ਲਡ਼ਕੀ ਨਾਲ ਛੇੜਖਾਨੀ ਦੇ ਦੋਸ਼ਾਂ ਤੋਂ ਪ੍ਰੇਸ਼ਾਨ ਲਡ਼ਕੇ ਨੇ ਲਿਆ ਫਾਹ

06/18/2018 8:20:42 AM

 ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) –  ਲਡ਼ਕੀ ਨੂੰ ਛੱਡਣ ਦੇ ਝੂਠੇ ਦੋਸ਼ਾਂ ਤੋਂ ਤੰਗ ਆ ਕੇ ਇਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ’ਤੇ 3 ਅੌਰਤਾਂ ਸਣੇ  7 ਵਿਅਕਤੀਆਂ ਵਿਰੁੱਧ ਥਾਣਾ ਲਹਿਰਾ ’ਚ ਕੇਸ ਦਰਜ ਕੀਤਾ ਗਿਆ ਹੈ।  ਸਹਾਇਕ ਥਾਣੇਦਾਰ ਪ੍ਰਸ਼ੋਤਮ ਰਾਮ ਨੇ ਦੱਸਿਆ ਕਿ ਹਰਦੇਵ ਸਿੰਘ ਪੁੱਤਰ ਗਿੰਦ ਸਿੰਘ ਵਾਸੀ ਲਹਿਲ ਕਲਾਂ ਥਾਣਾ ਲਹਿਰਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੇ ਲਡ਼ਕੇ ਗੁਲਜ਼ਾਰ ਸਿੰਘ ਦਾ ਵਿਆਹ ਕਰੀਬ 11 ਸਾਲ ਪਹਿਲਾਂ ਮਨਪ੍ਰੀਤ ਕੌਰ ਪੁੱਤਰੀ ਗੁਰਦਿਆਲ ਸਿੰਘ ਵਾਸੀ ਰਤੀਆ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਇਕ ਪੁੱਤਰ ਵੀ ਹੈ।
ਉਨ੍ਹਾਂ ਦੇ ਗੁਆਂਢ ’ਚ ਰਹਿੰਦੇ ਬਰਖਾ ਸਿੰਘ ਅਤੇ ਗੈਬਾ ਸਿੰਘ ਪੁੱਤਰ ਹਰਨਾਮ ਸਿੰਘ, ਹਰਜੀਤ ਕੌਰ ਪਤਨੀ ਗੈਬਾ ਸਿੰਘ, ਪਰਨੀਤ ਕੌਰ ਪੁੱਤਰੀ ਗੈਬਾ ਸਿੰਘ, ਗੁੱਡੂ ਸਿੰਘ ਪੁੱਤਰ ਗੁਰਚਰਨ ਸਿੰਘ, ਗੋਦਾ ਸਿੰਘ ਪੁੱਤਰ ਅਮਰ ਸਿੰਘ ਅਤੇ ਕੈਲੋ ਪਤਨੀ ਗੋਦਾ ਸਿੰਘ ਵਾਸੀ ਲਹਿਲ ਕਲਾਂ ਹਮੇਸ਼ਾ  ਉਸ ਦੇ ਲਡ਼ਕੇ ’ਤੇ ਉਨ੍ਹਾਂ ਦੀ ਲਡ਼ਕੀ ਨਾਲ ਛੇਡ਼ਖਾਨੀ ਕਰਨ ਦੇ ਦੋਸ਼ ਲਾਉਂਦੇ ਰਹਿੰਦੇ ਸਨ। ਪਹਿਲਾਂ ਵੀ ਤਿੰਨ-ਚਾਰ ਵਾਰ ਪੰਚਾਇਤੀ ਤੌਰ ’ਤੇ ਜ਼ੁਬਾਨੀ ਤੌਰ ’ਤੇ ਸਮਝੌਤਾ ਹੋਇਆ ਸੀ  ਅਤੇ  ਉਹ ਪੰਚਾਇਤ ’ਚ ਤਸੱਲੀ ਕਰਵਾਉਂਦੇ ਰਹੇ ਪਰ  ਮੁਲਜ਼ਮ  ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ। 15 ਜੂਨ ਨੂੰ ਸਵੇਰੇ ਵੀ ਉਕਤ ਮੁਲਜ਼ਮਾਂ ਨੇ ਉਸਦੇ ਲਡ਼ਕੇ ’ਤੇ ਫਿਰ ਉਨ੍ਹਾਂ ਦੀ ਲਡ਼ਕੀ ਨਾਲ ਛੇਡ਼ਖਾਨੀ ਕਰਨ ਦਾ ਝੂਠਾ ਦੋਸ਼ ਲਾ ਦਿੱਤਾ, ਜਿਸ ਕਾਰਨ ਉਨ੍ਹਾਂ ਦਾ ਲਡ਼ਕਾ ਗੁਲਜ਼ਾਰ ਸਿੰਘ ਪੂਰਾ ਦਿਨ ਕਾਫੀ ਪ੍ਰੇਸ਼ਾਨ ਰਿਹਾ ਅਤੇ ਉਸੇ ਸ਼ਾਮ ਉਸ ਨੂੰ ਪਤਾ ਲੱਗਾ ਕਿ ਉਸ ਦੇ ਲਡ਼ਕੇ ਨੇ ਆਪਣੇ ਮਕਾਨ ’ਚ ਛੱਤ ਵਾਲੇ ਪੱਖੇ ਨਾਲ ਫਾਹ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।


Related News