਾਦਸਾ ਵਾਪਰਿਆ ਹੋਵੇ। ਇਹ ਸੁਣ ਕੇ ਤੁਸੀਂ ਹੁਣ ਹੈਰਾਨੀ ਵਿਚ ਪੈ ਗਏ ਹੋਵੋਗੇ ਅਤੇ ਤੁਸੀਂ ਸੋਚ ਰਹੇ ਹੋਵੋਗੇ ਕਿ ਇਨ੍ਹਾਂ ਦੋਵਾਂ ਦਾ ਇਕ-ਦੂਜੇ ਨਾਲ ਦੂਰ-ਦੂਰ ਤੱਕ ਲੈਣਾ ਨਹੀਂ ਹੈ ਪਰ ਇੰਗਲੈਂਡ ਦੇ ਸੁਸੈਕਸ ਵਿਚ ਵਾਪਰੇ ਸੜਕ ਹਾਦਸੇ ਵਿਚ ਬੋਤਲ ਨੂੰ ਹੀ ਕਸੂਰਵਾਰ ਠਹਿਰਾਇਆ ਗਿਆ।
ਜਾਣਕਾਰੀ ਮੁਤਾਬਕ ਇੱਥੇ ਇਕ ਔਰਤ ਕਾਰ ਵਿਚ ਜਾ ਰਹੀ ਸੀ। ਰਸਤੇ ਵਿਚ ਲੱਗੇ ਜਾਮ ਨੂੰ ਦੇਖ ਕੇ ਔਰਤ ਨੇ ਕਾਰ ਦੀ ਬਰੇਕ ਲਗਾਉਣੀ ਚਾਹੀ ਪਰ ਉਹ ਨਹੀਂ ਲੱਗੀ। ਇਹ ਸਭ ਦੇਖਦੇ ਹੋਏ ਔਰਤ ਨੇ ਸਮਝਦਾਰੀ ਦਿਖਾਈ ਅਤੇ ਕਾਰ ਨੂੰ ਨੇੜੇ ਸਥਿਤ ਪੈਟਰੋਲ ਪੰਪ ਵੱਲ ਤੇਜੀ ਨਾਲ ਮੋੜ ਦਿੱਤਾ, ਜਿੱਥੇ ਕਾਰ ਖੰਭਿਆਂ ਨਾਲ ਟਕਰਾ ਦੇ ਪਲਟ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਪੁੱਛਗਿੱਛ ਕੀਤੀ ਤਾਂ ਔਰਤ ਨੇ ਦੱਸਿਆ ਕਿ ਕਾਰ ਦੀ ਬਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਪਰ ਜਦੋਂ ਗੰਭੀਰਤਾ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕਾਰ ਦੀ ਬਰੇਕ ਬਿਲਕੁੱਲ ਸਹੀ ਹੈ। ਅਸਲ ਵਿਚ ਬਰੇਕ ਦੇ ਹੇਠਾਂ ਪਾਣੀ ਦੀ ਬੋਤਲ ਆ ਗਈ ਸੀ, ਜਿਸ ਕਾਰਨ ਬਰੇਕ ਨਹੀਂ ਲੱਗ ਰਹੀ ਸੀ ਅਤੇ ਇਹ ਹਾਦਸਾ ਵਾਪਰ ਗਿਆ। ਇਹ ਔਰਤ ਦੀ ਖੁਸ਼ਕਿਸਮਤੀ ਸੀ ਕਿ ਔਰਤ ਦੀ ਜਾਨ ਬੱਚ ਗਈ।
ਉਥੇ ਹੀ ਇਸ ਘਟਨਾ ਤੋਂ ਬਾਅਦ ਪੁਲਸ ਨੇ ਹੋਰ ਡਰਾਈਵਰਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ ਕਿ ਹਰ ਡਰਾਈਵਰ ਨੂੰ ਯਾਤਰਾ 'ਤੇ ਨਿਕਲਣ ਤੋਂ ਪਹਿਲਾਂ ਆਪਣੀ ਕਾਰ ਦੇ ਅੰਦਰ ਪਈ ਹਰ ਚੀਜ਼ ਨੂੰ ਦੇਖਣਾ ਚਾਹੀਦਾ ਹੈ ਕਿ ਉਹ ਆਪਣੀ ਸਹੀ ਜਗ੍ਹਾ 'ਤੇ ਹੈ ਜਾਂ ਨਹੀਂ। ਇਹ ਚਿਤਾਵਨੀ ਇਸ ਲਈ ਜਾਰੀ ਕੀਤੀ ਗਈ ਹੈ ਤਾਂ ਕਿ ਇਸ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ।


Related News