ਪਾਕਿਸਤਾਨ ਦੀਆਂ ਆਮ ਚੋਣਾਂ

06/18/2018 7:40:37 AM

ਭਾਰਤੀ ਨਿਊਜ਼ ਚੈਨਲਾਂ ਦੇ ਐਂਕਰ ਆਪਣੇ ਸ਼ੋਅਜ਼ ਵਿਚ ਬਹਿਸ ਕਰਨ 'ਚ ਰੁੱਝੇ ਹੋਏ ਹਨ ਕਿ ਰਮਜ਼ਾਨ ਦੌਰਾਨ ਭਾਰਤੀ ਫੌਜ ਵਲੋਂ ਸੀਜ਼ਫਾਇਰ ਦੇ ਬਾਵਜੂਦ ਪਾਕਿਸਤਾਨੀ ਫੌਜ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਹੀ ਨਹੀਂ, ਈਦ ਦੇ ਮੌਕੇ 'ਤੇ ਵੀ ਗੋਲੀਬਾਰੀ ਬੰਦ ਨਹੀਂ ਕੀਤੀ ਅਤੇ ਘੁਸਪੈਠੀਆਂ ਵਲੋਂ ਜੰਮੂ-ਕਸ਼ਮੀਰ ਵਿਚ ਹੱਤਿਆਵਾਂ ਵਿਚ ਕਮੀ ਨਹੀਂ ਹੋਈ। ਹੁਣ ਘੱਟੋ-ਘੱਟ ਇਕ-ਡੇਢ ਮਹੀਨੇ ਤਕ ਕਮੀ ਹੋਣ ਵਾਲੀ ਨਹੀਂ ਲੱਗਦੀ ਕਿਉਂਕਿ ਪਾਕਿਸਤਾਨ ਦੀਆਂ ਆਮ ਚੋਣਾਂ ਹੁਣ ਸਿਰਫ ਡੇਢ ਮਹੀਨਾ ਦੂਰ ਹਨ। 
ਸਿਆਸੀ ਪਾਰਟੀਆਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਸੱਤਾ ਵਿਚ 5 ਸਾਲ ਬੀਤੀ 31 ਮਈ ਨੂੰ ਖਤਮ ਹੋ ਗਏ, ਜਿਸ ਤੋਂ ਬਾਅਦ ਸਾਬਕਾ ਜਸਟਿਸ ਨਾਸਿਰ-ਉਲ-ਮੁਲਕ ਨੂੰ ਨਿਰਪੱਖ ਸਰਕਾਰ ਦਾ ਮੁਖੀ ਨਿਯੁਕਤ ਕੀਤਾ ਗਿਆ। 
ਇਹ ਚੋਣਾਂ ਪਾਕਿਸਤਾਨ ਦੇ ਇਤਿਹਾਸ ਵਿਚ ਦੂਸਰੀ ਜਮਹੂਰੀ ਸੱਤਾ ਤਬਦੀਲੀ ਦੀਆਂ ਗਵਾਹ ਬਣਨ ਜਾ ਰਹੀਆਂ ਹਨ। ਹਾਲਾਂਕਿ ਅਜਿਹਾ ਮਹੀਨਿਆਂ ਤੋਂ ਜਾਰੀ ਸਿਆਸੀ ਚੁੱਕ-ਥੱਲ ਅਤੇ ਸਰਕਾਰ ਤੇ ਫੌਜ ਵਿਚਾਲੇ ਤਣਾਅ ਭਰੇ ਮਾਹੌਲ 'ਚ ਹੋ ਰਿਹਾ ਹੈ। 
ਅਨੁਮਾਨਾਂ ਅਨੁਸਾਰ ਪੀ. ਐੱਮ. ਐੱਲ.-ਐੱਨ. ਦੇ ਮੁੜ ਸੱਤਾ ਵਿਚ ਆਉਣ ਦੀਆਂ ਮਜ਼ਬੂਤ ਸੰਭਾਵਨਾਵਾਂ ਹਨ। ਹਾਲਾਂਕਿ ਸਰਵੇਖਣ 'ਚ ਕਰੀਬ 38 ਫੀਸਦੀ ਮਨਜ਼ੂਰੀ ਹਾਸਿਲ ਕਰਨ ਵਾਲੀ ਪੀ. ਐੱਮ. ਐੱਲ.-ਐੱਨ. ਆਪਣੇ ਵਿਰੋਧੀਆਂ ਤੋਂ 13 ਫੀਸਦੀ ਅੱਗੇ ਦਿਖਾਈ ਦਿੱਤੀ ਹੈ। 
ਭਾਵੇਂ ਆਮਦਨ ਤੋਂ ਵੱਧ ਜਾਇਦਾਦ ਹਾਸਿਲ ਕਰਨ ਨਾਲ ਜੁੜੇ ਪਨਾਮਾ ਪੇਪਰਜ਼ ਮਾਮਲੇ ਵਿਚ ਜਾਰੀ ਜਾਂਚ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਇਕ ਹੁਕਮ ਦੇ ਤਹਿਤ ਪਾਰਟੀ ਮੁਖੀ ਨਵਾਜ਼ ਸ਼ਰੀਫ ਨੂੰ ਸਿਆਸੀ ਪਾਰਟੀ ਵਿਚ ਮਹੱਤਵਪੂਰਨ ਅਹੁਦੇ 'ਤੇ ਬਣੇ ਰਹਿਣ ਤੋਂ ਵਾਂਝਿਆਂ ਕਰ ਦਿੱਤਾ ਅਤੇ ਉਨ੍ਹਾਂ ਨੂੰ ਅਯੋਗ ਕਰਾਰ ਦੇਣ ਤੋਂ ਬਾਅਦ ਉਨ੍ਹਾਂ ਦੇ ਭਰਾ ਸ਼ਹਿਬਾਜ਼ ਸ਼ਰੀਫ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਰੂਪ ਵਿਚ ਉਨ੍ਹਾਂ ਦੀ ਥਾਂ ਲੈ ਲਈ ਹੋਵੇ, ਨਵਾਜ਼ ਸ਼ਰੀਫ ਕੋਲ ਸਮਰਪਿਤ ਸਮਰਥਕ ਹਨ ਅਤੇ ਪੰਜਾਬ ਵਿਚ ਉਨ੍ਹਾਂ ਦੀ ਸਥਿਤੀ ਬੇਹੱਦ ਮਜ਼ਬੂਤ ਹੈ। 
ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਇਲਾਵਾ ਦੋ ਹੋਰ ਵੱਡੀਆਂ ਮੁਸ਼ਕਿਲਾਂ ਉਨ੍ਹਾਂ ਦੇ ਸਾਹਮਣੇ ਮੂੰਹ ਅੱਡੀ ਖੜ੍ਹੀਆਂ ਹਨ। ਇਸ ਵਕਤ ਅਦਾਲਤ ਦੇ ਉਸ ਹੁਕਮ ਦੀ ਉਡੀਕ ਹੋ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਜੇਲ ਹੋ ਸਕਦੀ ਹੈ। ਇਹ ਫੈਸਲਾ ਚੋਣਾਂ ਤੋਂ ਕੁਝ ਹਫਤੇ ਪਹਿਲਾਂ ਹੀ ਆਉਣਾ ਹੈ। ਨਵਾਜ਼ ਦੇ ਸਾਹਮਣੇ ਦੂਸਰੀ ਮੁਸ਼ਕਿਲ ਘਰੇਲੂ ਮੋਰਚੇ 'ਤੇ ਹੈ, ਜਿਥੇ ਗਲੇ ਦੇ ਕੈਂਸਰ ਨਾਲ ਜੂਝ ਰਹੀ ਉਨ੍ਹਾਂ ਦੀ ਪਤਨੀ ਨੂੰ ਦਿਲ ਦਾ ਦੌਰਾ ਪਿਆ ਹੈ। ਹਾਲਾਂਕਿ ਲੰਡਨ ਦੇ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਨਵਾਜ਼ ਦਾ ਧਿਆਨ ਅਤੇ ਸਮਾਂ ਇਸ ਕਾਰਨ ਵੰਡਿਆ ਰਹੇਗਾ।
ਨਵਾਜ਼ ਸ਼ਰੀਫ ਦੀ ਪਾਰਟੀ ਪੀ. ਐੱਮ. ਐੱਲ.-ਐੱਨ. ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਮੁਖੀ ਇਮਰਾਨ ਖਾਨ ਹਨ। 2013 ਦੀਆਂ ਪਿਛਲੀਆਂ ਆਮ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਵੋਟ ਫੀਸਦੀ ਦੇ ਮਾਮਲੇ ਵਿਚ ਦੂਜੇ ਸਥਾਨ 'ਤੇ ਰਹੀ ਸੀ। 
ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਚਲਾ ਰਹੇ ਇਮਰਾਨ ਦੀ ਲੋਕਪ੍ਰਿਅਤਾ ਕੁਝ ਦਿਨਾਂ ਤੋਂ ਵਧਣ ਲੱਗੀ ਹੈ। ਕੱਟੜਪੰਥੀਆਂ ਦੇ ਸਹਿਯੋਗ ਨਾਲ ਉਨ੍ਹਾਂ ਨੇ ਕਸ਼ਮੀਰ ਸਮੱਸਿਆ ਨੂੰ ਖਤਮ ਕਰ ਦੇਣ ਅਤੇ ਹਰੇਕ ਕੌਮਾਂਤਰੀ ਮੰਚ 'ਤੇ ਕਸ਼ਮੀਰ ਵਿਚ ਭਾਰਤੀ ਘੁਸਪੈਠ ਦਾ ਮੁੱਦਾ ਉਠਾਉਂਦੇ ਰਹਿਣ ਦੀ ਸਹੁੰ ਖਾਧੀ ਹੈ। 
ਉਹ ਪਾਕਿ ਜਨਰਲਾਂ ਦੇ ਪਸੰਦੀਦਾ ਹਨ ਪਰ ਆਪਣੀ ਤੀਸਰੀ ਪਤਨੀ ਰੇਹਮ ਖਾਨ ਦੀ ਰਿਲੀਜ਼ ਹੋਣ ਜਾ ਰਹੀ ਆਤਮਕਥਾ 'ਚੋਂ ਲੀਕ ਹੋਈਆਂ ਗੱਲਾਂ ਕਾਰਨ ਉਹ ਦੋਸ਼ਾਂ ਵਿਚ ਘਿਰ ਗਏ ਹਨ, ਜਿਸ 'ਚ ਰੇਹਮ ਨੇ ਲਿਖਿਆ ਹੈ ਕਿ ਇਮਰਾਨ ਸਮਲਿੰਗੀ ਹੈ ਅਤੇ ਉਨ੍ਹਾਂ ਬਾਰੇ ਹੋਰ ਕਈ ਨਿੱਜੀ ਖੁਲਾਸੇ ਉਸ ਨੇ ਕੀਤੇ ਹਨ। 
ਸੱਤਾ ਦੇ ਤੀਸਰੇ ਦਾਅਵੇਦਾਰ ਹਨ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਸਵ. ਬੇਨਜ਼ੀਰ ਭੁੱਟੋ ਦੇ ਬੇਟੇ ਬਿਲਾਵਲ ਭੁੱਟੋ। ਉਹ ਮੋਦੀ-ਸ਼ਰੀਫ ਸਬੰਧਾਂ ਦੇ ਵੀ ਖੁੱਲ੍ਹ ਕੇ ਆਲੋਚਕ ਰਹੇ ਹਨ ਅਤੇ ਆਪਣੀ ਮਾਂ ਵਾਂਗ ਹੀ 'ਕਸ਼ਮੀਰ ਨੂੰ ਪੂਰੇ ਦਾ ਪੂਰਾ ਵਾਪਿਸ ਲਿਆਉਣ ਅਤੇ ਉਸ ਦੀ ਇਕ ਇੰਚ ਜ਼ਮੀਨ ਵੀ ਭਾਰਤ ਕੋਲ ਨਾ ਛੱਡਣ' ਦੀਆਂ ਗੱਲਾਂ ਕਰਦੇ ਹਨ। 
ਉਨ੍ਹਾਂ ਦਾ ਤਜਰਬਾਹੀਣ ਸਿਆਸੀ ਰੁਖ਼ ਸ਼ਾਇਦ ਜ਼ਿਆਦਾ ਸੀਟਾਂ ਨਾ ਦਿਵਾ ਸਕੇ ਪਰ ਕੁਝ ਸਿਆਸੀ ਪਾਰਟੀਆਂ ਨੂੰ ਲੱਗਦਾ ਹੈ ਕਿ ਇਮਰਾਨ ਦੀ ਪੀ. ਟੀ. ਆਈ. ਅਤੇ ਬਿਲਾਵਲ ਦੀ ਪੀ. ਪੀ. ਪੀ. ਚੋਣਾਂ ਤੋਂ ਬਾਅਦ ਆਪਸ 'ਚ ਗੱਠਜੋੜ 'ਤੇ ਵਿਚਾਰ ਕਰ ਸਕਦੀਆਂ ਹੈ। 
ਇਨ੍ਹਾਂ 'ਤਿੰਨ ਵੱਡੇ' ਦਾਅਵੇਦਾਰਾਂ ਤੋਂ ਇਲਾਵਾ ਚੋਣਾਂ ਦੇ ਕੁਝ ਹੋਰ ਵਰਣਨਯੋਗ ਹਿੱਸੇਦਾਰਾਂ ਵਿਚ ਸਾਬਕਾ ਫੌਜ ਮੁਖੀ ਅਤੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਵੀ ਸ਼ਾਮਿਲ ਹਨ। 
ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਚੀਫ ਹਾਫਿਜ਼ ਸਈਦ ਵੀ ਆਪਣੀ ਛੋਟੀ ਸਿਆਸੀ ਸੰਸਥਾ 'ਅੱਲ੍ਹਾ ਹੂ ਅਕਬਰ ਤਹਿਰੀਕ' (ਏ. ਏ. ਟੀ.) ਨਾਲ ਪਹਿਲੀ ਵਾਰ ਚੋਣ ਲੜ ਰਿਹਾ ਹੈ। 
ਹੋਰ ਬੇਹੱਦ ਲੋਕਪ੍ਰਿਯ ਆਜ਼ਾਦ ਉਮੀਦਵਾਰ ਖੈਬਰ- ਪਖਤੂਨਖਵਾ ਇਲਾਕੇ ਤੋਂ ਚੋਣ ਲੜ ਰਹੀ ਨੂਰਜਹਾਂ ਹੈ, ਜੋ ਬਾਲੀਵੁੱਡ ਸਟਾਰ ਸ਼ਾਹਰੁਖ਼ ਖਾਨ ਦੀ ਦੂਰ ਦੀ ਭੈਣ ਹੈ। 
ਬੇਸ਼ੱਕ ਆਜ਼ਾਦਾਨਾ ਅਤੇ ਨਿਰਪੱਖ ਚੋਣਾਂ ਲਈ ਪਹਿਲੀ ਵਾਰ ਯੂਰਪੀਅਨ ਯੂਨੀਅਨ ਸਮੇਤ ਕੌਮਾਂਤਰੀ ਆਬਜ਼ਰਵਰਾਂ ਵਲੋਂ ਚੋਣਾਂ 'ਤੇ ਨਜ਼ਰ ਰੱਖਣ ਦੀ ਸੰਭਾਵਨਾ ਹੋਵੇ, ਸਿਆਸੀ ਪਰਦੇ ਦੇ ਪਿੱਛੇ ਹਮੇਸ਼ਾ ਵਾਂਗ ਪਾਕਿਸਤਾਨੀ ਫੌਜ ਦੇ ਕੰਟਰੋਲ ਵਿਚ ਇਕ ਵੱਡੀ ਖੇਡ ਰਚੀ ਜਾ ਰਹੀ ਹੈ, ਜਿਸ ਨੇ ਭਾਰਤ ਨਾਲ ਨਫਰਤ ਦੀ ਮੁਹਿੰਮ ਨੂੰ ਸਰਹੱਦ 'ਤੇ ਹਮੇਸ਼ਾ ਜ਼ਿੰਦਾ ਰੱਖਿਆ ਹੈ। 


Related News