ਕਮਾਊ ਪੁੱਤ ਹੋਣ ਦੇ ਬਾਵਜੂਦ ਬੱਸ ਸਟੈਂਡ ਬੁਨਿਆਦੀ ਸਹੂਲਤਾਂ ਤੋਂ ਵਾਂਝਾ

06/18/2018 8:22:56 AM

 ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – ਬੱਸ ਸਟੈਂਡ ਤੋਂ ਨਗਰ ਸੁਧਾਰ ਟਰੱਸਟ ਨੂੰ ਹਰ ਸਾਲ ਕਰੋਡ਼ਾਂ ਰੁਪਏ ਦੀ ਆਮਦਨ  ਹੁੰਦੀ ਹੈ ਪਰ ਨਗਰ ਸੁਧਾਰ ਟਰੱਸਟ ਵੱਲੋਂ ਬੱਸ ਸਟੈਂਡ ’ਚ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ, ਜਿਸ ਕਾਰਨ ਆਮ ਲੋਕਾਂ ’ਚ ਰੋਸ ਹੈ। ਇੰਨਾ ਹੀ ਨਹੀਂ ਅੱਜਕਲ ਪੈ ਰਹੀ ਅੰਤਾਂ ਗਰਮੀ ’ਚ ਨਗਰ ਸੁਧਾਰ ਟਰੱਸਟ ਨੇ ਬੱਸ ਸਟੈਂਡ ’ਚ ਪੀਣ ਲਈ ਠੰਡੇ ਪਾਣੀ ਦਾ ਵੀ ਕੋਈ ਪੁਖਤਾ ਪ੍ਰਬੰਧ ਨਹੀਂ  ਕੀਤਾ ।  ਉਪਰੋਂ  ਇਥੇ  ਪੱਖੇ ਵੀ ਬੰਦ   ਪਏ ਹਨ।
ਸੀ. ਸੀ. ਟੀ. ਵੀ. ਕੈਮਰੇ ਖਰਾਬ
 ਬੱਸ ਸਟੈਂਡ ਸ਼ਹਿਰ ਦੀ ਸੰਵੇਦਨਸ਼ੀਲ ਜਗ੍ਹਾ ਹੈ, ਜਿੱਥੋਂ ਦੀ ਹਰ ਰੋਜ਼ ਕਰੀਬ 600 ਬੱਸਾਂ ਦੇ ਰੂਟ ਹੋਰ ਸ਼ਹਿਰਾਂ ਲਈ ਨਿਕਲਦੇ ਹਨ। ਹਰ ਰੋਜ਼ 35 ਹਜ਼ਾਰ ਦੇ ਕਰੀਬ ਸਵਾਰੀਆਂ ਇਥੇ ਆਉਂਦੀਆਂ ਹਨ। ਹਰ ਰੋਜ਼ ਇਥੇ ਆਉਂਦੇ ਹਜ਼ਾਰਾਂ ਲੋਕਾਂ ਦੀ ਸੁਰੱਖਿਆ ਲਈ ਬੱਸ ਸਟੈਂਡ ਪੁਲਸ ਚੌਕੀ ’ਚ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਸਨ,  ਜੋ  ਕਿ   ਕਰੀਬ 3 ਸਾਲਾਂ ਤੋਂ ਖ਼ਰਾਬ ਪਏ ਹਨ, ਜਿਸ ਕਾਰਨ ਅਣਸੁਖਾਵੀਂ ਘਟਨਾ ਹੋਣ ’ਤੇ ਪੁਲਸ ਨੂੰ ਅਪਰਾਧੀਆਂ ਤੱਕ ਪੁੱਜਣ  ’ਚ  ਦੁੱਗਣੀ   ਮੁਸ਼ੱਕਤ  ਕਰਨੀ  ਪਵੇਗੀ।
ਪਾਰਕ ’ਚ ਫੈਲੀ  ਗੰਦਗੀ
 ਬੱਸ ਸਟੈਂਡ ਤੋਂ ਨਗਰ ਸੁਧਾਰ ਟਰੱਸਟ ਨੂੰ ਹਰ ਸਾਲ 1 ਕਰੋਡ਼ ਰੁਪਏ ਤੋਂ ਵੀ ਜ਼ਿਆਦਾ ਆਮਦਨ ਹੁੰਦੀ ਹੈ। ਕਰੀਬ 57 ਲੱਖ ਰੁਪਏ ’ਤੇ ਬੱਸ ਸਟੈਂਡ ਦੀ ਕੰਟੀਨ ਠੇਕੇ ’ਤੇ ਚਡ਼੍ਹੀ ਹੋਈ ਹੈ। ਬੱਸਾਂ ਦੀ ਆਵਾਜਾਈ ਨਾਲ ਹਰ ਰੋਜ਼ ਨਗਰ ਸੁਧਾਰ ਟਰੱਸਟ ਨੂੰ ਕਰੀਬ 16000 ਰੁਪਏ ਦੀ ਆਮਦਨ ਹੁੰਦੀ ਹੈ। ਕਰੋਡ਼ਾਂ ਰੁਪਏ ਦੀ ਆਮਦਨ ਹੋਣ ਦੇ ਬਾਵਜੂੁਦ ਬੱਸ ਸਟੈਂਡ ਦੇ ਪਾਰਕ ਦਾ ਬੁਰਾ ਹਾਲ ਹੈ। ਪਾਰਕ ’ਚ ਚਾਰੇ ਪਾਸੇ ਗੰਦਗੀ ਫੈਲੀ ਹੋਈ ਹੈ। ਪਾਰਕ ’ਚ ਜਿਥੇ 3-3 ਫੁੱਟ ਕਾਂਗਰਸੀ ਘਾਹ ਖਡ਼੍ਹਾ ਹੈ,  ਉਥੇ   ਬੇਸਹਾਰਾ  ਪਸ਼ੂ  ਘੁੰਮਦੇ  ਰਹਿੰਦੇ ਹਨ। ਜਦੋਂਕਿ ਪਾਰਕ ਦਾ ਨਿਰਮਾਣ ਯਾਤਰੀਆਂ ਦੇ ਆਰਾਮ ਕਰਨ ਲਈ ਕੀਤਾ ਗਿਆ ਸੀ।
ਮੁਸਾਫਰਾਂ  ਦੇ ਬੈਠਣ ਲਈ ਨਹੀਂ ਕੋਈ ਢੁੱਕਵੀਂ ਥਾਂ
 ਬਜ਼ੁਰਗ ਅੌਰਤ ਹਰਪ੍ਰੀਤ ਕੌਰ ਨੇ ਦੱਸਿਆ ਕਿ ਬੱਸ ਸਟੈਂਡ ’ਚ ਮੁਸਾਫਰਾਂ ਦੇ ਬੈਠਣ ਲਈ ਢੁੱਕਵੀਂ ਜਗ੍ਹਾ ਨਹੀਂ ਹੈ। ਯਾਤਰੀਆਂ ਦੇ ਬੈਠਣ ਲਈ ਬੈਂਚਾਂ ਦੀ ਭਾਰੀ ਕਮੀ ਹੈ। ਗਰਮੀ ’ਚ ਜਗ੍ਹਾ ਨਾ ਹੋਣ ਕਾਰਨ ਮੈਂ  ਜ਼ਮੀਨ ’ਤੇ ਬੈਠਣ ਲਈ ਮਜਬੂਰ ਹਾਂ। ਪ੍ਰਸ਼ਾਸਨ ਨੂੰ ਯਾਤਰੀਆਂ ਦੇ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਮੁਸਾਫਰਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪੱਖੇ ਬੰਦ ਹੋਣ ਕਾਰਨ  ਯਾਤਰੀ ਪ੍ਰੇਸ਼ਾਨ
 ਬੱਸ ਸਟੈਂਡ ’ਚ ਗੱਲਬਾਤ ਕਰਦਿਆਂ  ਮੁਸਾਫਰ ਪੁਸ਼ਪਿੰਦਰ ਕੌਰ ਵਾਸੀ ਮਾਣੂਕੇ ਨੇ ਕਿਹਾ ਕਿ ਮੈਂ ਬਰਨਾਲਾ ਕਿਸੇ ਕੰਮ ਲਈ ਆਪਣੇ ਬੱਚਿਆਂ ਸਣੇ ਆਈ ਸੀ। ਹੁਣ ਮੈਂ ਮੂਨਕ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਹਾਂ। ਬੱਸ ਕਰੀਬ ਅੱਧੇ ਘੰਟੇ ਬਾਅਦ ਆਵੇਗੀ। ਬੱਸ ਸਟੈਂਡ ਦੇ ਪੱਖੇ ਬੰਦ ਪਏ ਹਨ। ਪੱਖੇ ਬੰਦ ਹੋਣ ਕਾਰਨ ਮੈਨੂੰ ਅਤੇ ਮੇਰੇ ਬੱਚਿਆਂ ਨੂੰ ਘਬਰਾਹਟ ਹੋ ਰਹੀ ਹੈ। ਪ੍ਰਸ਼ਾਸਨ ਨੂੰ ਪਹਿਲ ਦੇ ਆਧਾਰ ’ਤੇ ਪੱਖੇ ਚਲਾਉਣੇ ਚਾਹੀਦੇ ਹਨ। ਜਦੋਂਕਿ ਕੰਟੀਨ ਦੇ ਪੱਖੇ ਚੱਲ ਰਹੇ ਹਨ, ਇਹ ਹੈਰਾਨੀ ਦੀ ਗੱਲ ਹੈ।


Related News