ਬਰਸਾਤ ਨੇ ਬਿਜਲੀ ਦੀ ਮੰਗ 500 ਲੱਖ ਯੂਨਿਟ ਘਟਾਈ

06/18/2018 7:08:49 AM

ਪਟਿਆਲਾ(ਪਰਮੀਤ) - ਪੰਜਾਬ ਵਿਚ ਕੱਲ ਰਾਤ ਤੋਂ ਸ਼ੁਰੂ ਹੋਈ ਬਰਸਾਤ ਦੀ ਬਦੌਲਤ ਬਿਜਲੀ ਦੀ ਮੰਗ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਗਰਮੀ ਕਾਰਨ ਜੋ ਮੰਗ 1911 ਲੱਖ ਯੂਨਿਟ ਚੱਲ ਰਹੀ ਸੀ, ਉਹ ਹੁਣ 1419 ਲੱਖ ਯੂਨਿਟ ਰਹਿ ਗਈ ਹੈ। ਇਸ ਤਰ੍ਹਾਂ ਇਸ ਵਿਚ 500  ਲੱਖ ਯੂਨਿਟ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ ਹੀ ਬਦਲੇ ਹੋਏ ਹਾਲਾਤ ਦੇ ਮੱਦੇਨਜ਼ਰ ਤਲਵੰਡੀ ਸਾਬੋ ਥਰਮਲ ਪਲਾਂਟ ਦੇ 2 ਯੂਨਿਟ ਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ 1 ਯੂਨਿਟ ਬੰਦ ਕਰ ਦਿੱਤਾ ਗਿਆ ਹੈ। ਪ੍ਰਾਈਵੇਟ ਥਰਮਲ ਪਲਾਂਟਾਂ ਵਿਚ ਕੋਲੇ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਬੇਸ਼ੱਕ ਰਾਜਪੁਰਾ ਪਲਾਂਟ ਵਿਚ ਕੋਲੇ ਦੀ ਸਥਿਤੀ ਪਹਿਲਾਂ ਨਾਲੋਂ ਸੁਧਰੀ ਹੈ ਪਰ ਹੁਣ ਗੋਇੰਦਵਾਲ ਸਾਹਿਬ ਪਲਾਂਟ ਵਿਚ ਕੋਲਾ ਘਟ ਗਿਆ ਹੈ। ਪਹਿਲਾਂ ਰਾਜਪੁਰਾ ਪਲਾਂਟ ਵਿਚ 1.2 ਦਿਨ ਦਾ ਕੋਲਾ ਪਿਆ ਸੀ। ਹੁਣ ਇਹ ਭੰਡਾਰ 6.5 ਦਿਨ ਦਾ ਹੋ ਗਿਆ ਹੈ। ਦੂਜੇ ਪਾਸੇ ਗੋਇੰਦਵਾਲ ਸਾਹਿਬ ਪਲਾਂਟ ਵਿਚ ਪਹਿਲਾਂ 11 ਦਿਨ ਦਾ ਕੋਲਾ ਭੰਡਾਰ ਸੀ, ਜੋ ਹੁਣ 4.5 ਲੱਖ ਯੂਨਿਟ ਰਹਿ ਗਿਆ ਹੈ। ਤਲਵੰਡੀ ਸਾਬੋ ਪਲਾਂਟ ਵਿਚ 3.29 ਦਿਨ ਦਾ ਭੰਡਾਰ ਪਿਆ ਹੈ। ਦੂਜੇ ਪਾਸੇ ਸਰਕਾਰੀ ਖੇਤਰ ਦੇ ਦੋਵੇਂ ਪਲਾਂਟ ਬੰਦ ਹਨ। ਰੋਪੜ ਵਿਚ 28 ਤੇ ਲਹਿਰਾ ਮੁਹੱਬਤ ਪਲਾਂਟ ਵਿਚ 22 ਦਿਨਾਂ ਦਾ ਕੋਲਾ ਭੰਡਾਰ ਪਿਆ ਹੈ।


Related News