ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਤੇ ਗਲੀਆਂ ਹੋਈਆਂ ਜਲ-ਥਲ, ਨਗਰ ਕੌਂਸਲ ਦੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ

06/18/2018 2:12:51 AM

ਮਾਨਸਾ, (ਜੱਸਲ)-  ਅੱਜ ਕੁਦਰਤ ਨੇ ਕਰਵਟ ਲੈਂਦਿਆਂ ਸਵੇਰ ਤੋਂ ਰੁਕ-ਰੁਕ ਕੇ ਪੈ ਰਹੇ ਤੇਜ਼ ਮੀਂਹ ਨੇ ਅੱਤ ਦੀ ਗਰਮੀ ਅਤੇ ਸਮੁੱਚੀ ਕਾਇਨਾਤ 'ਚ ਪਸਰੀ ਧੂੜ ਤੋਂ ਮਾਨਸਾ ਸ਼ਹਿਰ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ। ਉਨ੍ਹਾਂ ਦੇ ਚਿਹਰੇ ਖੁਸ਼ੀ ਨਾਲ ਖਿੜ੍ਹੇ ਦੇਖੇ ਗਏ ਪਰ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਗਲੀਆਂ 'ਚ ਪਾਣੀ ਭਰਨ ਨਾਲ ਸ਼ਹਿਰ ਦੀ ਆਬਾਦੀ ਕਈ ਭਾਗਾਂ 'ਚ ਵੰਡੀ ਗਈ। ਇਕ ਵਾਰ ਸਥਿਤੀ ਇਹ ਹੋ ਗਈ ਕਿ ਲੋਕਾਂ ਨੂੰ ਘਰਾਂ 'ਚੋਂ ਨਿਕਲਣਾ ਔਖਾ ਹੋ ਗਿਆ। 
ਅੱਜ ਪਏ ਪਹਿਲੇ ਮੀਂਹ ਨੇ ਨਗਰ ਕੌਂਸਲ ਦੇ ਸੀਵਰੇਜ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਗਲੀਆਂ 'ਚ ਮੀਂਹ ਦਾ ਪਾਣੀ ਭਰਨ 'ਤੇ ਜਲ-ਥਲ ਹੋ ਗਿਆ। ਦੂਜੇ ਪਾਸੇ ਝੋਨਾ ਲਾਉਣ ਦੀ ਤਿਆਰੀ 'ਚ ਜੁਟੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕਾਂ ਦਿਖਾਈ ਦਿੱਤੀਆਂ। ਖੇਤੀ ਮੋਟਰਾਂ ਲਈ ਬਿਜਲੀ ਅਤੇ ਨਹਿਰੀ ਪਾਣੀ ਦੀ ਘਾਟ ਕਾਰਨ ਕਿਸਾਨਾਂ ਦੇ ਖੇਤਾਂ 'ਚ ਬੀਜੀਆਂ ਸਬਜ਼ੀਆਂ ਅਤੇ ਹਰਾ-ਚਾਰਾ ਸੜ ਸੁੱਕ ਰਿਹਾ ਸੀ। ਹੁਣ ਝੋਨੇ ਦੀ ਪਨੀਰੀ ਲਾਉਣ ਵੇਲੇ ਵੀ ਇਸ ਫਸਲ ਨੂੰ ਕਾਫੀ ਪਾਣੀ ਦੀ ਲੋੜ ਸੀ। ਇਸ ਵੇਲੇ ਨਰਮੇ ਦੀ ਫਸਲ ਨੂੰ ਵੀ ਪਾਣੀ ਦੀ ਘਾਟ ਰੜਕ ਰਹੀ ਸੀ। 
ਕਿੱਥੇ-ਕਿੱਥੇ ਭਰਿਆ ਮੀਂਹ ਦਾ ਪਾਣੀ 
ਸਥਾਨਕ ਸ਼ਹਿਰ ਦੇ ਬੱਸ ਸਟੈਂਡ ਰੋਡ, ਹਸਪਤਾਲ ਰੋਡ, ਚਕੇਰੀਆਂ ਰੋਡ, ਲੱਲੂਆਣਾ ਰੋਡ, ਵਨ-ਵੇ ਟਰੈਫਿਕ ਰੋਡ, ਗਊਸ਼ਾਲਾ ਰੋਡ ਤੋਂ ਇਲਾਵਾ ਅੰਡਰਬ੍ਰਿਜ ਵਿਚ ਮੀਂਹ ਦਾ ਬੇਤਹਾਸ਼ਾ ਪਾਣੀ ਭਰ ਗਿਆ। ਹੁਣ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਪੂਰੇ ਮਾਨਸਾ ਸ਼ਹਿਰ ਦਾ ਹਾਲ ਬੇਹਾਲ ਹੋ ਗਿਆ ਹੈ। ਸ਼ਹਿਰ ਦੇ ਆਲੇ-ਦੁਆਲੇ ਦੇ ਖੇਤਰਾਂ 'ਚ ਮੀਂਹ ਦਾ ਜ਼ਿਆਦਾ ਪਾਣੀ ਭਰਨ ਦੀਆਂ ਖਬਰਾਂ ਮਿਲ ਰਹੀਆਂ ਹਨ। 
ਜਮਹੂਰੀ ਅਧਿਕਾਰ ਸਭਾ ਨੇ ਉਠਾਈ ਮੰਗ  
ਜਮਹੂਰੀ ਅਧਿਕਾਰ ਸਭਾ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਬਲਕਰਨ ਬੱਲੀ ਨੇ ਕਿਹਾ ਕਿ ਅਕਾਲੀ ਕਾਂਗਰਸੀ ਲੀਡਰ ਜ਼ਿਲੇ ਦਾ ਸਰਬਪੱਖੀ ਵਿਕਾਸ ਕਰਨ ਦੀਆਂ ਫੋਕੀਆਂ ਫੜਾਂ ਮਾਰ ਰਹੇ ਹਨ ਪਰ ਮਾਨਸਾ ਸ਼ਹਿਰ 'ਚ ਪਏ ਪਹਿਲੇ ਮੀਂਹ ਨੇ ਉਨ੍ਹਾਂ ਦੀਆਂ ਗੱਪਾਂ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜ਼ਿਲਾ ਪ੍ਰਸ਼ਾਸਨ ਨੇ ਸ਼ਹਿਰ 'ਚ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਕੋਈ ਠੋਸ ਹੱਲ ਕਰਨ ਦੀ ਬਜਾਏ ਨਵੀਂ ਕੋਰਟ ਰੋਡ 'ਤੇ ਕਚਿਹਰੀ ਦੇ ਗੇਟ ਉੱਚੇ ਚੁੱਕ ਕੇ ਆਪਣਾ ਅੱਗਾ ਸਵਾਰ ਲਿਆ। ਇਸੇ ਤਰ੍ਹਾਂ ਤਿੰਨਕੋਨੀ ਕੋਲ ਡਿਪਟੀ ਕਮਿਸ਼ਨਰ ਦੀ ਰਿਹਾਇਸ਼ 'ਚ ਪਾਣੀ ਦਾਖਲ ਹੋਣ ਤੋਂ ਰੋਕਿਆ ਗਿਆ ਪਰ ਲਿੰਕ ਰੋਡ ਦਾ ਬੜਾ ਮਾੜਾ ਹਾਲ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਨੂੰ ਮੀਂਹ ਦੇ ਪਾਣੀ ਤੋਂ ਬਚਾਉਣ ਲਈ ਸਾਰੇ ਸ਼ਹਿਰ ਦੇ ਨਾਲਿਆਂ ਤੇ ਸੀਵਰੇਜ ਦੀ ਸਫਾਈ ਕਰਵਾਈ ਜਾਵੇ ਅਤੇ ਭਾਈ ਗੁਰਦਾਸ ਵਾਲੇ ਟੋਭੇ ਦੀ ਖੋਦਾਈ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇ ਨਹੀਂ ਤਾਂ ਸ਼ਹਿਰ ਵਾਸੀ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣਗੇ। 
ਕਿਸਾਨਾਂ ਦੇ ਚਿਹਰੇ 'ਤੇ ਰੌਣਕਾਂ 
ਅੱਜ ਮੀਂਹ ਦੇ ਖੁੱਲ੍ਹ ਕੇ ਪੈਣ 'ਤੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕਾਂ ਦੇਖਣ ਨੂੰ ਮਿਲੀਆਂ ਕਿਉਂਕਿ ਜ਼ਮੀਨ ਤੋਂ ਆਸਮਾਨ ਤੱਕ ਫੈਲਿਆ ਮਿੱਟ ਹਰੇ-ਚਾਰੇ ਅਤੇ ਚੌੜੇ ਪੱਤਿਆਂ ਵਾਲੀਆਂ ਫਸਲਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ। ਉਨ੍ਹਾਂ ਨੂੰ ਝੋਨੇ ਦੀ ਪਨੀਰੀ ਲਾਉਣ ਲਈ ਇਸ ਬਾਰਿਸ਼ ਨੇ ਕਾਫੀ ਰਾਹਤ ਦਿੱਤੀ ਹੈ। ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ 20 ਜੂਨ ਤੋਂ ਪਹਿਲਾਂ ਲਾਈ ਪਾਬੰਦੀ ਦੇ ਬਾਵਜੂਦ ਜ਼ਿਲੇ ਭਰ ਦੇ ਵੱਖ-ਵੱਖ ਪਿੰਡਾਂ 'ਚ ਕਿਸਾਨਾਂ ਨੇ ਝੋਨੇ ਦੀ ਪਨੀਰੀ ਲਾ ਦਿੱਤੀ ਹੈ ਪਰ ਕਿਸਾਨ ਖੇਤੀ ਮੋਟਰਾਂ ਲਈ ਪੂਰੀ ਬਿਜਲੀ ਲੈਣ ਲਈ ਸੜਕਾਂ 'ਤੇ ਉਤਰੇ ਹੋਏ ਹਨ। ਜਮਹੂਰੀ ਕਿਸਾਨ ਸਭਾ ਦੇ ਜ਼ਿਲਾ ਪ੍ਰੈੱਸ ਸਕੱਤਰ ਇਕਬਾਲ ਸਿੰਘ ਫਫੜੇ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੌਸਮ 'ਚ ਆਈ ਤਬਦੀਲੀ ਨੂੰ ਦੇਖਦਿਆਂ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਸਿੰਚਾਈ ਲਈ 16 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇ ਤਾਂ ਜੋ ਕਿਸਾਨ ਆਪਣਾ ਝੋਨਾ ਸਹੀ ਸਮੇਂ 'ਤੇ ਲਾ ਸਕਣ।  
ਬੁਢਲਾਡਾ (ਮਨਜੀਤ)-ਅੱਜ ਸਵੇਰ ਤੋਂ ਹੀ ਆਸਮਾਨ 'ਚ ਛਾਏ ਕਾਲੇ ਬੱਦਲਾਂ ਕਾਰਨ ਭਾਰੀ ਮੀਂਹ ਪੈਣਾ ਸ਼ੁਰੂ ਹੋਇਆ, ਜਿਸ ਨਾਲ ਮਨੁੱਖ ਅਤੇ ਪਸ਼ੂ ਪੰਛੀਆਂ ਨੂੰ ਗਰਮੀ ਤੋਂ ਰਾਹਤ ਮਹਿਸੂਸ ਹੋਈ। ਅੱਜ ਸਵੇਰ ਤੋਂ ਹੀ ਹੋਈ ਬਾਰਿਸ਼ ਨਾਲ ਜਿੱਥੇ ਕਿਸਾਨ ਖੁਸ਼ ਨਜ਼ਰ ਆ ਰਹੇ ਹਨ। ਇਸ ਪਹਿਲੀ ਬਾਰਿਸ਼ ਦੀ ਖੁਸ਼ੀ ਮਨਾਉਂਦੇ ਹੋਏ ਘਰਾਂ 'ਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣ ਰਹੇ ਹਨ ਤੇ ਇਕ ਦੂਜੇ ਨੂੰ ਬਰਸਾਤ ਦੀਆਂ ਵਧਾਈਆਂ ਵੀ ਦੇ ਰਹੇ ਸਨ ਤੇ ਘਰਾਂ 'ਚ ਸੁਆਣੀਆਂ ਵੱਲੋਂ ਖੀਰ, ਪੂੜੇ, ਗੁਲਗੁਲੇ, ਮਿੱਠੇ ਚੌਲ ਤਿਆਰ ਕਰ ਕੇ ਆਪਣੇ ਘਰਾਂ 'ਚ ਪਰਿਵਾਰਾਂ ਸਮੇਤ ਖੁਸ਼ੀ ਸਾਂਝੀ ਕੀਤੀ ਜਾ ਰਹੀ ਸੀ। ਇਸ ਹੋਈ ਭਾਰੀ ਬਾਰਿਸ਼ ਮੌਕੇ ਪਿੰਡ ਬੀਰੋਕੇ ਕਲਾਂ ਡੇਰਾ ਬਾਬਾ ਹਰੀਦਾਸ ਜੀ ਦੇ ਮਹੰਤ ਸਾਂਤਾ ਨੰਦ ਜੀ ਨੇ ਸੰਦੇਸ਼ ਦਿੰਦਿਆਂ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਕਰਨੀ ਅਤਿ ਜ਼ਰੂਰੀ ਹੈ। ਸਾਨੂੰ ਆਪਣਾ ਆਲਾ-ਦੁਆਲਾ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ।


Related News