ਵਿਆਖਿਆ ਸ੍ਰੀ ਜਪੁ ਜੀ ਸਾਹਿਬ

6/18/2018 7:36:41 AM

ਭੈਅ ਦਾ ਕਾਰਨ ਐਥੇ ਰੋਗ ਆਦਿ ਵਿਚ ਵੀ ਇਹੀ ਸਿੱਧ ਹੁੰਦੈ ਕਿ ਆਪਣਾ ਹੀ ਸਰੀਰ, ਕਿਤੇ ਰੋਗਾਂ ਕਾਰਨ ਬੇਗਾਨਾ (ਦੂਜੇ ਵਰਗਾ) ਨਾ ਹੋ ਜਾਵੇ। ਅਸੀਂ ਸਰੀਰ ਦੇ ਗੁਲਾਮ ਨਾ ਬਣ ਜਾਈਏ। ਅਰਥਾਤ ਦੂਜੇ ਤੋਂ ਹੀ-ਬੇਗਾਨੇ ਤੋਂ ਹੀ ਭੈਅ ਹੁੰਦੈ।
ਹੋਰ ਵੀ ਦੇਖੀਏ ਤਾਂ ਦੁਨੀਆ ਵਿਚ ਸਭ ਤੋਂ ਵੱਡਾ ਭੈਅ 'ਮੌਤ' ਦਾ ਹੈ। ਮੌਤ ਦਾ ਮਤਲਬ ਹੈ ਧਨ ਮਕਾਨ ਹੀ ਨਹੀਂ, ਸਰੀਰ ਹੀ ਨਹੀਂ ਸਗੋਂ ਜੋ ਕੁਝ ਵੀ ਅਸੀਂ ਜਾਣਦੇ ਹਾਂ ਮਿੱਤਰ, ਦੁਸ਼ਮਣ, ਸਬੰਧੀ ਜਿਨ੍ਹਾਂ ਨਾਲ ਵੀ ਸਾਡਾ ਸਬੰਧ ਹੈ, ਉਹ ਸਭ ਬਿਲਕੁਲ ਖਤਮ (ਨਸ਼ਟ) ਹੋ ਜਾਣਾ। ਆਪਣੇ ਆਪ ਦਾ ਵੀ ਖਾਤਮਾ ਹੋ ਜਾਣਾ-ਇਸੇ ਨੂੰ ਮੌਤ ਕਿਹਾ ਜਾਂਦੈ। ਬਿਲਕੁਲ ਨ੍ਹੇਰਾ, ਕੁਝ ਵੀ ਹੋਸ਼, ਅਤਾ ਪਤਾ ਸਭ ਖਤਮ ਇਸ ਨੂੰ ਹੀ ਮੌਤ ਕਹਿੰਦੇ ਹਨ। ਇਸ ਤਰ੍ਹਾਂ ਦੇ ਹੋਣ ਦਾ ਖਿਆਲ ਜ਼ਿਆਦਾ ਭੈਅਭੀਤ ਕਰਨ ਵਾਲਾ ਹੈ।
ਮੌਤ ਦਾ ਤੇ ਰੋਗਾਂ ਦਾ ਭੈਅ ਤਾਂ ਕਿਸੇ ਗੁਰਮੁਖ ਨੂੰ ਆਮ ਤੌਰ 'ਤੇ ਹੁੰਦਾ ਹੀ ਹੈ ਪਰ ਮਨਮੁਖ ਨੂੰ ਤਾਂ ਸਾਰੇ ਤਰ੍ਹਾਂ ਦੇ ਭੈਅ ਤੰਗ ਕਰਦੇ ਹਨ।
ਇਕ ਮਹਾਪੁਰਖ ਹੀ ਜਿਸ ਨੂੰ ਪ੍ਰਭੂ ਦਾ ਪਿਆਰ ਪ੍ਰਾਪਤ ਹੈ ਜਿਸ ਨੇ ਸੱਚੇ ਨਾਮ ਦੀ ਘਾੜਤ ਕਰ ਲਈ ਹੈ- ਹਰ ਤਰ੍ਹਾਂ ਦੇ ਭੈਅ ਤੋਂ ਪੂਰਨ ਮੁਕਤ ਹੈ। ਗੁਰਮੁਖ ਹੀ ਜਿਸ ਨੂੰ ਰੋਗਾਂ ਜਾਂ ਮਿਰਤੂ ਦਾ ਭੈਅ ਅਜੇ ਹੈ 'ਭਉ ਖਲਾ ਅਗਨਿ ਤਪ ਤਾਉ' ਦੀ ਸਾਧਨਾ ਕਰ ਸਕਦੈ।
ਜਿਹੜਾ ਮਨਮੁਖ ਧਨ, ਮਕਾਨ ਵਿਸ਼ਿਆਂ ਦੇ ਮੋਹ ਵਿਚ ਵੀ ਫਸਿਆ ਤੇ ਉਲਝਿਆ ਹੈ ਉਹ ਇਸ 'ਭਉ' ਨੂੰ ਜੱਫੀ ਪਾਉਣ ਵਾਲੀ, ਭਉ ਨੂੰ ਹੀ ਨਾਮ ਜਪਣ ਵਿਚ ਸਾਧਨ ਬਣਾਉਣ ਵਾਲੀ ਸਾਧਨਾ ਨਹੀਂ ਕਰ ਸਕਦਾ। ਇਸ ਲਈ ਗੁਰੂ ਸਾਹਿਬ ਨੇ ਕਹਿ ਦਿੱਤਾ ''ਮਨਮੁਖ ਭੈ ਕੀ ਸਾਰ ਨ ਜਾਣਨੀ, ਤ੍ਰਿਸਨਾ ਜਲ ਤੇ ਕਰਹਿ ਪੁਕਾਰ।'' (ਮ.1-ਅੰਗ 2288)
ਹੁਣ ਵਿਚਾਰ ਇਹ ਹੈ ਕਿ ਭਉ ਖਲਾ ਕਿਵੇਂ ਬਣੇ ਜਿਸ ਨਾਲ ਜਤੁ ਰੂਪੀ ਪਾਹਾਰੇ ਵਿਚ ਅਗਨਿ ਪੂਰੀ ਪਰਚੰਡ ਹੋ ਕੇ, ਉਸਦੇ ਆਪਣੇ ਤਪ ਤਾਉ ਨਾਲ ਸਿੱਖ ਦੇ ਸਾਰੇ ਦੋਸ਼ਾਂ ਵਿਕਾਰਾਂ ਨੂੰ ਦਗਧ ਕਰ ਸਕੇ।
ਦੋ ਸ਼ਬਦਾਂ 'ਚ ਗੱਲ ਮੁਕਾਈਏ ਤਾਂ ਭਉ ਧੌਂਕਣੀ ਤਾਂ ਬਣੇਗੀ ਜੇ ਪ੍ਰਮਾਤਮਾ ਦਾ-ਜਿਹੜਾ ਸਾਡੇ ਅੰਦਰ ਹੀ ਵਸਦੈ, ਉਸ ਦਾ ਭੈਅ ਹੋਵੇ ਅਤੇ ਬ੍ਰਹਮਗਿਆਨੀ ਮਹਾਪੁਰਖਾਂ ਦਾ ਭੈਅ ਹੋਵੇ।