ਧਮਕੀਆਂ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਸਲਫਾਸ ਨਿਗਲ ਕੇ ਖੁਦਕੁਸ਼ੀ

06/18/2018 2:13:06 AM

ਹੁਸ਼ਿਆਰਪੁਰ, (ਅਮਰਿੰਦਰ)- ਅਦਾਲਤ ’ਚ ਚੱਲ ਰਹੇ ਮਾਮਲੇ ’ਚ ਰਾਜ਼ੀਨਾਮਾ ਕਰਨ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ  ਹੋ  ਕੇ ਆਰੀਆ ਨਗਰ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਮੁਕੁਲ ਮਨਕੋਟੀਆ ਉਰਫ ਐਪਲੀ ਪੁੱਤਰ ਅਰੁਣ ਕੁਮਾਰ ਨੇ ਬੀਤੀ ਦੇਰ ਰਾਤ ਚਿੰਤਪੂਰਨੀ ਮਾਰਗ ’ਤੇ ਪਹਾਡ਼ੀ ਖੇਤਰ ’ਚ ਸਲਫਾਸ ਨਿਗਲ ਲਈ। ਪਰਿਵਾਰ ਨੇ ਦੇਰ ਰਾਤ ਉਸ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਅੱਜ ਤਡ਼ਕੇ ਉਸ ਦੀ ਮੌਤ ਹੋ ਗਈ। ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਦਰ ਦੀ ਪੁਲਸ ਨੇ 2 ਦੋਸ਼ੀਆਂ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 
ਕੀ ਹੈ ਮਾਮਲਾ : ਮਿਲੀ ਜਾਣਕਾਰੀ ਅਨੁਸਾਰ ਦੇਰ ਸ਼ਾਮ ਚਿੰਤਪੂਰਨੀ ਰੋਡ ’ਤੇ ਪਦਮਾ ਮੰਦਰ ਨਜ਼ਦੀਕ ਬੇਹੋਸ਼ੀ ਦੀ ਹਾਲਤ ’ਚ ਪਏ ਨੌਜਵਾਨ ਮੁਕੁਲ ਨੂੰ ਲੱਭਦੇ-ਲੱਭਦੇ ਉਸ ਦੀ ਮਾਂ, ਮਾਮਾ ਅਤੇ ਛੋਟਾ ਭਰਾ ਮੌਕੇ ’ਤੇ ਪਹੁੰਚ ਗਏ। ਪਰਿਵਾਰਕ  ਮੈਂਬਰ  ਉਸ ਨੂੰ  ਤੁਰੰਤ ਇਕ ਨਿੱਜੀ ਹਸਪਤਾਲ ’ਚ ਲੈ ਗਏ, ਜਿੱਥੋਂ ਉਸ ਨੂੰ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਸਿਵਲ ਹਸਪਤਾਲ ’ਚ ਵੈਂਟੀਲੇਟਰ ਨਾ  ਹੋਣ  ਕਾਰਨ ਉਸ ਨੂੰ ਨਿੱਜੀ ਹਸਪਤਾਲ ’ਚ ਲਿਜਾਣ ਲਈ ਕਿਹਾ ਗਿਆ, ਜਿੱਥੇ ਮੁਕੁਲ ਦੀ ਮੌਤ ਹੋ ਗਈ।
ਪਿਤਾ ਵਾਂਗ ਮਸ਼ਹੂਰ ਡਰੰਮਰ ਬਣਨਾ ਚਾਹੁੰਦਾ ਸੀ ਐਪਲੀ : ਪਾਲੀਵੁੱਡ ਅਤੇ ਬਾਲੀਵੁੱਡ ਦੇ ਨਾਲ-ਨਾਲ ਨਾਮੀ ਗਾÎਇਕਾਂ ਦੇ ਪ੍ਰੋਗਰਾਮ ’ਚ ਦੇਸ਼-ਵਿਦੇਸ਼ ਜਾਣ ਵਾਲੇ ਮਸ਼ਹੂਰ ਡਰੰਮਰ ਅਰੁਣ ਕੁਮਾਰ ਮਨਕੋਟੀਆ ਦੇ ਵੱਡੇ ਬੇਟੇ ਮੁਕੁਲ ਉਰਫ਼ ਐਪਲੀ ਨੇ ਪਿਤਾ ਵਾਂਗ   ਮਸ਼ਹੂਰ ਡਰੰਮਰ ਬਣਨ ਦਾ ਸੁਪਨਾ ਦੇਖਿਆ ਸੀ। ਥਾਣਾ ਸਦਰ ਪੁਲਸ ’ਚ ਦਰਜ ਸ਼ਿਕਾਇਤ ’ਚ ਅਰੁਣ ਮਨਕੋਟੀਆ ਨੇ ਪੁਲਸ ਨੂੰ ਦੱਸਿਆ ਕਿ ਸਾਲ 2015 ’ਚ ਉਨ੍ਹਾਂ ਦੇ ਘਰੋਂ 25 ਤੋਲੇ ਸੋਨੇ ਦੇ ਗਹਿਣੇ ਚੋਰੀ ਹੋਏ ਸਨ। 
ਇਸ ਮਾਮਲੇ ’ਚ ਪੁਲਸ ਦੀ ਰਿਪੋਰਟ  ਤੋਂ ਬਾਅਦ ਇਸ ਸਮੇਂ ਇਹ ਮਾਮਲਾ ਅਦਾਲਤ ’ਚ ਚੱਲ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੋਸ਼ੀ ਵਾਰ-ਵਾਰ ਮੇਰੇ ਬੇਟੇ ਮੁਕੁਲ ਨੂੰ ਰਾਜ਼ੀਨਾਮਾ ਕਰਨ ਦੀਆਂ ਧਮਕੀਆਂ ਦਿੰਦੇ ਸਨ, ਜਿਸ ਕਾਰਨ  ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ।
ਕੀ ਕਹਿੰਦੇ ਹਨ ਥਾਣਾ ਮੁਖੀ
ਸੰਪਰਕ ਕਰਨ ’ਤੇ ਥਾਣਾ ਮੁਖੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਏ. ਐੱਸ. ਆਈ. ਦਿਲਬਾਗ ਸਿੰਘ ਨੂੰ ਸੌਂਪ ਦਿੱਤੀ ਹੈ। ਲਾਸ਼ ਦਾ ਪੋਸਟਮਾਰਟਮ ਸੋਮਵਾਰ ਨੂੰ ਹੋਵੇਗਾ। ਸਦਰ ਪੁਲਸ ਨੇ ਮ੍ਰਿਤਕ ਨੌਜਵਾਨ ਮੁਕੁਲ ਦੇ ਪਿਤਾ ਅਰੁਣ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ 2 ਦੋਸ਼ੀਆਂ ਸੰਦੀਪ ਕੁਮਾਰ ਵਾਸੀ ਸੁਖੀਆਬਾਦ ਅਤੇ ਵਰੁਣ ਕੁਮਾਰ ਵਾਸੀ ਪ੍ਰੇਮਗਡ਼੍ਹ  ਖਿਲਾਫ਼ ਆਈ.ਪੀ. ਸੀ. ਦੀ ਧਾਰਾ 306, 506, 34 ਅਧੀਨ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
 


Related News