ਨੈਸ਼ਨਲ ਹਾਈਵੇ ਦੇ ਆਲੇ-ਦੁਆਲੇ ਲੱਗੇ ਬੂਟਿਆਂ ਦੀ ਨਹੀਂ ਕੀਤੀ ਜਾ ਰਹੀ ਦੇਖਭਾਲ

06/18/2018 6:56:55 AM

ਤਰਨਤਾਰਨ,   (ਰਮਨ)-  558 ਕਰੋਡ਼ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਨੈਸ਼ਨਲ ਹਾਈਵੇ ਦੇ ਮਾਨਾਵਾਲਾ ਤੋਂ ਹਰੀਕੇ ਪੱਤਣ ਤੱਕ ਦੇ ਹਿੱਸੇ ’ਚ ਲੱਖਾਂ ਰੁਪਏ ਦੀ ਲਾਗਤ ਨਾਲ ਲਾਏ ਗਏ ਹਰਿਆਲੀ ਵਾਲੇ ਬੂਟਿਆਂ ਦੀ ਦੇਖਭਾਲ ਨਾ ਹੋਣ ਕਰ ਕੇ ਸਰਕਾਰ ਨੂੰ ਭਾਰੀ ਚੂਨਾ ਲੱਗਦਾ ਨਜ਼ਰ ਆ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਡ਼ਕ ਬਣਾਉਣ ਵਾਲੀ ਇਕ ਕੰਪਨੀ ਵੱਲੋਂ ਨੈਸ਼ਨਲ ਹਾਈਵੇ ਦੀ ਦੇਖ-ਰੇਖ  ਕਰਨ ਸਬੰਧੀ 4 ਸਾਲਾਂ ਦਾ ਟੈਂਡਰ ਭਰਿਆ ਗਿਆ ਹੈ, ਜਿਸ ’ਚ ਸਡ਼ਕ ਦੀ ਭੰਨ-ਤੋਡ਼, ਲਾਈਟਾਂ, ਰੁੱਖ, ਸਾਈਨ ਬੋਰਡ, ਵਾਹਨ ਚਾਲਕਾਂ ਦੀ ਮਦਦ ਆਦਿ ਵਰਗੀਆਂ ਕਈ ਸੁਵਿਧਾਵਾਂ ਮੌਜੂਦ ਹਨ ਪਰ ਸਡ਼ਕ ਦੇ ਚਾਲੂ ਹੋਣ ਤੋਂ ਕੁਝ ਦੇਰ ਬਾਅਦ ਹੀ ਕੰਪਨੀ ਵੱਲੋਂ ਆਪਣਾ ਵਾਅਦਾ ਨਾ ਨਿਭਾਉਣਾ ਕੁਝ ਸਵਾਲ ਜ਼ਰੂਰ ਖਡ਼੍ਹੇ ਕਰ ਰਿਹਾ ਹੈ।  ਜਾਣਕਾਰੀ ਅਨੁਸਾਰ ਮਾਨਾਵਾਲਾ ਅੰਮ੍ਰਿਤਸਰ ਤੋਂ ਹਰੀਕੇ ਪੱਤਣ ਤੱਕ ਨੈਸ਼ਨਲ ਹਾਈਵੇ ਨੂੰ ਬਣਾਉਣ ਸਬੰਧੀ 558 ਕਰੋਡ਼ ਰੁਪਏ ਦੀ ਰਾਸ਼ੀ ਸਰਕਾਰ ਵੱਲੋਂ ਖਰਚ ਕੀਤੀ ਗਈ ਹੈ, ਜਿਸ ’ਚ ਵਾਹਨ ਚਾਲਕਾਂ ਨੂੰ ਨਵੀਂ ਤਕਨੀਕ ਦੀ ਖੁੱਲ੍ਹੀ ਵਨ ਵੇਅ ਸਡ਼ਕ ਮੁਹੱਈਆ ਕਰਵਾਈ ਗਈ ਹੈ ਤਾਂ ਜੋ  ਸੜਕ ਹਾਦਸਿਆਂ  ’ਚ ਕਮੀ ਲਿਅਾਂਦੀ ਜਾ ਸਕੇ। ਇਸ ਨੈਸ਼ਨਲ ਹਾਈਵੇ ’ਤੇ ਵਾਹਨ ਚਾਲਕਾਂ ਲਈ ਟਰੱਕ ਲੇਅ ਬਾਏ ਦੀ ਵਿਵਸਥਾ ਵੀ ਕੀਤੀ ਗਈ ਹੈ, ਜਿੱਥੇ ਵਾਹਨ ਚਾਲਕ ਪਖਾਨੇ, ਢਾਬੇ ਤੇ ਆਰਾਮ ਲਈ ਵੀ ਰੁਕ ਸਕਦੇ ਹਨ।
ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਮੌਜੂਦ ਡਿਵਾਈਡਰ ਤੋਂ ਲੈ ਕੇ ਸਰਹਾਲੀ ਵਾਲੀ ਸਾਈਡ ਤੇ ਅੰਮ੍ਰਿਤਸਰ ਵਾਲੀ ਰੋਡ ’ਤੇ ਬਣੇ ਡਿਵਾਈਡਰ ’ਚ ਲਾਏ ਗਏ ਨਵੇਂ ਬੂਟਿਆਂ ਦਾ ਗਰਮੀ ’ਚ ਬੁਰਾ ਹਾਲ ਹੁੰਦਾ ਵਿਖਾਈ ਦੇ ਰਿਹਾ ਹੈ। ਇਨ੍ਹਾਂ ਡਿਵਾਈਡਰਾਂ ਵਿਚਕਾਰ ਲੱਗੇ ਬੂਟਿਆਂ ਨੂੰ ਨਾ ਤਾਂ ਸਮੇਂ ’ਤੇ ਪਾਣੀ ਦਿੱਤਾ ਜਾਂਦਾ ਹੈ ਅਤੇ ਨਾ ਹੀ ਇਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ, ਜਿਸ ਕਾਰਨ ਇਨ੍ਹਾਂ ਦਾ ਨਾਮੋ-ਨਿਸ਼ਾਨ ਮਿਟਦਾ ਜਾ ਰਿਹਾ ਹੈ ਤੇ ਸਰਕਾਰ ਨੂੰ ਮੋਟੀ ਰਕਮ ਦਾ ਚੂਨਾ ਲੱਗ ਰਿਹਾ ਹੈ।


Related News