ਵੱਖ-ਵੱਖ ਗੁਰੂ ਘਰਾਂ ''ਚ ਸ਼ਰਧਾ ''ਤੇ ਉਤਸ਼ਾਹ ਨਾਲ ਮਨਾਇਆ ਗਿਆ ਸ਼ਹੀਦੀ ਪੂਰਬ

06/18/2018 9:05:21 AM

ਬੁਢਲਾਡਾ (ਮਨਜੀਤ)—ਇਸ ਖੇਤਰ ਦੇ ਗੁਰੂ ਘਰਾਂ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੂਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਥਾਨਕ ਗੁਰਦੁਆਰਾ ਸਿੰਘ ਸਭਾ (ਨਵੀਨ) ਵਿਖੇ ਸ਼੍ਰੀ ਆਖੰਡ ਪਾਠ ਦੇ ਭੋਗ ਉਪਰੰਤ ਦੁਪਹਿਰ ਤੱਕ ਸਜਾਏ ਕੀਰਤਨ ਦੀਵਾਨਾਂ 'ਚ ਪ੍ਰਸਿੱਧ ਕੀਰਤਨੀ ਜਥੇ ਭਾਈ ਅਮਰਜੀਤ ਸਿੰਘ ਮੁਕਤਸਰ ਸਾਹਿਬ ਵਾਲੇ, ਭਾਈ ਸੁਖਮੰਦਰ ਸਿੰਘ ਸ਼ਾਂਤ ਫਿਰੋਜਪੁਰ ਵਾਲੇ ਅਤੇ ਭਾਈ ਰਾਮ ਸਿੰਘ ਦੇ ਸਥਾਨਕ ਰਾਗੀ ਜਥੇ ਨੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਲਾਸਾਨੀ ਸ਼ਹੀਦੀ ਸਬੰਧੀ ਪ੍ਰਸੰਗ ਸੁਣਾਏ। ਇਸ ਮੌਕੇ ਗੁਰੂ ਘਰ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਕੋਹਲੀ, ਸੀਨੀਅਰ ਆਗੂ ਹਰਿੰਜਰ ਸਿੰਘ ਸਾਹਨੀ, ਦੀਵਾਨ ਸਿੰਙ ਗੁਲਿਆਣੀ ਨੇ ਰਾਗੀ ਜਥਿਆਂ ਨੂੰ ਸਨਮਾਨਿਤ ਕੀਤਾ। ਇਸੇ ਤਰ੍ਹਾਂ ਸਥਾਨਕ ਸ਼ਹਿਰ ਦੇ ਵਾਰਡ ਨੰਬਰ 3 ਦੇ ਗੁਰਦੁਆਰਾ ਭਾਈ ਮਾਨ ਸਿੰਘ ਵਿਖੇ 40 ਦਿਨਾਂ ਤੋਂ ਜਾਰੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਦੇ ਸੰਪੂਰਨ ਭੋਗ ਪਾਏ ਗਏ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਅਤਰ ਕੌਰ ਅਤੇ ਬੀਬੀ ਜੀਤ ਕੌਰ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਬੰਧੀ ਹਰ ਸਾਲ ਦੀ ਤਰ੍ਹਾਂ ਇਸ ਖੇਤਰ ਦੀਆਂ ਬੀਬੀਆਂ ਅਤੇ ਬੱਚਿਆਂ ਦੇ ਸਹਿਯੋਗ ਨਾਲ ਲਗਾਤਾਰ 40 ਦਿਨ ਸੰਗਤਾਂ ਦੇ ਸ਼ਰਧਾ ਪੂਰਵਕ ਪਾਠ ਕੀਤੇ ਹਨ ਅਤੇ ਅੱਜ ਸਮਾਪਤੀ ਮੌਕੇ ਸ਼ੁੱਧ ਗੁਰਬਾਣੀ ਪੜ੍ਹਨ ਵਾਲੇ 40 ਤੋਂ ਵਧ ਬੱਚਿਆਂ ਨੂੰ ਇਨਾਮ ਦਿੱਤੇ ਗਏ ਹਨ। ਇਸ ਮੌਕੇ ਜਸਵਿੰਦਰ ਕੌਰ, ਸਹਿਜਪ੍ਰੀਤ ਕੌਰ, ਮੁਸਕਾਨ, ਦਵਿੰਦਰ ਦੀਪ ਸਿੰਘ, ਮਨਪ੍ਰੀਤ ਸਿੰਘ, ਗੁਰਜੀਵਨ ਸਿੰਘ, ਏਕਮਪ੍ਰੀਤ ਸਿੰਘ ਆਦਿ ਮੌਜੂਦ ਸਨ।


Related News