ਛੱਪੜ ਓਵਰਫਲੋਅ ਹੋਣ ਕਾਰਨ ਘਰਾਂ ਤੇ ਗਲੀਆਂ ’ਚੋਂ ਪਾਣੀ ਕੱਢਦੇ ਰਹੇ ਲੋਕ

06/18/2018 8:13:26 AM

ਮੋਗਾ (ਗੋਪੀ ਰਾਊਕੇ) - ਬੀਤੀ ਰਾਤ ਪਏ ਭਾਰੀ ਮੀਂਹ  ਕਾਰਨ ਜਿੱਥੇ ਸ਼ਹਿਰ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ, ਉਥੇ  ਹੀ ਦੂਜੇ ਪਾਸੇ ਇਹ ਮੀਂਹ ਜ਼ਿਲੇ ਦੇ ਬਲਾਕ ਮੋਗਾ-2 ’ਚ ਪਿੰਡ ਸਾਫੂਵਾਲਾ ਦੇ ਲੋਕਾਂ ਲਈ  ਮੁਸ਼ਕਲਾਂ ਬਣ ਕੇ ਆਇਆ। ਪਿੰਡ ਸਾਫੂਵਾਲਾ ’ਚ ਪਾਣੀ ਦੀ ਨਿਕਾਸੀ ਦਾ ਕੋਈ ਠੋਸ ਪ੍ਰਬੰਧ ਨਾ ਹੋਣ ਕਾਰਨ ਮੀਂਹ ਉਪਰੰਤ ਓਵਰਫਲੋਅ ਹੋਏ ਛੱਪਡ਼ ਨੇ ਮੌਜੂਦਾ ਸਰਕਾਰ ਦੇ ਜਨਤਾ ਪ੍ਰਤੀ ਕੀਤੇ ਜਾਂਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ  ਹੈ। ਛੱਪਡ਼ ਨੇਡ਼ੇ ਦਲਿਤ ਇਲਾਕੇ ’ਚ ਫੈਲੀ ਗੰਦਗੀ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਨੂੰ ਵੀ ਸ਼ਰੇਆਮ ਮੂੰਹ ਚਿਡ਼ਾ ਰਹੀ ਹੈ।  ਜ਼ਿਕਰਯੋਗ ਹੈ ਕਿ ਓਵਰਫਲੋਅ ਹੋਏ ਇਸ ਛੱਪਡ਼ ਕਾਰਨ ਆਸੇ-ਪਾਸੇ ਦੇ ਦਲਿਤ ਵਰਗ ਦੇ ਘਰਾਂ ਦੇ ਨਾਲ-ਨਾਲ ਸਰਕਾਰੀ ਆਰ. ਓ. ਪਲਾਂਟ, ਸਰਕਾਰੀ ਪ੍ਰਾਇਮਰੀ ਸਕੂਲ, ਸਟੇਡੀਅਮ ਆਦਿ ਵੀ ਮੌਜੂਦ ਹੈ।
ਮੌਜੂਦਾ ਸਰਪੰਚ ਨੇ ਨਹੀਂ ਚੁੱਕਿਆ ਫੋਨ
 ਜਦੋਂ ‘ਜਗ ਬਾਣੀ’ ਪੱਤਰਕਾਰ ਵੱਲੋਂ ਪਿੰਡ ਦੀ ਮੌਜੂਦਾ ਸਰਪੰਚ ਮੁਖਤਿਆਰ ਕੌਰ ਅਤੇ ਉਨ੍ਹਾਂ ਦੇ ਪਤੀ ਮੱਖਣ ਸਿੰਘ ਦਾ ਪੱਖ ਜਾਣਨ ਲਈ ਵਾਰ-ਵਾਰ ਫੋਨ ਲਾਇਆ  ਗਿਆ ਤਾਂ ਉਨ੍ਹਾਂ ਫੋਨ  ਨਹੀਂ ਚੁੱਕਿਆ। ਖਬਰ ਲਿਖੇ ਜਾਣ ਤੱਕ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।
 ਗੁੱਸਾਏ ਲੋਕਾਂ ਨੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
 ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਗੰਦਾ ਪਾਣੀ ਆਸੇ-ਪਾਸੇ ਦੀਆਂ ਗਲੀਆਂ ’ਚ ਆ ਗਿਆ ਅਤੇ ਲੋਕਾਂ ਦੇ ਘਰਾਂ ’ਚ ਦਾਖਲ ਹੋ ਗਿਆ,  ਜਿਸ  ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਪੇਸ਼ ਆਈ  ਤੇ ਗੁੱਸਾਏ ਲੋਕਾਂ ਵੱਲੋਂ ਘਰਾਂ ਤੋਂ ਬਾਹਰ ਆ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਛੱਪਡ਼ ਦੀ ਜ਼ਮੀਨ ’ਤੇ ਕਈ ਲੋਕਾਂ ਵੱਲੋਂ ਕਥਿਤ ਤੌਰ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਅਤੇ ਪਿਛਲੇ ਪਾਸੇ ਪੱਕੀਆਂ ਕੰਧਾਂ ਕੱਢ ਰੱਖੀਆਂ ਹਨ, ਜਿਸ ਕਾਰਨ ਛੱਪਡ਼ ਦਾ ਆਕਾਰ ਛੋਟਾ ਹੁੰਦਾ ਜਾ ਰਿਹਾ ਹੈ ਅਤੇ ਥੋਡ਼੍ਹਾ ਜਿਹਾ ਮੀਂਹ ਪੈਣ ਕਾਰਨ ਛੱਪਡ਼ ਓਵਰਫਲੋਅ ਹੋ ਜਾਂਦਾ ਹੈ। ਲੋਕਾਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਅਤੇ ਸਰਕਾਰ ਦੇ ਧਿਆਨ ’ਚ ਲਿਆ ਚੁੱਕੇ ਹਨ ਪਰ ਕਿਸੇ ਸਿਆਸੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਗੰਭੀਰ ਸਮੱਸਿਆ ਦਾ ਪੱਕਾ ਹੱਲ ਕੱਢਣ ਦਾ ਕੋਈ ਉਪਰਾਲਾ ਨਹੀਂ ਕੀਤਾ।

 


Related News