ਕੈਨੇਡਾ ''ਚ ਅਮਰੀਕੀ ਰਾਜਦੂਤ ਕੈਲੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

06/18/2018 1:44:44 AM

ਓਟਾਵਾ— ਕੈਨੇਡਾ 'ਚ ਅਮਰੀਕਾ ਦੀ ਰਾਜਦੂਤ ਕੈਲੀ ਨਾਈਟ ਕਰਾਫਟ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਡਾਕ ਰਾਹੀਂ ਭੇਜੇ ਗਏ ਧਮਕੀ ਭਰੇ ਪੱਤਰ ਨਾਲ ਸ਼ੱਕੀ ਪਦਾਰਥ ਵੀ ਪਾਇਆ ਗਿਆ ਸੀ। ਜਿਸ ਨੂੰ ਜਾਂਚ ਦੌਰਾਨ ਨੁਕਸਾਨ ਰਹਿਤ ਪਾਇਆ ਗਿਆ। 'ਸੀ.ਬੀ.ਸੀ.' ਦੀ ਰਿਪੋਰਟ ਮੁਤਾਬਕ ਧਮਕੀ ਵਾਲਾ ਪੱਤਰ ਤੇ ਸ਼ੱਕੀ ਪਦਾਰਥ ਡਾਕ ਰਾਹੀਂ ਅਮਰੀਕੀ ਰਾਜਦੂਤ ਦੀ ਰਿਹਾਇਸ਼ 'ਤੇ ਪੁੱਜਾ ਤੇ ਜਾਂਚ ਦੌਰਾਨ ਸੁਰੱਖਿਆ ਅਧਿਕਾਰੀਆਂ ਦੀ ਨਜ਼ਰ 'ਚ ਆ ਗਿਆ।
ਕੈਲੀ ਨਾਈਟ ਕਰਾਫਟ ਨੇ ਇਸ ਮਾਮਲੇ ਨੂੰ ਜ਼ਿਆਦਾ ਤਰਜੀਹ ਨਾ ਦਿੰਦਿਆਂ ਕਿਹਾ ਕਿ ਡਿਪਲੋਮੈਟਾਂ ਨੂੰ ਅਤੀਤ 'ਚ ਵੀ ਅਜਿਹੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ। ਦੂਜੇ ਪਾਸੇ ਪ੍ਰਧਾਨ ਮੰਤਰੀ ਦੇ ਦਫਤਰ ਨੇ ਕਿਹਾ ਕਿ ਜਸਟਿਨ ਟਰੂਡੋ ਨੇ ਅਮਰੀਕੀ ਰਾਜਦੂਤ ਨਾਲ ਫੋਨ 'ਤੇ ਗੱਲਬਾਤ ਕੀਤੀ ਜਦਕਿ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਖਾਸ ਤੌਰ 'ਤੇ ਕੈਲੀ ਨਾਈਟ ਕਰਾਫਟ ਨਾਲ ਮੁਲਾਕਾਤ ਲਈ ਪੁੱਜੇ। ਵਿਦੇਸ਼ ਮੰਤਰੀ ਨੇ ਟਵੀਟ ਕੀਤਾ ਕਿ ਅਜਿਹੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਮਰੀਕੀ ਰਾਜਦੂਤ ਇਕ ਜ਼ਰੂਰੀ ਤੇ ਜ਼ਿੰਮੇਵਾਰੀ ਵਾਲੀ ਸੇਵਾ ਨਿਭਾਅ ਰਹੀ ਹੈ ਤੇ ਕੈਨੇਡਾ ਉਨ੍ਹਾਂ ਦੀਆਂ ਸੇਵਾਵਾਂ ਦਾ ਸਤਿਕਾਰ ਕਰਦਾ ਹੈ।
ਜ਼ਿਕਰਯੋਗ ਹੈ ਕਿ ਦੁਵੱਲੇ ਵਪਾਰ ਮੁੱਦੇ 'ਤੇ ਕੈਨੇਡਾ ਤੇ ਅਮਰੀਕਾ ਦਰਮਿਆਨ ਚੱਲ ਰਿਹਾ ਵਿਵਾਦ ਉਸ ਵੇਲੇ ਵਧ ਗਿਆ ਜਦੋਂ ਪਿਛਲੇ ਦਿਨੀਂ ਜੀ-7 ਸੰਮੇਲਨ ਵਿਚਾਲੇ ਛੱਡ ਕੇ ਗਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾ ਸਿਰਫ ਜਸਟਿਨ ਟਰੂਡੋ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਸਗੋਂ ਇਹ ਵੀ ਕਹਿ ਦਿੱਤਾ ਕਿ ਪ੍ਰਧਾਨ ਮੰਤਰੀ ਦੇ ਕੀਤੇ ਦੀ ਸਜ਼ਾ ਕੈਨੇਡਾ ਦੇ ਲੋਕਾਂ ਨੂੰ ਭੁਗਤਣੀ ਪਵੇਗੀ।


Related News