ਮੰਦਿਰਾਂ ਦਾ ਸ਼ਹਿਰ ਮੰਡੀ

6/18/2018 7:33:47 AM

ਮੱਧ ਹਿਮਾਲਿਆ ਦੀ ਗੋਦ 'ਚ ਬਿਆਸ ਨਦੀ ਅਤੇ ਸੁਕੇਤੀ ਖੱਡ ਦੇ ਕਿਨਾਰੇ 'ਤੇ ਵਸਿਆ ਮੰਦਿਰਾਂ ਦਾ ਸ਼ਹਿਰ ਮੰਡੀ 'ਛੋਟੀ ਕਾਸ਼ੀ' ਦੇ ਨਾਂ ਨਾਲ ਦੇਸ਼ ਹੀ ਨਹੀਂ, ਵਿਦੇਸ਼ਾਂ 'ਚ ਵੀ ਮਸ਼ਹੂਰ ਥਾਂ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਮੰਡੀ ਦਾ ਜ਼ਿਕਰ ਕਰਨ 'ਤੇ ਸਾਡੇ ਸਾਹਮਣੇ ਸੰਸਕ੍ਰਿਤਕ ਵਿਰਾਸਤ, ਇਤਿਹਾਸਕ, ਧਾਰਮਿਕ ਸਥਾਨਾਂ ਦੀ ਖੂਬਸੂਰਤ ਤਸਵੀਰ ਉੱਭਰ ਆਉਂਦੀ ਹੈ। ਮੰਡੀ ਸ਼ਹਿਰ ਖੁਦ ਆਪਣੇ ਆਪ 'ਚ ਧਾਰਮਿਕ ਸੈਰ-ਸਪਾਟੇ ਦਾ ਕੇਂਦਰਬਿੰਦੂ ਹੈ। ਸ਼ਿਵ ਮੰਦਿਰਾਂ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਸ਼ਕਤੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਦੇ ਮੰਦਿਰ ਹਨ। ਮੰਡੀ ਦੇ ਚੌਹੱਟਾ ਬਾਜ਼ਾਰ 'ਚ ਰਾਜਾ ਅਕਬਰ ਸੇਨ ਵਲੋਂ 1526 ਈ. 'ਚ ਬਣਾਇਆ ਗਿਆ ਸ਼ਿਖਰ ਸ਼ੈਲੀ ਦਾ ਭੂਤਨਾਥ ਮੰਦਿਰ ਅਜਿਹਾ ਪੂਜਣਯੋਗ ਸਥਾਨ ਹੈ, ਜਿਥੇ ਸ਼ਰਧਾਲੂਆਂ ਦੀ ਭੀੜ ਲੱਗੀ ਰਹਿੰਦੀ ਹੈ। ਪੁਰਾਣੀ ਮੰਡੀ 'ਚ ਰਾਜਾ ਅਕਬਰ ਸੇਨ ਦੀ ਪਤਨੀ ਰਾਣੀ ਸੁਲਤਾਨਾ ਦੇਵੀ ਵਲੋਂ 1520 ਈ. 'ਚ ਬਣਵਾਏ ਗਏ ਤ੍ਰਿਲੋਕੀ ਨਾਥ ਮੰਦਿਰ ਅਤੇ ਰਾਜਾ ਸਿੱਧ ਸੇਨ ਵਲੋਂ ਸ਼ਿਖਰ ਸ਼ੈਲੀ 'ਚ ਬਣਿਆ ਪੰਚਵਕਤਰ ਮੰਦਿਰ ਤੋਂ ਇਲਾਵਾ ਨੀਲਕੰਠ ਮਹਾਦੇਵ, ਏਕਾਦਸ਼ ਰੁਦਰ, ਸਿੱਧ ਭੈਰਵ, ਕਾਮੇਸ਼ਵਰ ਮਹਾਦੇਵ, ਰਾਨੇਸ਼ਵਰ ਮਹਾਦੇਵ, ਪੁਰੋਹਿਤ ਸ਼ਿਵ ਸ਼ੰਕਰ ਮਹਾਦੇਵ, ਛੋਟੀ ਤਰਨਾ ਸ਼ਿਵ ਆਦਿ ਮਸ਼ਹੂਰ ਮੰਦਿਰ ਹਨ।
ਰਾਜਾ ਸ਼ਿਆਮ ਸੇਨ ਵਲੋਂ 17ਵੀਂ ਸਦੀ 'ਚ ਟਾਰਨਾ ਪਹਾੜੀ 'ਤੇ ਸ਼ਿਖਰ ਸ਼ੈਲੀ 'ਚ ਬਣਿਆ ਟਾਰਨਾ ਮੰਦਿਰ, ਜੋ ਸ਼ਿਆਮਾਕਾਲੀ ਮੰਦਿਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਬਿਆਸ ਨਦੀ ਦੇ ਕਿਨਾਰੇ 'ਤੇ ਬਣੇ ਭੀਮਾ ਕਾਲੀ ਮੰਦਿਰ ਤੋਂ ਇਲਾਵਾ ਰੁਪੇਸ਼ਵਰੀ ਦੇਵੀ, ਰਾਜਾ ਰਾਜੇਸ਼ਵਰੀ ਦੇਵੀ, ਭੁਵਨੇਸ਼ਵਰੀ ਦੇਵੀ, ਜਾਲਪਾ ਦੇਵੀ, ਸ਼ੀਤਲਾ ਦੇਵੀ, ਸਿੱਧਕਾਲੀ, ਮਹਾਕਾਲੀ ਮੰਦਿਰਾਂ ਦੇ ਨਾਲ ਹੀ ਮਾਘੋਰਾਏ ਜਗਨਨਾਥ, ਸਿੱਧ ਗਣਪਤੀ ਆਦਿ ਦੇ ਹੋਰ ਮਸ਼ਹੂਰ ਮੰਦਿਰ ਸਥਾਨਕ ਲੋਕਾਂ ਤੇ ਸੈਲਾਨੀਆਂ ਦੀ ਆਸਥਾ ਦੇ ਕੇਂਦਰ ਹਨ।
ਸ਼ਕਤੀ ਪੀਠ ਦੇ ਰੂਪ 'ਚ ਸਥਾਪਿਤ ਹਣੋਗੀ ਮਾਤਾ ਮੰਦਿਰ ਸੂਬੇ ਹੀ ਨਹੀਂ ਸਗੋਂ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਸੈਲਾਨੀਆਂ ਦੀ ਆਸਥਾ ਦਾ ਵੀ ਕੇਂਦਰ ਹੈ। ਕੁੱਲੂ-ਮਨਾਲੀ ਰਾਸ਼ਟਰੀ ਉੱਚ ਮਾਰਗ 'ਤੇ ਮੰਡੀ ਤੋਂ 30 ਕਿਲੋਮੀਟਰ ਦੂਰ ਬਿਆਸ ਨਦੀ ਦੇ ਦੋਵਾਂ ਕਿਨਾਰਿਆਂ 'ਤੇ ਸਥਿਤ ਹਣੋਗੀ ਮਾਤਾ ਮੰਦਿਰ ਧਾਰਮਿਕ ਤੇ ਦਲੇਰੀ ਭਰਪੂਰ ਸੈਰ-ਸਪਾਟੇ ਦਾ ਦੂਜਾ ਰੂਪ ਹੈ।  ਪਾਂਡਵਾਂ ਦੇ ਪੂਜਣਯੋਗ ਦੇਵ ਕਮਰੂਨਾਗ ਦਾ ਇਤਿਹਾਸਕ ਮੰਦਿਰ ਜ਼ਿਲਾ ਮੁੱਖ ਦਫਤਰ ਮੰਡੀ ਤੋਂ 60 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਕਰਸੋਗ ਘਾਟੀ 'ਚ ਸਥਿਤ ਪ੍ਰਾਚੀਨ ਮਮਲੇਸ਼ਵਰ ਮਹਾਦੇਵ ਮੰਦਿਰ ਅਤੇ ਇਸ ਦੇ ਅੰਦਰ ਰੱਖੀਆਂ ਪੁਰਾਣੀਆਂ ਚੀਜ਼ਾਂ ਸੰਸਕ੍ਰਿਤਕ ਅਤੇ ਇਤਿਹਾਸਕ ਖੁਸ਼ਹਾਲੀ ਦਾ ਅਹਿਸਾਸ ਕਰਾਉਂਦੀਆਂ ਹਨ। ਕਰਸੋਗ ਤੋਂ 8 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਕਾਮਾਕਸ਼ਾ (ਕਾਮਾਖਿਆ) ਦੇਵੀ ਦਾ ਮੰਦਿਰ ਸਥਾਨਕ ਲੋਕਾਂ ਦੀ ਅਪਾਰ ਸ਼ਰਧਾ ਤੇ ਧਾਰਮਿਕ ਸੈਰ-ਸਪਾਟੇ ਦਾ ਕੇਂਦਰ ਹੈ। ਕਰਸੋਗ ਘਾਟੀ 'ਚ ਸਥਿਤ ਮਹਾਮਾਇਆ ਭੁਵਨੇਸ਼ਵਰੀ ਮੰਦਿਰ ਅਤੇ ਬਾਖਰੀ 'ਚ 1850 ਮੀਟਰ ਦੀ ਉਚਾਈ 'ਤੇ 14ਵੀਂ-15ਵੀਂ ਸ਼ਤਾਬਦੀ 'ਚ ਬਣਿਆ ਸਤਲੁਜ ਸ਼ਿਖਰ ਸ਼ੈਲੀ ਦਾ ਮੂਲ ਮਾਹੂੰਨਾਗ ਮੰਦਿਰ ਸੈਲਾਨੀਆਂ ਦੀ ਆਸਥਾ ਦੀ ਧੁਰੀ ਹੈ। ਹੈ।                                  —ਕੁਮਾਰੀ ਮੰਜੁਲਾ