ਵਿਦੇਸ਼ ਭੇਜਣ ਦੇ ਨਾਂ ''ਤੇ ਮਾਰੀ 14 ਲੱਖ ਦੀ ਠੱਗੀ, ਮਾਮਲਾ ਦਰਜ

06/18/2018 8:18:59 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਇਕ ਵਿਅਕਤੀ ਨੂੰ ਵਰਕ ਪਰਮਿਟ 'ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 14 ਲੱਖ ਰੁਪਏ ਦੀ ਠੱਗੀ ਮਾਰਨ 'ਤੇ ਪਤੀ-ਪਤਨੀ ਵਿਰੁੱਧ ਥਾਣਾ ਸਿਟੀ-1 ਬਰਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਮੁਦਈ ਜਸਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਧੂਰਕੋਟ ਤਹਿ. ਅਤੇ ਜ਼ਿਲਾ ਬਰਨਾਲਾ ਨੇ ਪੁਲਸ ਨੂੰ ਇਕ ਦਰਖਾਸਤ ਦਿੱਤੀ ਕਿ ਅਮਰਜੀਤ ਸਿੰਘ ਪੁੱਤਰ ਸ਼ੀਤਲ ਸਿੰਘ ਵਾਸੀ ਨਾਥਵਾਣਾ ਬੱਬਰਾਂ ਦੇ ਕੋਠੇ ਰਾਮਗੜ੍ਹੀਆ ਰੋਡ ਬਰਨਾਲਾ ਜੋ ਕਿ ਆਪਣੇ ਸਹੁਰੇ ਘਰ ਰਹਿ ਰਿਹਾ ਹੈ ਨੂੰ ਮੇਰੇ ਭਰਾ ਅੰਮ੍ਰਿਤ ਸਿੰਘ ਨੂੰ ਵਰਕ ਪਰਮਿਟ 'ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 16 ਲੱਖ ਰੁਪਏ ਦੀ ਮੰਗ ਦੀ ਕੀਤੀ। ਸਾਡੀ ਗੱਲ ਉਕਤ ਨਾਲ 14 ਲੱਖ ਰੁਪਏ 'ਚ ਤੈਅ ਹੋ ਗਈ ਜਿਸ ਦੀਆਂ ਗੱਲਾਂ 'ਚ ਆ ਕੇ ਅਸੀਂ ਅਮਰਜੀਤ ਸਿੰਘ ਨੂੰ 4 ਲੱਖ ਰੁਪਏ ਦੇ ਦਿੱਤੇ ਅਤੇ ਉਸ ਨੇ ਮੇਰੇ ਭਰਾ ਨੂੰ 13 ਅਕਤੂਬਰ 2016 ਨੂੰ ਦੁਬਈ ਭੇਜ ਦਿੱਤਾ ਅਤੇ ਬਾਕੀ ਰਹਿੰਦੇ 10 ਲੱਖ ਰੁਪਏ ਦੀ ਮੰਗ ਕੀਤੀ ਕਿ ਉਸ ਨੂੰ ਦੁਬਈ ਤੋਂ ਕੈਨੇਡਾ ਭੇਜਣਾ ਹੈ। 
ਅਸੀਂ 20 ਅਕਤੂਬਰ 2016 ਨੂੰ ਬਾਕੀ 10 ਲੱਖ ਰੁਪਏ ਦੀ ਰਕਮ ਅਮਰਜੀਤ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਨੂੰ ਦੇ ਦਿੱਤੀ। ਅਮਰਜੀਤ ਸਿੰਘ ਨੇ ਮੇਰੇ ਭਰਾ ਨੂੰ ਨਕਲੀ ਸਿੰਘਾਪੁਰ ਦਾ ਪਾਸਪੋਰਟ ਦੇ ਦਿੱਤਾ ਅਤੇ ਬਾਅਦ 'ਚ 12 ਨਵੰਬਰ 2016 ਨੂੰ ਮੇਰਾ ਭਰਾ ਘਰ ਵਾਪਸ ਆ ਗਿਆ। ਜਦੋਂ ਅਸੀਂ ਇਸ ਸਬੰਧੀ ਅਮਰਜੀਤ ਸਿੰਘ ਕੋਲ ਗਏ ਤਾਂ ਉਹ ਸਾਨੂੰ ਘਰ ਨਹੀਂ ਮਿਲਿਆ ਜਿੱਥੇ ਉਸ ਦੀ ਘਰਵਾਲੀ ਮਨਪ੍ਰੀਤ ਕੌਰ ਨੇ ਕਿਹਾ ਕਿ ਅਸੀਂ ਤੁਹਾਡੇ ਪੈਸੇ ਵਾਪਸ ਕਰ ਦਿਆਂਗੇ। ਇਸ ਤਰ੍ਹਾਂ ਉਕਤ ਪਤੀ-ਪਤਨੀ ਨੇ ਨਾ ਤਾਂ ਮੇਰੇ ਭਰਾ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਨੇ ਦਰਖਾਸਤ ਦੀ ਪੜਤਾਲ ਕਰਨ ਉਪਰੰਤ ਦੋਸ਼ੀਆਂ ਵਿਰੁੱਧ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਈਆਂ ਨਾਲ ਠੱਗੀ ਮਾਰਨ 'ਤੇ ਪਤੀ ਪਤਨੀ ਵਿਰੁੱਧ ਪਹਿਲਾਂ ਵੀ ਕੇਸ ਦਰਜ ਹਨ।


Related News