ਮਾਂ-ਧੀ ਨੇ ਵਿਕਟ ਮਾਰ ਕੇ ਲੇਡੀ ਕਾਂਸਟੇਬਲ ਦਾ ਸਿਰ ਪਾੜਿਆ

06/18/2018 8:21:55 AM

ਧੂਰੀ (ਸੰਜੀਵ ਜੈਨ) – ਪਿੰਡ ਲੱਡਾ ਵਿਖੇ ਇਕ ਮਕਾਨ ਦੇ ਬਾਹਰ ਨਾਜਾਇਜ਼ ਢੰਗ ਨਾਲ ਉਸਾਰੇ ਰੈਂਪ ਨੂੰ ਢਾਹੁਣ ਗਏ ਪ੍ਰਸ਼ਾਸਨਿਕ ਅਤੇ ਪੁਲਸ ਕਰਮਚਾਰੀਆਂ ’ਤੇ ਘਰ ’ਚ ਰਹਿਣ ਵਾਲੀ ਮਾਂ-ਧੀ ਨੇ ਹਮਲਾ ਕਰ ਦਿੱਤਾ, ਜਿਸ  ਕਾਰਨ ਪੁਲਸ ਵੱਲੋਂ ਉਕਤ ਮਾਂ-ਧੀ ਖਿਲਾਫ ਮਾਮਲਾ ਦਰਜ ਕਰਨ ਤੋਂ ਨਾਰਾਜ਼ ਪਿੰਡ ਦੇ ਹੀ ਰਹਿਣ ਵਾਲੇ ਧੂਰੀ ਵਿਧਾਨ ਸਭਾ ਹਲਕੇ ਦੇ ਯੂਥ ਕਾਂਗਰਸ ਪ੍ਰਧਾਨ ਮਿੱਠੂ ਲੱਡਾ ਦੇਰ ਰਾਤ ਆਪਣੇ ਸਾਥੀਆਂ ਸਣੇ ਥਾਣਾ ਸਦਰ ਧੂਰੀ ਵਿਖੇ ਧਰਨੇ ’ਤੇ ਬੈਠ ਗਏ। ਪੁਲਸ ਨੇ ਜਿੱਥੇ ਧਰਨੇ ’ਤੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਹਲਕਾ ਲਾਠੀਚਾਰਜ ਕਰ ਕੇ ਖਦੇਡ਼ ਦਿੱਤਾ, ਉਥੇ ਹੀ ਮਿੱਠੂ ਲੱਡਾ ਨੂੰ ਥਾਣੇ ਅੰਦਰ ਲੈ ਗਏ, ਜਿਥੇ ਉਸ ਨੂੰ ਕੁਟਾਪਾ ਚਾੜ੍ਹਿਆ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਅਾਂ ਐੱਸ. ਐੱਚ. ਓ. ਦਾ ਤਬਾਦਲਾ ਕਰ ਦਿੱਤਾ ਹੈ।
  ਜਾਣਕਾਰੀ  ਅਨੁਸਾਰ ਲੰਘੇ ਦਿਨ ਐੱਸ. ਡੀ. ਐੱਮ. ਧੂਰੀ ਦੇ ਹੁਕਮਾਂ ’ਤੇ ਬਤੌਰ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਪੰਚਾਇਤ ਸਕੱਤਰ ਸੰਜੀਵ ਕੁਮਾਰ, ਪੰਚਾਇਤ ਅਫਸਰ ਬਲਾਕ ਧੂਰੀ ਓਮ ਪ੍ਰਕਾਸ਼, ਏ. ਈ. ਦਵਿੰਦਰ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਪੁਲਸ ਦੀ ਮਦਦ ਨਾਲ ਪਿੰਡ ਲੱਡਾ ਵਿਖੇ ਗਲੀ ਦੀ ਨਾਲੀ  ’ਤੇ ਨਾਜਾਇਜ਼ ਤਰੀਕੇ ਨਾਲ ਬਣੇ ਰੈਂਪ ਨੂੰ ਹਟਵਾਉਣ ਗਏ ਸਨ। ਜਦੋਂ ਰੈਂਪ ਨੂੰ ਜੇ. ਸੀ. ਬੀ. ਮਸ਼ੀਨ ਨਾਲ ਹਟਾਇਆ ਜਾ ਰਿਹਾ ਸੀ ਤਾਂ ਸਤਨਾਮ ਸਿੰਘ ਦੀ ਪਤਨੀ ਮਨਜੀਤ ਕੌਰ ਅਤੇ ਧੀ ਜਸ਼ਨਪ੍ਰੀਤ ਕੌਰ ਅਧਿਕਾਰੀਅਾਂ ਨੂੰ ਉੱਚੀ-ਉੱਚੀ ਬੋਲਣ ਲੱਗ ਪਈਅਾਂ, ਜਿਨ੍ਹਾਂ ਨੂੰ ਮਹਿਲਾ ਥਾਣੇਦਾਰ ਮਨਪ੍ਰੀਤ ਕੌਰ ਨੇ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ  ਪਰ ਤੈਸ਼ ’ਚ ਆਈ ਜਸ਼ਨਪ੍ਰੀਤ ਕੌਰ ਨੇ ਕ੍ਰਿਕਟ ਖੇਡਣ ਵਾਲੀ ਵਿਕਟ (ਸੋਟੀ) ਲੇਡੀ ਕਾਂਸਟੇਬਲ ਦੇ ਮੱਥੇ ’ਚ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਜਸ਼ਨਪ੍ਰੀਤ ਕੌਰ ਨੇ ਇਸ ਤੋਂ ਬਾਅਦ ਸੋਟੀ ਨਾਲ ਸ਼ੀਸ਼ਾ ਤੋਡ਼ ਕੇ ਸ਼ੀਸ਼ੇ ਨੂੰ ਹੱਥ ’ਚ ਫਡ਼ ਕੇ ਮੁਲਾਜ਼ਮਾਂ ਨੂੰ ਮਾਰਨ ਦੀਅਾਂ ਧਮਕੀਅਾਂ ਵੀ ਦਿੱਤੀਅਾਂ।  ਪੁਲਸ ਨੇ ਇਸ ’ਤੇ ਕਾਰਵਾਈ ਕਰਦਿਆਂ ਏ. ਈ. ਦਵਿੰਦਰ ਸਿੰਘ ਦੇ ਬਿਆਨਾਂ ’ਤੇ  ਮੁਕੱਦਮਾ ਦਰਜ ਕਰ ਕੇ ਉਕਤ ਮਾਂ-ਧੀ ਨੂੰ ਗ੍ਰਿਫਤਾਰ ਕਰ ਲਿਆ ਪਰ ਵਿਧਾਨ ਸਭਾ ਹਲਕਾ ਧੂਰੀ ਦੇ ਯੂਥ ਕਾਂਗਰਸ ਦੇ ਪ੍ਰਧਾਨ ਮਿੱਠੂ ਲੱਡਾ ਇਸ ਨੂੰ ਆਪਣੇ ਪਿੰਡ ਦਾ ਮਾਮਲਾ ਦੱਸਦੇ ਹੋਏ ਸਮਝੌਤਾ ਕਰਵਾਉਣਾ ਚਾਹੁੰਦੇ ਸਨ। ਮਾਮਲਾ ਦਰਜ ਹੋਣ ’ਤੇ ਭੜਕੇ ਮਿੱਠੂ ਲੱਡਾ ਵੱਲੋਂ ਐੱਸ. ਐੱਚ. ਓ. ਸਦਰ ਧੂਰੀ ਗੁਰਪ੍ਰਤਾਪ ਸਿੰਘ ਨਾਲ ਬਹਿਸ ਕਰਦੇ ਹੋਏ ਉਕਤ ਮਾਂ-ਧੀ ਨੂੰ ਤੁਰੰਤ ਛੱਡਣ ਦੀ ਮੰਗ ਕੀਤੀ ਗਈ।
 ਜਦੋਂ ਥਾਣਾ ਮੁਖੀ ਨੇ ਮਿੱਠੂ ਲੱਡਾ ਨੂੰ ਜਲਦੀ ਸਮਝੌਤਾ ਕਰਵਾਉਣ ਦਾ ਭਰੋਸਾ ਦਿੱਤਾ ਤਾਂ ਮਿੱਠੂ ਲੱਡਾ ਤੁਰੰਤ ਉਕਤ ਗੱਲ ਲਿਖਤੀ ਰੂਪ ਵਿਚ ਦੇਣ ਦੀ ਮੰਗ ’ਤੇ ਅਡ਼ ਗਏ, ਜਿਸ ਤੋਂ ਬਾਅਦ ਰਾਤ ਨੂੰ ਕਰੀਬ 9 ਵਜੇ ਮਿੱਠੂ ਲੱਡਾ ਨੇ ਆਪਣੇ ਹੋਰ ਸਮਰਥਕਾਂ ਸਣੇ  ਧਰਨਾ ਦਿੰਦੇ ਹੋਏ ਥਾਣੇ ਦਾ ਘਿਰਾਓ ਕਰ ਲਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਕਤ ਫਡ਼ੀ ਗਈ ਲਡ਼ਕੀ, ਜੋ ਕਿ ਨਾਬਾਲਗ ਹੈ, ਨੂੰ ਪੁਲਸ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ ’ਚ ਰੱਖਿਆ ਗਿਆ ਹੈ।
ਯੂਥ ਕਾਂਗਰਸੀ ਆਗੂ ਨੇ ਪੁਲਸ ਮੁਲਾਜ਼ਮਾਂ ’ਤੇ ਲਾਏ ਤਸ਼ੱਦਦ ਦੇ ਦੋਸ਼
  ਲਾਠੀਚਾਰਜ ਉਪਰੰਤ ਪੁਲਸ ਮਿੱਠੂ ਲੱਡਾ ਨੂੰ ਥਾਣੇ ਅੰਦਰ ਲੈ ਗਈ, ਜਿੱਥੇ ਕਿ ਉਸ ਦੀ  ਕੁੱਟ-ਮਾਰ ਕੀਤੀ।  ਮਿੱਠੂ ਲੱਡਾ ਨੇ ਐੱਸ. ਐੱਚ. ਓ. ਅਤੇ ਹੋਰ ਪੁਲਸ ਮੁਲਾਜ਼ਮਾਂ ’ਤੇ ਉਸ  ਨਾਲ ਕੁੱਟ-ਮਾਰ ਕਰਦੇ ਹੋਏ ਤਸ਼ੱਦਦ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਬੁਰੀ ਤਰ੍ਹਾਂ  ਕੁੱਟ-ਮਾਰ ਕਰਨ ਤੋਂ ਬਾਅਦ ਥਾਣੇ ’ਚ ਪੁੱਜੇ ਇਕ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਨੇ  ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਖੇ ਦਾਖਲ ਹੋਣ ਦੀ ਸੂਰਤ ਵਿਚ ਹੋਰ ਪਰਚੇ ਦਰਜ ਕਰਨ  ਦੀ ਧਮਕੀ ਦਿੱਤੀ। ਇਹੀ ਨਹੀਂ ਸਗੋਂ ਉਸ ਵੱਲੋਂ ਪਰਚੇ ਦਰਜ ਕਰ ਕੇ ਮੁਡ਼ ਇਸੇ ਤਰ੍ਹਾਂ  ਤਸ਼ੱਦਦ ਢਾਹੁਣ ਦੀ ਧਮਕੀ ਵੀ ਦਿੱਤੀ ਗਈ। ਉਨ੍ਹਾਂ ਆਪਣੇ ਨਾਲ ਹੋਈ ਕੁੱਟ-ਮਾਰ ਕਾਰਨ  ਸਰੀਰ  ’ਤੇ ਪਏ ਨਿਸ਼ਾਨ ਵਿਖਾਉਂਦੇ ਹੋਏ ਥਾਣਾ ਮੁਖੀ ਸਣੇ ਦੋਸ਼ੀ ਪੁਲਸ  ਮੁਲਾਜ਼ਮਾਂ ਨੂੰ ਸਸਪੈਂਡ  ਕਰਨ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ।   
ਮੁੱਖ ਮੰਤਰੀ ਨੇ ਕੀਤਾ ਐੱਸ. ਐੱਚ. ਓ. ਦਾ ਤਬਾਦਲਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਅੰਕਿਤ ਬਾਂਸਲ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਸ ਮਾਮਲੇ ਦਾ ਸਖਤ ਨੋਟਿਸ ਲੈਂਦਿਅਾਂ ਐੱਸ. ਐੱਚ. ਓ. ਗੁਰਪ੍ਰਤਾਪ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਬਿਠਾ ਦਿੱਤੀ ਹੈ।  ਉਨ੍ਹਾਂ ਕਿਹਾ ਕਿ ਕਿਸੇ ਨਾਲ ਵੀ ਪੁਲਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਜਲਦੀ ਹੀ ਐਕਸ਼ਨ ਲਿਆ ਜਾਵੇਗਾ : ਗੋਲਡੀ
 ਹਲਕਾ ਵਿਧਾਇਕ ਦਲਵੀਰ ਸਿਘ ਗੋਲਡੀ ਨੇ ਮਿੱਠੂ ਲੱਡਾ ਨਾਲ ਵਾਪਰੀ ਇਸ ਘਟਨਾ ਨੂੰ ਮੰਦਭਾਗੀ ਕਰਾਰ ਦਿੰਦਿਆਂ ਕਿਹਾ ਕਿ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਜਲਦੀ ਹੀ ਐਕਸ਼ਨ ਲਿਆ ਜਾਵੇਗਾ।
ਕਾਨੂੰਨ ਅਨੁਸਾਰ ਹੀ ਸਾਰੀ ਕਾਰਵਾਈ ਕੀਤੀ ਗਈ ਹੈ : ਐੱਸ. ਐੱਚ. ਓ.
 ਸਥਿਤੀ ਨੂੰ ਦੇਖਦੇ ਹੋਏ ਪੁਲਸ ਨੂੰ ਪ੍ਰਦਰਸ਼ਨਕਾਰੀਆਂ ਨੂੰ ਖਦੇਡ਼ਣ ਲਈ ਲਾਠੀਚਾਰਜ ਕਰਨਾ ਪਿਆ। ਇਸ ਸੰਬੰਧੀ ਐੱਸ. ਐੱਚ. ਓ. ਗੁਰਪ੍ਰਤਾਪ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਦਰਜ ਕੀਤੇ ਗਏ ਮਾਮਲੇ ’ਚ ਹਿਰਾਸਤ ’ਚ ਲਈ ਗਈ ਮਾਂ-ਧੀ ਨੂੰ ਛੁਡਵਾਉਣ ਲਈ ਮਿੱਠੂ ਲੱਡਾ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਸਥਿਤੀ ਨੂੰ ਕਾਬੂ ਤੋਂ ਬਾਹਰ ਹੁੰਦਿਆਂ ਦੇਖ ਪੁਲਸ ਨੂੰ ਹਲਕੇ ਬਲ ਦੀ ਵਰਤੋਂ ਕਰਨੀ ਪਈ। ਨਾਬਾਲਗ ਲਡ਼ਕੀ ਨੂੰ ਹਿਰਾਸਤ ’ਚ ਰੱਖਣ ਸੰਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਹੀ ਸਾਰੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।
ਹਲਕਾ ਇੰਚਾਰਜ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ
 ਮਿੱਠੂ ਲੱਡਾ ਦਾ ਹਾਲ ਜਾਣਨ ਲਈ ਪੁੱਜੇ ਯੂਥ ਕਾਂਗਰਸ ਦੇ ਲੋਕ ਸਭਾ ਹਲਕਾ ਇੰਚਾਰਜ ਬੰਨੀ ਖਹਿਰਾ ਨੇ ਕਿਹਾ ਕਿ ਅਸੀਂ ਇਲਾਜ ਲਈ ਮਿੱਠੂ ਲੱਡਾ ਨੂੰ ਹਸਪਤਾਲ ਵਿਖੇ ਦਾਖਲ ਕਰਵਾਉਣ ਜਾ ਰਹੇ ਹਾਂ। ਉਨ੍ਹਾਂ ਪ੍ਰਸ਼ਾਸਨ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਦੋਸ਼ੀ ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀਆਂ  ਖਿਲਾਫ ਮਮਲਾ ਦਰਜ ਨਾ ਕੀਤਾ ਗਿਆ ਤਾਂ ਉਹ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ।


Related News