ਮੈਲਬੌਰਨ ''ਚ 10 ਸਾਲਾ ਲੜਕੀ ਨੇ ਚੋਰ ਨੂੰ ਦਿੱਤੀ ਮਾਤ, ਪੁਲਸ ਨੇ ਵੀ ਕੀਤੀ ਤਾਰੀਫ

06/18/2018 11:41:26 AM

ਮੈਲਬੌਰਨ (ਬਿਊਰੋ)— ਮੈਲਬੌਰਨ ਪੁਲਸ ਨੇ ਇਕ 10 ਸਾਲਾ ਲੜਕੀ ਦੀ ਬਹਾਦੁਰੀ ਦੀ ਪ੍ਰਸ਼ੰਸਾ ਕੀਤੀ ਹੈ। ਅਸਲ ਵਿਚ 10 ਸਾਲਾ ਕੇਟ ਲੁਓਂਗ ਨੇ ਘਰ ਵਿਚ ਦਾਖਲ ਹੋਏ ਚੋਰ ਦੇ ਮਨਸੂਬੇ 'ਤੇ ਪਾਣੀ ਫੇਰ ਦਿੱਤਾ ਸੀ। ਉਸ ਨੇ ਸਮਾਂ ਰਹਿੰਦੇ ਟ੍ਰਿਪਲ ਜ਼ੀਰੋ 'ਤੇ ਫੋਨ ਕਰ ਕੇ ਪੁਲਸ ਨੂੰ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਸੀ।
ਜਾਣਕਾਰੀ ਮੁਤਾਬਕ ਇਹ ਘਟਨਾ 31 ਮਈ ਦੀ ਹੈ। ਲੁਓਂਗ ਉਸ ਸ਼ਾਮ ਘਰ ਵਿਚ ਇਕੱਲੀ ਸੀ। ਉਸ ਦੇ ਮਾਤਾ-ਪਿਤਾ ਕਰਿਆਨੇ ਦਾ ਸਾਮਾਨ ਲੈਣ ਲਈ ਬਾਹਰ ਗਏ ਹੋਏ ਸਨ। ਉਨ੍ਹਾਂ ਦੇ ਜਾਣ ਤੋਂ ਥੋੜ੍ਹੀ ਦੇਰ ਮਗਰੋਂ ਹੀ ਕੇਟ ਨੇ ਘਰ ਦੇ ਪਿਛਲੇ ਹਿੱਸੇ ਵਿਚ ਹਲਚਲ ਮਹਿਸੂਸ ਕੀਤੀ। ਕੇਟ ਨੇ ਪਰਦੇ ਨੂੰ ਪਿੱਛੇ ਕਰਕੇ ਦੇਖਿਆ ਤਾਂ ਉਸ ਨੂੰ ਕਿਸੇ ਚੋਰ ਦੇ ਹੋਣ ਦਾ ਅਹਿਸਾਸ ਹੋਇਆ। ਉਸ ਨੇ ਤੁਰੰਤ ਦਰਵਾਜਾ ਬੰਦ ਕਰ ਦਿੱਤਾ ਅਤੇ ਫੋਨ ਸਮੇਤ ਖੁਦ ਨੂੰ ਅਲਮਾਰੀ ਵਿਚ ਬੰਦ ਕਰ ਲਿਆ। ਉੱਧਰ ਚੋਰ ਨੇ ਘਰ ਦੇ ਪਿਛਲੇ ਹਿੱਸੇ ਤੋਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਚੋਰ ਨੇ ਦਰਵਾਜੇ ਦੇ ਸ਼ੀਸ਼ੇ ਨੂੰ ਤੋੜਨ ਲਈ ਇੱਟ ਦੀ ਵਰਤੋਂ ਕੀਤੀ ਸੀ। ਕੇਟ ਨੇ ਹਿੰਮਤ ਤੋਂ ਕੰਮ ਲੈਂਦਿਆਂ ਪੁਲਸ ਨੂੰ ਫੋਨ ਲਗਾਇਆ ਤੇ ਕਿਹਾ,''ਕ੍ਰਿਪਾ ਕਰ ਕੇ ਜਲਦੀ ਆਓ। ਇਕ ਚੋਰ ਘਰ ਅੰਦਰ ਦਾਖਲ ਹੋ ਗਿਆ ਹੈ। ਉਸ ਨੇ ਦਰਵਾਜੇ ਦਾ ਸ਼ੀਸ਼ਾ ਤੋੜ ਦਿੱਤਾ ਹੈ। ਉਸ ਦੇ ਹੱਥ ਵਿਚ ਚਾਕੂ ਅਤੇ ਪੇਚਕਸ ਹੈ।'' ਕੇਟ ਨੇ ਪੁਲਸ ਨੂੰ ਦੱਸਿਆ ਕਿ ਉਹ ਘਰ ਵਿਚ ਇਕੱਲੀ ਹੈ ਅਤੇ ਉਸ ਨੇ ਖੁਦ ਨੂੰ ਅਲਮਾਰੀ ਵਿਚ ਬੰਦ ਕੀਤਾ ਹੋਇਆ ਹੈ। ਉਸ ਨੇ ਲਗਾਤਾਰ ਪੁਲਸ ਨਾਲ ਸੰਪਰਕ ਬਣਾਈ ਰੱਖਿਆ।

PunjabKesari
ਸੂਚਨਾ ਮਿਲਦੇ ਹੀ ਪੁਲਸ ਮਿੰਟਾਂ ਵਿਚ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਨੇ ਚੋਰ ਨੂੰ ਚਾਕੂ ਤੇ ਪੇਚਕਸ ਸਮੇਤ ਗ੍ਰਿਫਤਾਰ ਕਰ ਲਿਆ। ਕੇਟ ਦੇ ਵੱਡੇ ਭਰਾ ਮਾਈਕ (19) ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਨੂੰ ਪਤਾ ਸੀ ਕਿ ਇਸ ਸਥਿਤੀ ਵਿਚ ਕੀ ਕਰਨਾ ਚਾਹੀਦਾ ਹੈ। ਉਸ ਨੇ ਇਸ ਬਾਰੇ ਟੀ.ਵੀ. ਵਿਚ ਦੇਖਿਆ ਸੀ। ਮਾਈਕ ਨੇ ਆਪਣੀ ਛੋਟੀ ਭੈਣ ਦੀ ਤਾਰੀਫ ਕਰਦਿਆਂ ਕਿਹਾ,''ਉਸ ਨੇ ਜੋ ਕੀਤਾ ਬਹੁਤ ਵਧੀਆ ਕੀਤਾ। ਮੈਨੂੰ ਉਸ 'ਤੇ ਮਾਣ ਹੈ।'' ਮਾਈਕ ਨੇ ਦੱਸਿਆ ਕਿ ਇਸ ਘਟਨਾ ਮਗਰੋਂ ਕੇਟ ਹਾਲੇ ਵੀ ਡਰੀ ਹੋਈ ਹੈ ਅਤੇ ਘਰ ਵਿਚ ਇਕੱਲੇ ਰਹਿਣਾ ਪਸੰਦ ਨਹੀਂ ਕਰਦੀ। ਪੁਲਸ ਨੇ 46 ਸਾਲਾ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ਵਿਚ ਲੈ ਲਿਆ ਹੈ। ਉਸ ਨੁੰ ਇਸ ਮਹੀਨੇ ਦੇ ਅਖੀਰ ਵਿਚ ਡਾਂਡੇਨੋਂਗ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Related News