33 ਗਊਸ਼ਾਲਾਵਾਂ ਹੋਣ ਦੇ ਬਾਵਜੂਦ ਲੋਕਾਂ ਨੂੰ ਨਹੀਂ ਮਿਲ ਰਹੀ ਸਮੱਸਿਆ ਤੋਂ ਨਿਜਾਤ

06/18/2018 8:11:05 AM

 ਮੋਗਾ (ਸੰਦੀਪ ਸ਼ਰਮਾ) - ਜ਼ਿਲੇ ’ਚ 33 ਗਊਸ਼ਾਲਾਵਾਂ ਹੋਣ ਦੇ ਬਾਵਜੂਦ ਲੋਕਾਂ ਲਈ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ ਸਮੇਤ ਆਸ-ਪਾਸ ਦੇ ਸਾਰੇ ਹਾਈਵੇਜ਼ ’ਤੇ ਜਿੱਥੇ ਸੈੈਂਕਡ਼ੇ ਪਸ਼ੂ 24 ਘੰਟੇ ਘੁੰਮਦੇ ਦੇਖੇ ਜਾ ਸਕਦੇ ਹਨ, ਉਥੇ ਇਹ ਰੋਜ਼ਾਨਾ ਕਈ  ਸਡ਼ਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਹਾਲਾਤ ਦੇ ਬਾਵਜੂਦ  ਪ੍ਰਸ਼ਾਸਨ ਜ਼ਿਲਾ ਨਿਵਾਸੀਆਂ ਦੀ ਇਸ ਸਮੱਸਿਆ ਪ੍ਰਤੀ ਗੰਭੀਰ ਨਹੀਂ ਦਿਖ ਰਿਹਾ ਹੈ। ਬੇਸ਼ੱਕ ਜ਼ਿਲਾ ਪ੍ਰਸ਼ਾਸਨ ਵੱਲੋਂ ਪਿੰਡ ਕਿਸ਼ਨਪੁਰਾ ’ਚ ਸਰਕਾਰੀ ਗਊਸ਼ਾਲਾ ਸਥਾਪਿਤ ਕੀਤੀ ਗਈ ਹੈ ਪਰ ਇਹ ਵੀ ਸਹੂਲਤਾਂ ਦੀ ਭਾਰੀ ਘਾਟ ਦਾ ਸ਼ਿਕਾਰ ਹੈ, ਜਿਸ ਕਾਰਨ ਲਾਵਾਰਿਸ਼ ਪਸ਼ੂਆਂ ਨੂੰ ਸੰਭਾਲਣ ਦੀ ਜ਼ਿਆਦਾਤਰ ਜ਼ਿੰਮੇਵਾਰੀ ਪ੍ਰਾਈਵੇਟ ਗਊਸ਼ਾਲਾਵਾਂ ਵੱਲੋਂ ਨਿਭਾਈ ਜਾ ਰਹੀ ਹੈ।
ਕਿਸਾਨਾਂ ਲਈ ਵੀ ਸਿਰਦਰਦੀ ਬਣੇ ਲਾਵਾਰਿਸ ਪਸ਼ੂ
 ਕਿਸਾਨਾਂ ਲਈ ਵੀ ਲਾਵਾਰਿਸ ਪਸ਼ੂ ਸਿਰਦਰਦੀ ਬਣੇ ਹੋਏ ਹਨ ਕਿਉਂਕਿ ਇਹ ਪਸ਼ੂ ਫਸਲਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਕਿਸਾਨਾਂ ਨੂੰ ਇਨ੍ਹਾਂ ਪਸ਼ੂਆਂ ਤੋਂ ਆਪਣੀ ਫਸਲ  ਨੂੰ ਬਚਾਉਣ ਲਈ ਸਾਰੀ ਰਾਤ  ਰਖਵਾਲੀ ਕਰਨੀ ਪੈਂਦੀ ਹੈ। ਇਸ ਸਮੱਸਿਆ ਸਬੰਧੀ ਗੱਲਬਾਤ ਕਰਦੇ ਹੋਏ ਪਿੰਡ ਸਿੰਘਾਂਵਾਲਾ ਦੇ ਕਿਸਾਨਾਂ ਅਮਰੀਕ ਸਿੰਘ, ਗੁਰਚਰਨ ਸਿੰਘ, ਤੀਰਥ ਸਿੰਘ ਅਤੇ ਪਿੰਡ ਚੰਦ ਨਵਾਂ ਦੇ ਕਿਸਾਨਾਂ ਕੰਵਲਜੀਤ ਸਿੰਘ, ਨਛੱਤਰ ਸਿੰਘ, ਬੰਸਾ ਸਿੰਘ, ਜੋਗਿੰਦਰ ਸਿੰਘ ਨੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ।
  ਗਊਸੈੱਸ ਲੈਣ ਦੇ ਬਾਵਜੂਦ  ਗਊਸ਼ਾਲਾਵਾਂ ’ਚ ਪੁਖਤਾ ਪ੍ਰਬੰਧ  ਨਹੀਂ
ਕਿਸੇ ਵੀ ਤਰ੍ਹਾਂ ਦੇ ਸਰਕਾਰੀ ਬਿੱਲਾਂ ਦੇ ਭੁਗਤਾਨ  ਨਾਲ ਸਬੰਧਿਤ ਵਿਭਾਗਾਂ ਵੱਲੋਂ ਖਪਤਕਾਰਾਂ ਤੋਂ ਗਊਸੈੱਸ  ਲਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ  ਸਰਕਾਰੀ ਤੌਰ ’ਤੇ ਸਥਾਪਿਤ ਕੀਤੀਆਂ ਗਈਆਂ ਗਉੂਸ਼ਾਲਾਵਾਂ ’ਚ ਪੁਖਤਾ ਪ੍ਰਬੰਧ ਨਹੀਂ ਹਨ, ਜੇਕਰ ਨਗਰ ਨਿਗਮ ਦੀ ਗੱਲ ਕਰੀਏ ਤਾਂ ਸੂਤਰਾਂ ਅਨੁਸਾਰ ਗਊਸੈੱਸ ਦੇ ਰੂਪ ਵਿਚ ਨਿਗਮ  ਕੋਲ ਹੀ ਲਗਭਗ 40 ਲੱਖ ਦੇ ਕਰੀਬ ਫੰਡ ਜਮ੍ਹਾ ਹੈ ਪਰ ਇਸ ਦੇ ਬਾਵਜੂਦ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਬਣੀ ਹੋਈ ਹੈ।
ਇਸ ਸਬੰਧੀ  ਨਗਰ  ਨਿਗਮ ਦੇ ਚੀਫ ਸੈਨੇਟਰੀ ਅਫਸਰ ਸੰਦੀਪ ਕਟਾਰੀਆ ਨੇ ਕਿਹਾ ਕਿ  ਸਥਾਨਕ ਚਡ਼ਿੱਕ ਰੋਡ ’ਤੇ ਸਥਿਤ ਗਊਸ਼ਾਲਾ ’ਚ ਪਸ਼ੂਆਂ ਦੀ ਗਿਣਤੀ 340 ਦੀ ਬਜਾਏ 510 ਹੈ, ਜਿਨ੍ਹਾਂ ਨੂੰ ਸੰਭਾਲਣ ਦੇ ਲਈ ਪੁਖਤਾ ਪ੍ਰਬੰਧ ਨਿਗਮ ਵੱਲੋਂ ਕਰਵਾਏ ਜਾ ਰਹੇ ਹਨ। ਗਊਸੈੱਸ ਦੇ ਫੰਡਾਂ  ਨੂੰ ਇਸ ਸਮੱਸਿਆ ਦੇ ਹੱਲ ਦੇ ਲਈ ਖਰਚ ਕੀਤਾ ਜਾਵੇਗਾ।

 


Related News