ਇੰਨਾ ਦੁੱਧ ਕਿੱਥੋਂ ਆ ਰਿਹੈ!

06/18/2018 7:29:30 AM

ਪੰਜਾਬ ਦੇ ਵੱਡੇ ਅਤੇ ਛੋਟੇ ਸ਼ਹਿਰਾਂ 'ਚ ਦਿਨੋ-ਦਿਨ ਵਧ ਰਹੀ ਦੁੱਧ ਦੀ ਖਪਤ ਅਤੇ ਪਿੰਡਾਂ ਅਤੇ ਕਸਬਿਆਂ 'ਚ ਦੁੱਧ ਦੇ ਉਤਪਾਦਨ ਦੀ ਕਮੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ। ਦੁੱਧ ਦੇ ਖਾਸ ਪੂਰਕ ਪੰਜਾਬ ਦੇ ਪਿੰਡ ਹਨ। ਪਿੰਡਾਂ 'ਚ ਰਹਿਣ ਦੇ ਤਜਰਬੇ ਦੱਸਦੇ ਹਨ ਕਿ ਪਸ਼ੂਆਂ ਤੋਂ ਦੁੱਧ ਲੈਣਾ ਕੋਈ ਸੌਖੀ ਜਿਹੀ ਪ੍ਰਕਿਰਿਆ ਨਹੀਂ ਹੈ। ਇਸ 'ਚ ਕਿਸਾਨ ਦੀ ਦਿਨ ਰਾਤ ਦੀ ਮਿਹਨਤ ਹੈ। ਪਸ਼ੂਆਂ ਦੇ ਚਾਰੇ ਨੂੰ ਉਗਾਉਣ ਤੋਂ ਲੈ ਕੇ ਉਨ੍ਹਾਂ ਦੇ ਰੱਖ-ਰਖਾਵ ਤੇ ਪਸ਼ੂਆਂ ਦੇ ਖਾਣ ਯੋਗ ਬਣਾਉਣ ਤਕ, ਗਰਮੀ ਸਰਦੀ 'ਚ ਪਸ਼ੂਆਂ ਦੀ ਸਾਂਭ-ਸੰਭਾਲ, ਬੀਮਾਰੀਆਂ ਤੋਂ ਬਚਾਅ ਆਦਿ ਸਭ ਕਿਸਾਨ ਦੀ ਸਿਰਦਰਦੀ ਦਾ ਹਿੱਸਾ ਹਨ। ਫਿਰ ਵੀ ਇਕ ਪਸ਼ੂ ਤੋਂ ਸਿਰਫ ਐਨਾ ਕੁ ਦੁੱਧ ਪ੍ਰਾਪਤ ਕੀਤਾ ਜਾਂਦਾ ਹੈ ਕਿ ਇਕ-ਦੋ ਘਰਾਂ ਦੀ ਪੂਰਤੀ ਕੀਤੀ ਜਾਵੇ।
ਬਹੁਤੀ ਗਰਮੀ ਦੇ ਦਿਨਾਂ 'ਚ ਆਮ ਤੌਰ 'ਤੇ ਪਿੰਡਾਂ 'ਚੋਂ ਆਮ ਈ ਸੁਣਨ ਨੂੰ ਮਿਲਦਾ ਹੈ ਕਿ ''ਪਸ਼ੂ ਦੁੱਧ ਚੜ੍ਹਾ ਗਿਆ'' ਜਾਂ 'ਪਸ਼ੂਆਂ ਹੇਠ ਦੁੱਧ ਘਟ ਗਿਆ।'' ਕਿਸੇ ਦੁੱਧ ਵਾਲੇ ਘਰੋਂ ਦੋ-ਚਾਰ ਕਿਲੋ ਵੱਧ ਦੁੱਧ ਦੀ ਫਰਮਾਇਸ਼ ਕੀਤੀ ਜਾਵੇ ਤਾਂ ਉਹ ਬੇਵਸੀ ਜੀ ਪ੍ਰਗਟ ਕਰਦੇ ਨੇ ਪਰ ਸ਼ਹਿਰਾਂ 'ਚ ਗਰਮੀ, ਸਰਦੀ ਦਾ ਕੋਈ ਅਸਰ ਨੀਂ ਦੁੱਧ 'ਤੇਸ, ਲਗਾਤਾਰ ਦੁੱਧ ਵਧ-ਚੜ੍ਹ ਕੇ ਪ੍ਰਦਾਨ ਕੀਤਾ ਜਾ ਰਿਹੈ। ਕਿੰਨੀ ਹੈਰਾਨੀ ਦੀ ਗੱਲ ਹੈ। ਸ਼ਹਿਰਾਂ 'ਚ ਦੁੱਧ ਦੀ ਕੋਈ ਘਾਟ ਮਹਿਸੂਸ ਨਹੀਂ ਕੀਤੀ ਜਾ ਰਹੀ। ਜਿਸ ਮਰਜ਼ੀ ਹਲਵਾਈ ਕੋਲ ਜਾ ਕੇ 50 ਕੇ. ਜੀ. ਦੁੱਧ ਦੀ ਮੰਗ ਰੱਖੋ। ਉਹ ਇਕ ਦੋ ਘੰਟਿਆਂ 'ਚ ਤੁਹਾਨੂੰ ਦੁੱਧ ਦਾ ਪ੍ਰਬੰਧ ਕਰ ਦੇਵੇਗਾ, ਜਦੋਂਕਿ ਅਚਾਨਕ ਮੰਗ ਦੀ ਪੂਰਤੀ ਪਿੰਡਾਂ ਜਾਂ ਡੇਰੀਆਂ 'ਚੋਂ ਵੀ ਐਨੀ  ਸੰਭਵ ਨਹੀਂ ਹੁੰਦੀ। ਸੋ ਦ੍ਰਿਸ਼ ਪੂਰੀ ਤਰ੍ਹਾਂ ਸਾਫ ਹੈ ਕਿ ਆਮ ਜਨਤਾ ਤੇ ਕਿਸਾਨ ਭਾਵ ਦੁੱਧ ਉਤਪਾਦਕ ਤੇ ਦੁੱਧ ਉਪਭੋਗਤਾ ਦੇ ਵਿਚਕਾਰ ਕੋਈ ਤੀਜੀ ਪਾਰਟੀ ਹੈ, ਜੋ ਦੁੱਧ ਨੂੰ ਗੈਰ ਕੁਦਰਤੀ ਤਰੀਕੇ ਨਾਲ ਪੈਦਾ ਕਰ ਰਹੀ ਹੈ, ਜਿਸ ਨੂੰ ਕੈਮੀਕਲ ਦੁੱਧ ਜਾਂ ਸਿੰਥੈਟਿਕ ਦੁੱਧ ਦਾ ਨਾਂ ਦਿੱਤਾ ਗਿਆ ਹੈ।
ਇਸ ਸਿੰਥੈਟਿਕ ਦੁੱਧ ਤੋਂ ਬਣਿਆ ਦੁੱਧ, ਦਹੀਂ, ਲੱਸੀ, ਪਨੀਰ, ਘਿਉ, ਆਈਸ ਕਰੀਮ, ਮਠਿਆਈ, ਕੁਲਫੀ ਆਦਿ ਸ਼ਹਿਰਾਂ ਤਕ ਪਹੁੰਚਾਇਆ ਜਾ ਰਿਹਾ। ਮੇਰੇ ਸ਼ਹਿਰ ਰਹਿਣ ਦੇ ਤਜਰਬੇ 'ਚ ਦੁੱਧ ਪ੍ਰਤੀ ਸੰਵੇਦਨਾ ਇਸ ਕਰਕੇ ਵੀ ਹੈ ਕਿ ਪੰਜਾਬੀ ਖਾਣੇ 'ਚ ਦੁੱਧ ਦੀ ਮਿਕਦਾਰ ਆਮ ਨਾਲੋਂ ਵੱਧ ਹੁੰਦੀ ਹੈ। ਅਸੀਂ ਲੋਕ ਦੁੱਧ ਤੋਂ ਬਣੀਆਂ ਚੀਜ਼ਾਂ ਨੂੰ ਬੜੇ ਚਾਅ ਨਾਲ ਖਾਂਦੇ ਹਾਂ ਤੇ ਸਿਹਤਮੰਦ ਰਹਿਣ ਦਾ ਕਾਰਨ ਮੰਨਦੇ ਹਾਂ। ਹੁਣ ਸਵਾਲ ਇਹ ਹੈ ਕਿ ਜੇ ਅਸੀਂ ਗੈਰ-ਕੁਦਰਤੀ ਤਰੀਕਿਆਂ ਨਾਲ ਬਣਿਆ ਦੁੱਧ ਪੀ ਰਹੇ ਹਾਂ ਤਾਂ ਸਾਡੇ ਸਰੀਰ 'ਚ ਹਰ ਰੋਜ਼ ਕਿੰਨਾ ਜ਼ਹਿਰ ਜਾ ਰਿਹਾ ਹੈ। ਹਰ ਰੋਜ਼ ਹਜ਼ਾਰਾਂ ਮਰੀਜ਼ ਪੇਟ ਦੀਆਂ ਬੀਮਾਰੀਆਂ ਕਰਕੇ ਡਾਕਟਰਾਂ ਕੋਲ ਸਿਹਤਯਾਬੀ ਲਈ ਪੈਸੇ ਖਰਚ ਰਹੇ ਹਨ। ਬਹੁਤ ਵਾਰੀ ਅਸੀਂ ਕਸੂਰ ਗਰਮ ਮੌਸਮ ਦਾ ਹੀ ਕੱਢਦੇ ਹਾਂ ਪਰ ਕਿਤੇ ਇਹ ਬੀਮਾਰੀਆਂ ਸਾਡੇ ਖਾਣ-ਪੀਣ 'ਚ ਵੱਧ ਰਹੀ ਜ਼ਹਿਰ ਦੀ ਮਿਕਦਾਰ ਕਰਕੇ ਤਾਂ ਨਹੀਂ।
ਦੁੱਧ 'ਚ ਮਿਲਾਈਆਂ ਜਾ ਰਹੀਆਂ ਜ਼ਹਿਰਾਂ ਦੀ ਗੱਲ ਕਰੀਏ ਤਾਂ ਯੂਰੀਆ ਪਹਿਲੇ ਨੰਬਰ 'ਤੇ ਆਉਂਦਾ ਹੈ, ਜਿਸ ਨਾਲ ਦੁੱਧ ਦੀ ਫੈਟ ਵੱਧ ਜਾਂਦੀ ਹੈ ਤੇ ਸਾਡੇ ਪਾਚਨ ਤੰਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਡਿਟਰਜੈਂਟ ਪਾਊਡਰ ਤੇ ਫਰਮਾਲੀਨ ਦੁੱਧ ਦੇ ਤਾਜ਼ਾ ਰਹਿਣ ਦਾ ਸਮਾਂ ਵਧਾ ਦਿੰਦੇ ਹਨ ਪਰ ਸਾਡੇ ਜਿਊਣ ਦਾ ਸਮਾਂ ਦਿਨੋਂ-ਦਿਨ ਘਟਾ ਰਹੇ ਹਨ। ਇਸ ਤੋਂ ਇਲਾਵਾ ਸ਼ੂਗਰ, ਸਟਾਰਚ ਤੇ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਦੁੱਧ ਦੀ ਗੁਣਾਤਮਕ ਵੈਲਿਊ ਘੱਟ ਕਰ ਦਿੰਦੇ ਹਨ। ਰਿਸਰਚ ਦੱਸਦੀ ਹੈ ਕਿ ਇਸ ਤੋਂ ਬਿਨਾਂ ਹੱਡੀਆਂ ਦਾ ਚੂਰਾ ਪਾਊਡਰ ਵੀ ਇਸਤੇਮਾਲ ਕੀਤਾ ਜਾ ਚੁੱਕਾ ਹੈ ਤੇ ਹੁਣ ਅਸੀਂ ਇਹ ਹੀ ਕਹਿ ਸਕਦੇ ਹਾਂ ਕਿ ਦੁੱਧ ਵੀ ਚਰਿੱਤਰਹੀਣਤਾ ਵੱਲ ਚੱਲ ਪਿਆ ਕੁਝ ਚਰਿੱਤਰਹੀਣ ਲੋਕਾਂ ਦੀ ਵਜ੍ਹਾ ਕਰਕੇ।
ਪਿਛਲੇ ਸਮਿਆਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਜੇ ਦੁੱਧ ਦਾ ਪਾਤਰ ਚਿਤਰਣ ਕਰੀਏ ਤਾਂ ਸਾਰੇ ਖਾਧ ਪਦਾਰਥਾਂ 'ਚੋਂ ਦੁੱਧ ਨੂੰ ਪਵਿੱਤਰ ਦਰਜਾ ਪ੍ਰਾਪਤ ਹੈ। ਕਿਸੇ ਇਨਸਾਨ ਦੇ ਸਾਫ ਚਰਿੱਤਰ ਨੂੰ ਦਰਸਾਉਣ ਲਈ ਦੁੱਧ ਸ਼ਬਦ ਦੀ ਵਰਤੋਂ ''ਦੁੱਧ ਧੋਤਾ'' ਜਾਂ ਦੁੱਧ ਵਰਗਾ ਚਿੱਟਾ, ਵਿਸ਼ਲੇਸ਼ਣ ਤੌਰ 'ਤੇ ਵੀ ਕੀਤੀ ਜਾਂਦੀ ਰਹੀ ਹੈ। ਜਨਮ, ਮੌਤ, ਵਿਆਹ ਆਦਿ ਰਸਮਾਂ 'ਤੇ ਵੀ ਦੁੱਧ ਨਾਲ ਸਬੰਧਤ ਰੀਤੀ-ਰਿਵਾਜ ਪ੍ਰਚੱਲਿਤ ਹਨ ਤੇ ਸਭ ਤੋਂ ਖਾਸ ਗੱਲ ਜੀਵ ਦੇ ਇਸ ਧਰਤੀ ਤੱਕ ਪਹੁੰਚਣ 'ਤੇ ਪਹਿਲੀ ਖੁਰਾਕ ਉਸ ਨੂੰ ਦੁੱਧ ਹੀ ਮਿਲਦੀ ਹੈ ਪਰ ਅੱਜ ਇਹ ਦੁੱਧ ਦਾ ਵਿਸ਼ਾ ਹੈ ਕਿ ਦੁੱਧ ਪਵਿੱਤਰਤਾ ਗੁਆ ਰਿਹਾ ਹੈ। ਕਿਸਾਨਾਂ ਨਾਲ ਗੱਲਬਾਤ ਕਰਨ 'ਤੇ ਪਤਾ ਚੱਲਦਾ ਹੈ ਕਿ ਸਿੰਥੈਟਿਕ ਦੁੱਧ ਦੇ ਮਾਰਕੀਟ 'ਚ ਜ਼ਿਆਦਾ ਹੋਣ ਦਾ ਕਾਰਨ ਇਸ ਦਾ ਸਸਤੇ 'ਚ ਤਿਆਰ ਹੋ ਜਾਣਾ ਵੀ ਹੈ। 'ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ' ਵਾਲੀ ਗੱਲ ਹੈ। ਸਿੰਥੈਟਿਕ ਦੁੱਧ ਕਿਸਾਨ ਤਿਆਰ ਨਹੀਂ ਕਰਦਾ ਕਿਉਂਕਿ ਉਹ ਤਾਂ ਅਜੇ ਵੀ ਦੁੱਧ 'ਚ ਪਾਣੀ ਮਿਲਾਉਣ ਨੂੰ ਵੀ ਪਾਪ ਸਮਝਦਾ ਹੈ, ਕੈਮੀਕਲ ਤਾਂ ਦੂਰ ਦੀ ਗੱਲ ਹੈ। ਅਜਿਹਾ ਕੰਮ ਲਾਲਚੀ ਪ੍ਰਵਿਰਤੀ ਦੇ ਲੋਕ, ਮਰੀਆਂ ਹੋਈਆਂ ਜ਼ਮੀਰਾਂ ਤੇ ਵਪਾਰਕ ਬਿਰਤੀਆਂ ਵਾਲੇ ਲੋਕ ਹੀ ਕਰ ਸਕਦੇ ਹਨ।
ਕਿਸਾਨ ਮਿਹਨਤ ਤੇ ਮੁਸ਼ੱਕਤ ਨਾਲ ਦੁੱਧ ਪੈਦਾ ਕਰ ਕੇ ਵੀ ਤਰੱਕੀ ਨਹੀਂ ਕਰ ਪਾ ਰਿਹਾ ਤੇ ਕੈਮੀਕਲ ਦੁੱਧ ਵਿਕ੍ਰੇਤਾ ਬੰਦ ਕਮਰਿਆਂ 'ਚ ਬੈਠ ਕੇ ਆਸਾਨੀ ਨਾਲ ਦੁੱਧ ਬਣਾ ਕੇ ਮੋਟਾ ਮੁਨਾਫਾ ਕਮਾ ਰਹੇ ਹਨ। ਲੋੜ ਹੈ ਕਿਸਾਨ ਦੀ ਮਿਹਨਤ ਸੰਭਾਲਣ ਦੀ ਉਸ ਨੂੰ ਪੂਰਾ ਮੁੱਲ ਦੇਣ ਦੀ ਤੇ ਅੰਤ 'ਚ ਸਾਡੀ ਆਪਣੀ ਸਿਹਤ ਦਾ ਖਿਆਲ ਰੱਖਣ ਦੀ।
ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਲੋਕ ਜੋ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ, ਉਨ੍ਹਾਂ ਦੀਆਂ ਚਾਲਾਂ ਨੂੰ ਠੱਲ੍ਹ ਪਾਈ ਜਾਵੇ। ਆਮ ਜਨਤਾ ਨੂੰ ਜ਼ਹਿਰ ਨਾ ਪਰੋਸਿਆ ਜਾਵੇ। ਕਿਸੇ ਚੀਜ਼ ਦੀ ਘਾਟ ਹੋਣ 'ਤੇ ਜਾਂ ਮਹਿੰਗੀ ਹੋਣ 'ਤੇ ਅਸੀਂ ਘੱਟ ਖਾਣਾ ਪਸੰਦ ਕਰਾਂਗੇ ਪਰ ਉਸ 'ਚ ਜ਼ਹਿਰ ਮਿਲਾ ਕੇ ਉਸ ਦੀ ਮਾਤਰਾ ਵਧਾਈ ਜਾਵੇ ਤੇ ਕੀਮਤ ਘਟਾਈ ਜਾਵੇ ਤੇ ਖਾਣ ਲਈ ਕਿਹਾ ਜਾਵੇ ਅਸੀਂ ਹਰਗਿਜ਼ ਨਹੀਂ ਖਾਵਾਂਗੇ। ਇਸ ਲਈ ਜੇਕਰ ਦੁੱਧ ਦੀ ਘਾਟ ਹੈ ਜਾਂ ਕੀਮਤ ਵੱਧ ਹੈ ਤਾਂ ਉਸ ਨੂੰ ਮਹਿਸੂਸ ਕੀਤਾ ਜਾਵੇ। ਕਿਸਾਨਾਂ ਨੂੰ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਨੂੰ ਮੱਝਾਂ, ਗਾਵਾਂ ਖਰੀਦਣ ਤੇ ਸੰਭਾਲਣ ਲਈ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਕਿ ਉਹ ਸਾਡੇ ਤੱਕ ਸ਼ੁੱਧ ਦੁੱਧ ਪਹੁੰਚਾ ਸਕਣ ਤੇ ਅਸੀਂ ਆਪਣੀਆਂ ਮਨਪਸੰਦ ਚੀਜ਼ਾਂ ਬੇਫਿਕਰ ਹੋ ਕੇ ਖਾਈਏ, ਆਨੰਦ ਮਾਣੀਏ ਤੇ ਕਿਸਾਨ ਖੁਸ਼ਹਾਲ ਹੋਵੇ।                        

—ਅੰਮ੍ਰਿਤਪਾਲ ਕੌਰ
(99889-91364)


Related News