ਡੁੱਬਦੀ ਬੇੜੀ ਲੱਗੀ ਪਾਰ

6/18/2018 8:52:34 AM

ਜਲੰਧਰ— ਇਕ ਸੰਤ ਬੇੜੀ ਵਿਚ ਸਵਾਰ ਹੋ ਕੇ ਗੰਗਾ ਪਾਰ ਕਰ ਰਿਹਾ ਸੀ। ਜਿਸ ਬੇੜੀ ਵਿਚ ਉਹ ਬੈਠਾ ਸੀ, ਉਸ ਦਾ ਮੱਲਾਹ ਨਸ਼ੇ ਵਿਚ ਟੱਲੀ ਸੀ। ਉਸ ਕੋਲੋਂ ਬੇੜੀ ਠੀਕ ਤਰ੍ਹਾਂ ਚਲਾਈ ਨਹੀਂ ਜਾ ਰਹੀ ਸੀ।  ਸੰਤ ਨੇ ਸਮਝਾਇਆ,''ਭਰਾ, ਨਸ਼ਾ ਕਰ ਕੇ ਬੇੜੀ ਨਹੀਂ ਚਲਾਉਣੀ ਚਾਹੀਦੀ। ਨਸ਼ਾ ਸਰੀਰ ਤੇ ਬੁੱਧੀ ਦੋਵਾਂ ਦਾ ਨਾਸ਼ ਕਰ ਦਿੰਦਾ ਹੈ। ਕਿਸੇ ਦਿਨ ਨਸ਼ੇ ਵਿਚ ਤੂੰ ਬੇੜੀ ਨੂੰ ਹੀ ਡੁਬੋ ਦੇਵੇਂਗਾ।''
ਮੱਲਾਹ ਮਾੜਾ ਆਦਮੀ ਸੀ। ਸੰਤ ਦੀ ਗੱਲ ਸੁਣ ਕੇ ਉਹ ਗੁੱਸੇ ਨਾਲ ਖਿੱਝ ਗਿਆ। ਉਸ ਨੇ ਸੰਤ ਦੀ ਬਾਂਹ ਫੜ ਲਈ ਅਤੇ ਬੋਲਿਆ,''ਬਾਬਾ, ਉਪਦੇਸ਼ ਨਾ ਦੇ, ਨਹੀਂ ਤਾਂ ਤੈਨੂੰ ਹੀ ਗੰਗਾ ਵਿਚ ਸੁੱਟ ਦੇਵਾਂਗਾ।'' ਉਸ ਨੇ ਸੰਤ ਦਾ ਖੂਬ ਅਪਮਾਨ ਕੀਤਾ। ਉਸੇ ਵੇਲੇ ਆਕਾਸ਼ਵਾਣੀ ਹੋਈ—ਸੰਤ ਦਾ ਅਪਮਾਨ ਹੋਇਆ ਹੈ। ਇਸ ਦੀ ਸਜ਼ਾ ਵਜੋਂ ਬੇੜੀ ਗੰਗਾ ਵਿਚ ਡੁੱਬਣ ਵਾਲੀ ਹੈ।
ਬੇੜੀ ਡੋਲਣ ਲੱਗੀ ਅਤੇ ਉਸ ਉੱਪਰ ਮੱਲਾਹ ਦਾ ਕੰਟਰੋਲ ਨਾ ਰਿਹਾ। ਸੰਤ ਨੇ ਇਕ ਪਲ ਗੁਆਏ ਬਿਨਾਂ ਰੱਬ ਅੱਗੇ ਪ੍ਰਾਰਥਨਾ ਕੀਤੀ,''ਰੱਬਾ! ਇਹ ਵਿਚਾਰਾ ਨਾਦਾਨ ਹੈ। ਨਸ਼ੇ ਦੀ ਹਾਲਤ ਵਿਚ ਇਹ ਆਪਣੀ ਬੁੱਧੀ ਤੇ ਸੰਜਮ ਗੁਆ ਚੁੱਕਾ ਹੈ। ਇਹ ਬੇੜੀ ਹੀ ਇਸ ਦੇ ਪਰਿਵਾਰ ਦੇ ਗੁਜ਼ਾਰੇ ਦਾ ਇਕੋ-ਇਕ ਸਾਧਨ ਹੈ। ਇਸ ਦੇ ਡੁੱਬਣ ਨਾਲ ਇਸ ਦੇ ਬਾਲ-ਬੱਚੇ ਭੁੱਖੇ ਮਰ ਜਾਣਗੇ। ਇਸ ਨੂੰ ਮੁਆਫ ਕਰ ਦੇ।'' ਮੁੜ ਆਕਾਸ਼ਵਾਣੀ ਹੋਈ—ਤਾਂ ਤੁਸੀਂ ਹੀ ਦੱਸੋ ਕਿ ਤੁਹਾਡੇ ਵਰਗੇ ਸੰਤ ਦਾ ਅਪਮਾਨ ਕਰਨ ਦੇ ਅਪਰਾਧ ਵਿਚ ਇਸ ਮੱਲਾਹ ਨੂੰ ਕੀ ਸਜ਼ਾ ਦਿੱਤੀ ਜਾਵੇ?''
ਸੰਤ ਬੋਲ ਪਏ,''ਰੱਬਾ, ਤੂੰ ਤਾਂ ਪੂਰਨ ਸਮਰੱਥ, ਦਇਆਵਾਨ ਤੇ ਹਰੇਕ ਜੀਵ ਦਾ ਕਲਿਆਣ ਕਰਨ ਵਾਲਾ ਏਂ। ਤੂੰ ਸਭ ਕੁਝ ਕਰ ਸਕਦਾ ਏਂ। ਕਿਉਂ ਨਾ ਇਸ ਦੇ ਦਿਲ ਵਿਚ ਗਿਆਨ ਦੀ ਰੌਸ਼ਨੀ ਭਰ ਦੇਈਏ, ਜਿਸ ਨਾਲ ਇਸ ਦੀ ਬੁੱਧੀ ਠੀਕ ਹੋ ਜਾਵੇ। ਇਹ ਨਸ਼ੇ ਤੇ ਗੁੱਸੇ ਦਾ ਤਿਆਗ ਕਰ ਕੇ ਚੰਗਾ ਇਨਸਾਨ ਬਣ ਜਾਵੇ।''
ਹੌਲੀ-ਹੌਲੀ ਬੇੜੀ ਆਪਣੀ ਪਹਿਲਾਂ ਵਾਲੀ ਸਥਿਤੀ ਵਿਚ ਆ ਗਈ। ਅਪਮਾਨਿਤ ਕਰਨ ਦੇ ਬਾਵਜੂਦ ਉਸ ਦਾ ਭਲਾ ਚਾਹੁਣ ਵਾਲੇ ਸੰਤ ਦੀ ਬਾਣੀ ਸੁਣ ਕੇ ਮੱਲਾਹ ਪਾਣੀ-ਪਾਣੀ ਹੋ ਗਿਆ। ਉਸ ਵੇਲੇ ਤਕ ਬੇੜੀ ਗੰਗਾ ਦੇ ਦੂਜੇ ਕੰਢੇ 'ਤੇ ਪਹੁੰਚ ਚੁੱਕੀ ਸੀ। ਮੱਲਾਹ ਨੇ ਗਲਤੀ ਲਈ ਸੰਤ ਤੋਂ ਮੁਆਫੀ ਮੰਗੀ ਅਤੇ ਮੁੜ ਅਜਿਹਾ ਨਾ ਕਰਨ ਦੀ ਸਹੁੰ ਖਾਧੀ।