ਤੰਦਰੁਸਤ ਪੰਜਾਬ ਮਿਸ਼ਨ ਤਹਿਤ ਖੇਤੀ ਵਿਭਾਗ ਨੇ ਵਿੱਢੀ ਮਿੱਟੀ ਪਰਖ ਮੁਹਿੰਮ

06/18/2018 7:45:40 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ) - ਜੇਕਰ ਫਸਲਾਂ ਦੀ ਪੈਦਾਵਾਰ ਲਈ ਖਾਦਾਂ ਦੀ ਸੰਤੁਲਿਤ ਵਰਤੋਂ ਕੀਤੀ ਜਾਵੇ ਤਾਂ ਖਾਦਾਂ ਵਿਚਲੇ ਰਸਾਇਣਾਂ ਦੀ ਭੋਜਨ ਲੜੀ ਤੱਕ ਪਹੁੰਚ ਘੱਟਦੀ ਹੈ। ਇਸ ਨਾਲ ਮਿੱਟੀ ਦੀ ਸਿਹਤ ਬਰਕਰਾਰ ਰਹਿੰਦੀ ਹੈ ਅਤੇ ਕਿਸਾਨ ਦੇ ਖਰਚੇ ਵੀ ਘੱਟ ਹੁੰਦੇ ਹਨ। ਇਸੇ ਲਈ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਨੇ ਮਿਸ਼ਨ ਤੰਦਰੁਸਤ ਪੰਜਾਬ ਦੇ ਟੀਚਿਆਂ ਦੀ ਪ੍ਰਾਪਤ ਲਈ ਝੋਨੇ ਦੀ ਲਵਾਈ ਤੋਂ ਪਹਿਲਾਂ ਮਿੱਟੀ ਦੇ ਨਮੂਨੇ ਦੀ ਜਾਂਚ ਲਈ ਇੱਕਤਰ ਕਰਨ ਦੀ ਮੁਹਿੰਮ ਵਿੱਢੀ ਹੈ। ਇਹ ਜਾਣਕਾਰੀ ਜ਼ਿਲਾ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਨੇ ਦਿੱਤੀ। 
ਜ਼ਿਲਾ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪਿੱਛਲੇ ਸਾਲ ਵਿਭਾਗ ਨੇ 13400 ਨਮੂਨੇ ਇੱਕਤਰ ਕੀਤੇ ਸਨ ਜਦ ਕਿ ਇਸ ਸਾਲ ਮਿਸ਼ਨ ਤਹਿਤ ਵਿਭਾਗ ਨੇ ਟੀਚਾ ਵਧਾ ਕੇ 16115 ਨਮੂਨੇ ਇੱਕਤਰ ਕਰਨ ਦਾ ਕਰ ਲਿਆ ਹੈ। ਹੁਣ ਤੱਕ ਜ਼ਿਲੇ 'ਚੋਂ 11400 ਨਮੂਨੇ ਮਿੱਟੀ ਦੀ ਜਾਂਚ ਲਈ ਇੱਕਤਰ ਕੀਤੇ ਹਨ। ਉਨ੍ਹਾਂ ਕਿਹਾ ਕਿ ਤਿੰਨ ਸਾਲ ਦੇ ਅੰਦਰ-ਅੰਦਰ ਜ਼ਿਲੇ ਦੇ ਸਾਰੇ ਖੇਤਾਂ ਦੇ ਨਮੂਨੇ ਲੈ ਲਏ ਜਾਣਗੇ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੇ ਹਾਲੇ ਤੱਕ ਮਿੱਟੀ ਜਾਂਚ ਨਹੀਂ ਕਰਵਾਈ ਤਾਂ ਉਹ ਅੱਜ ਹੀ ਉਪਰਲੀ ਅੱਧਾ ਫੁੱਟ ਤੈਅ 'ਚੋਂ ਮਿੱਟੀ ਦੇ ਨਮੂਨੇ ਲੈ ਕੇ ਵਿਭਾਗ ਕੋਲ ਜਮਾਂ ਕਰਵਾ ਦੇਣ।  
ਇਸ ਮੌਕੇ ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਕਰਨਜੀਤ ਸਿੰਘ ਨੇ ਦੱਸਿਆ ਕਿ ਜੇਕਰ ਕਣਕ ਨੂੰ ਸਿਫਾਰਸ਼ ਕੀਤੀ ਮਾਤਰਾ 'ਚ ਡੀ.ਏ.ਪੀ. ਖਾਦ ਪਾਈ ਜਾਵੇ ਤਾਂ ਸਾਉਣੀ ਦੀਆਂ ਫਸਲਾਂ ਜਿਵੇਂ ਨਰਮਾ ਅਤੇ ਝੋਨੇ ਨੂੰ ਡੀ.ਏ.ਪੀ. ਖਾਦ ਪਾਉਣ ਦੀ ਕੋਈ ਜਰੂਰਤ ਨਹੀਂ ਹੈ।  

ਫਸਲਾਂ ਲਈ ਲਾਭਕਾਰੀ ਮੀਂਹ
ਅੱਜ ਜ਼ਿਲੇ ਦੇ ਲਗਭਗ ਸਾਰੇ ਹੀ ਭਾਗਾਂ 'ਚ ਮੀਂਹ ਪੈ ਗਿਆ ਹੈ। ਇਹ ਮੀਂਹ ਨਰਮੇ ਅਤੇ ਕਿਨੂੰ ਦੇ ਬਾਗਾਂ ਲਈ ਵਰਦਾਨ ਹੈ। ਇਸ ਨਾਲ 20 ਜੂਨ ਨੂੰ ਝੋਨੇ ਦੀ ਲਵਾਈ ਮੌਕੇ ਲਾਭ ਮਿਲੇਗਾ। ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਸ: ਕਰਨਜੀਤ ਸਿੰਘ ਨੇ ਕਿਹਾ ਕਿ ਵੱਤਰ ਆਉਣ 'ਤੇ ਨਰਮੇ ਦੇ ਖੇਤਾਂ ਨੂੰ ਸੀਲਰ ਨਾਲ ਸੀਲ ਕਰ ਦਿੱਤਾ ਜਾਵੇ ਅਤੇ ਅਗੇਤੇ ਬੀਜੇ ਨਰਮੇ ਨੂੰ 45 ਕਿਲੋ ਯੁਰੀਆ ਦੀ ਪਹਿਲੀ ਖੁਰਾਕ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਨਰਮੇ ਦੇ ਖੇਤਾਂ ਨੇੜਿਓ ਨਦੀਨਾਂ ਨੂੰ ਮਾਰਨ ਦੀ ਸਲਾਹ ਦਿੱਤੀ ਹੈ। 


Related News