ਪਾਵਨ ਗੁਫਾ ਬਾਬਾ ਬਰਫਾਨੀ ਸ਼੍ਰੀ ਅਮਰਨਾਥ

6/18/2018 7:35:41 AM

ਪ੍ਰਕਿਰਤੀ ਅਤੇ ਆਸਥਾ ਦੇ ਸੰਗਮ, ਪਾਵਨ ਗੁਫਾ ਬਾਬਾ ਬਰਫਾਨੀ ਸ਼੍ਰੀ ਅਮਰਨਾਥ, ਧਰਤੀ 'ਤੇ ਸਵਰਗ ਕਸ਼ਮੀਰ ਦੇ ਵਿਸ਼ਵ ਪ੍ਰਸਿੱਧ ਸੈਲਾਨੀ ਕੇਂਦਰ, ਪਹਿਲਗਾਮ ਤੋਂ 48 ਕਿਲੋਮੀਟਰ ਦੀ ਦੂਰੀ 'ਤੇ ਸੁਸ਼ੋਭਿਤ ਹੈ। ਚਾਰੇ ਪਾਸੇ ਬਰਫ ਦੀ ਚਾਦਰ ਲਪੇਟੀ ਹਿਮਾਲਿਆ ਦੀ ਚੋਟੀ ਅਤੇ ਠੰਡੀਆਂ ਹਵਾਵਾਂ 'ਚ ਬਮ-ਬਮ ਬਾਬਾ ਭੋਲੇ ਨਾਥ...ਦੇ ਜੈਕਾਰਿਆਂ ਦੀ ਗੂੰਜ ਅਮਰਨਾਥ ਯਾਤਰਾ ਨੂੰ ਸ਼ਰਧਾਮਈ ਬਣਾਉਂਦੀ ਹੈ। ਇਸ ਪਾਵਨ ਗੁਫਾ ਸ਼੍ਰੀ ਅਮਰਨਾਥ 'ਚ ਸ਼ਰਧਾਲੂ ਹਰ ਸਾਲ ਬਣਨ ਵਾਲੇ ਕੁਦਰਤੀ ਹਿਮ ਸ਼ਿਵਲਿੰਗ ਦੀ ਪੂਜਾ-ਅਰਚਨਾ ਕਰਦੇ ਹਨ। ਇਸ ਵਾਰ ਇਹ ਯਾਤਰਾ 29  ਜੂਨ ਤੋਂ ਰੱਖੜ ਪੁੰਨਿਆ ਤਕ ਚੱਲੇਗੀ। ਸ਼੍ਰੀ ਅਮਰਨਾਥ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਬੇਸ ਕੈਂਪ ਪਹਿਲਗਾਮ ਜਾਂ ਬਾਲਟਾਲ ਤੋਂ ਯਾਤਰਾ ਸ਼ੁਰੂ ਹੁੰਦੀ ਹੈ। ਪ੍ਰਾਚੀਨ ਮਾਨਤਾ ਅਨੁਸਾਰ ਭੋਲੇ ਨਾਥ ਨੇ ਇਸ ਪਾਵਨ ਗੁਫਾ 'ਚ ਮਾਤਾ ਪਾਰਵਤੀ ਨੂੰ ਅਮਰ ਹੋਣ ਦਾ ਰਹੱਸ ਦੱਸਿਆ ਸੀ। ਇਹ ਅਮਰ ਕਥਾ ਗੁਫਾ 'ਚ ਰਹਿੰਦੇ ਕਬੂਤਰਾਂ ਦੇ ਜੋੜੇ ਨੇ ਵੀ ਸੁਣ ਲਈ ਸੀ। ਉਹ ਵੀ ਅਮਰ ਹੋ ਗਏ। ਅੱਜ ਵੀ ਕਦੀ-ਕਦੀ ਕਬੂਤਰਾਂ ਦਾ ਉਹ ਜੋੜਾ ਗੁਫਾ 'ਚ ਵਿਖਾਈ ਦਿੰਦਾ ਹੈ। ਇਥੇ ਮਹਾਮਾਇਆ ਸ਼ਕਤੀਪੀਠ ਵੀ ਸਥਿਤ ਹੈ। ਭਗਵਾਨ ਸ਼ਿਵ ਦੇ ਹਿਮਲਿੰਗ ਨਾਲ ਉਥੇ ਬਰਫ ਦਾ ਪਾਰਵਤੀ ਪੀਠ ਵੀ ਬਣਦਾ ਹੈ। ਬਾਬਾ ਬਰਫਾਨੀ ਸ਼੍ਰੀ ਅਮਰਨਾਥ ਨਾਲ ਮਹਾਮਾਇਆ ਸ਼ਕਤੀਪੀਠ ਦੇ ਦਰਸ਼ਨਾਂ/ਪੂਜਾ ਨਾਲ ਸ਼ਿਵ ਲੋਕ 'ਚ ਸਥਾਨ ਮਿਲਦਾ ਹੈ।
ਪੌਰਾਣਿਕ ਕਥਾ ਅਨੁਸਾਰ ਇਸ ਪਾਵਨ ਗੁਫਾ ਦੀ ਖੋਜ ਮੁਸਲਮਾਨ ਆਜੜੀ ਬੂਟਾ ਮਲਿਕ ਨੇ ਕੀਤੀ ਸੀ। ਭੇਡਾਂ ਚਾਰਦੇ ਨੂੰ ਇਕ ਸਾਧੂ ਮਿਲਿਆ, ਜਿਸ ਨੇ ਉਸ ਨੂੰ ਕੋਲਿਆਂ ਦੀ ਭਰੀ ਕਾਂਗੜੀ ਦਿੱਤੀ। ਜਦੋਂ ਘਰ ਆ ਕੇ ਆਜੜੀ ਮਲਿਕ ਨੇ ਕਾਂਗੜੀ ਵੇਖੀ ਤਾਂ ਉਸ 'ਚ ਕੋਲਿਆਂ ਦੀ ਥਾਂ ਸੋਨਾ ਸੀ। ਅਗਲੇ ਦਿਨ ਬੂਟਾ ਮਲਿਕ ਉਸੇ ਜਗ੍ਹਾ ਪੁੱਜਾ ਪਰ ਉਥੇ ਸਾਧੂ ਨਹੀਂ ਸੀ। ਵਿਸ਼ਾਲ ਗੁਫਾ ਸੀ, ਜੋ ਬਾਅਦ 'ਚ ਸ਼੍ਰੀ ਅਮਰਨਾਥ ਜੀ ਦੇ ਨਾਮ ਨਾਲ ਪ੍ਰਸਿੱਧ ਹੋਈ। ਗੁਫਾ ਤਕ ਪੁੱਜਣ ਲਈ ਦੋ ਰਸਤੇ ਹਨ ਪਰ ਰਵਾਇਤੀ ਯਾਤਰਾ ਮਾਰਗ ਪਹਿਲਗਾਮ ਤੋਂ ਚੰਦਨਵਾੜੀ, ਪਿਸੂ ਘਾਟੀ, ਸ਼ੇਸ਼ਨਾਗ ਤੇ ਪੰਜਤਰਨੀ ਹੁੰਦਾ ਹੋਇਆ ਹੈ। ਦੂਸਰਾ ਰਸਤਾ ਬਾਲਟਾਲ ਤੋਂ ਗੁਫਾ ਤਕ ਦੀ ਦੂਰੀ 18 ਕਿਲੋਮੀਟਰ ਹੈ।

PunjabKesari
ਬੇਸ ਕੈਂਪ ਪਹਿਲਗਾਮ ਤੋਂ ਯਾਤਰੀ 16 ਕਿਲੋਮੀਟਰ ਸਫਰ ਕਰ ਕੇ ਚੰਦਨਵਾੜੀ ਪਹੁੰਚਦੇ ਹਨ। ਭੋਲੇ ਸ਼ੰਕਰ ਨੇ ਇਥੇ ਆਪਣੇ ਮੱਥੇ ਦਾ ਚੰਦਨ ਛੱਡਿਆ ਸੀ। ਚੰਦਨਵਾੜੀ ਤੋਂ 3 ਕਿਲੋਮੀਟਰ ਪਿਸੂ ਘਾਟੀ ਹੈ। ਇਥੇ ਦੇਵਤਿਆਂ ਨੇ ਰਾਖਸ਼ਸਾਂ ਨੂੰ ਮਾਰ ਕੇ ਉਨ੍ਹਾਂ ਦਾ ਚੂਰਨ ਬਣਾ ਛੱਡਿਆ ਸੀ, ਜਿਹੜਾ ਚੋਟੀ ਦਾ ਰੂਪ ਧਾਰ ਭਾਵ ਪਿਸੂ ਟੌਪ ਬਣ ਗਿਆ। ਪਿਸੂ ਟੌਪ ਤੋਂ ਯਾਤਰੀ 9 ਕਿਲੋਮੀਟਰ ਦੂਰੀ ਤਹਿ ਕਰ ਕੇ ਸ਼ੇਸ਼ਨਾਗ ਪੁੱਜਦੇ ਹਨ। ਭੋਲੇ ਨਾਥ ਨੇ ਇਥੇ ਸ਼ੇਸ਼ਨਾਗ ਨੂੰ ਨਿਯੁਕਤ ਕੀਤਾ ਸੀ। ਸ਼ੇਸ਼ਨਾਗ ਤੋਂ ਪੰਜ ਤਰਨੀ 14 ਕਿਲੋਮੀਟਰ ਹੈ। ਇਥੇ ਨਾਚ ਕਰਦਿਆਂ ਤ੍ਰਿਨੇਤਰਧਾਰੀ ਦੀਆਂ ਜਟਾਵਾਂ ਖੁੱਲ੍ਹ ਗਈਆਂ, ਜਿਸ ਦੇ ਫਲਸਰੂਪ ਗੰਗਾ ਨਿਕਲ ਆਈ ਤੇ ਪੰਜ ਦਿਸ਼ਾਵਾਂ 'ਚ ਚੱਲ ਪਈ। ਸੋ ਇਸਦਾ ਨਾਂ ਪੰਜ ਤਰਨੀ ਪੈ ਗਿਆ।
ਇਥੇ ਯਾਤਰੀ ਸੰਗਮ ਘਾਟੀ ਹੁੰਦੇ ਹੋਏ 6 ਕਿਲੋਮੀਟਰ ਦਾ ਰਸਤਾ ਤੈਅ ਕਰ ਕੇ ਪਾਵਨ ਗੁਫਾ ਤਕ ਪਹੁੰਚਦੇ ਹਨ। ਬਾਲਟਾਲ ਤੋਂ ਪਾਵਨ ਗੁਫਾ ਤਕ ਦਾ 18 ਕਿਲੋਮੀਟਰ ਰਸਤਾ ਤੰਗ ਤੇ ਚੜ੍ਹਾਈ ਵਾਲਾ ਹੈ। ਪਾਵਨ ਗੁਫਾ ਤਕ ਪਹੁੰਚਣ ਤੋਂ ਪਹਿਲਾਂ ਸ਼ਰਧਾਲੂ ਅਮਰਾਵਤੀ ਨਦੀ 'ਚ ਇਸ਼ਨਾਨ ਕਰਦੇ ਹਨ। ਫਿਰ ਗੁਫਾ 'ਚ ਸ਼ਿਵਲਿੰਗ ਦੇ ਦਰਸ਼ਨ ਤੇ ਪੂਜਾ-ਅਰਚਨਾ ਕਰਦੇ ਹਨ। ਰਸਤੇ 'ਚ ਲੰਗਰ ਤੇ ਡਾਕਟਰੀ ਸਹਾਇਤਾ ਕੈਂਪ ਲਗਾਏ ਜਾਂਦੇ ਹਨ। ਸਾਉਣ ਦੀ ਪੂਰਨਮਾਸ਼ੀ ਵਾਲੇ ਦਿਨ ਇਹ ਪਾਵਨ ਗੁਫਾ ਬਾਬਾ ਬਰਫਾਨੀ ਸ਼੍ਰੀ ਅਮਰਨਾਥ ਯਾਤਰਾ ਸਮਾਪਤ ਹੁੰਦੀ ਹੈ। ਪਿਛਲੇ ਸਾਲ 2,16,555 ਤੀਰਥ ਯਾਤਰੀਆਂ ਨੇ ਪਾਵਨ ਗੁਫਾ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਸਨ ਅਤੇ ਇਕ ਮੰਦਭਾਗੀ ਘਟਨਾ 'ਚ ਅਨੰਤਨਾਗ (ਕਸ਼ਮੀਰ) 'ਚ ਲਸ਼ਕਰ ਦੇ ਹਮਲੇ 'ਚ 5 ਔਰਤਾਂ ਸਮੇਤ 7 ਅਮਰਨਾਥ ਤੀਰਥ ਯਾਤਰੀ ਮਾਰੇ ਗਏ ਸਨ। ਸੋ ਇਸ ਵਾਰ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ-ਡਰੋਨ ਰਾਹੀਂ ਸੁਰੱਖਿਆ ਛੱਤਰੀ ਪ੍ਰਦਾਨ ਕੀਤੀ ਗਈ ਹੈ।      
   —ਮੁਖਤਾਰ ਗਿੱਲ 98140-82217