ਸੂਬੇ ਦੇ ਸਰਕਾਰੀ ਸਕੂਲਾਂ ਲਈ ਮਿਸਾਲ ਬਣਿਆ ਪਿੰਡ ਝਾਂਸ ਦਾ ਸਰਕਾਰੀ ਐਲੀਮੈਂਟਰੀ ਸਕੂਲ (ਤਸਵੀਰਾਂ)

06/17/2018 6:57:58 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਹੁਸ਼ਿਆਰਪੁਰ ਜ਼ਿਲੇ 'ਚ ਇਕ ਅਜਿਹਾ ਸਰਕਾਰੀ ਐਲੀਮੈਂਟਰੀ ਸਕੂਲ ਹੈ ਜੋ ਜ਼ਿਲੇ 'ਚ ਹੀ ਨਹੀਂ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਲਈ ਮਿਸਾਲ ਬਣਿਆ ਹੋਇਆ ਹੈ। ਜੇ ਇਹ ਕਹਿ ਲਿਆ ਜਾਵੇ ਕਿ ਸਰਕਾਰੀ ਇਮਾਰਤ 'ਚ ਅਵੱਲ ਦਰਜੇ ਦਾ ਕਾਨਵੈਂਟ ਸਕੂਲ ਚੱਲ ਰਿਹਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਚੰਗੇ ਸਜਾਏ ਹੋਏ ਕਲਾਸ ਰੂਮ, ਬੱਚਿਆਂ ਦੀ ਸੋਹਣੀ ਸਕੂਲੀ ਵਰਦੀ, ਅਨੁਸ਼ਾਸ਼ਨ, ਸਾਫ-ਸੁੰਦਰ ਕੈਂਪਸ ਅਤੇ ਹੋਰ ਸਹੂਲਤਾਂ ਇਸ ਸਕੂਲ ਨੂੰ ਵੱਖਰੀ ਆਧੁਨਿਕ ਦਿੱਖ ਪ੍ਰਦਾਨ ਕਰ ਰਹੇ ਹਨ। 
ਟਾਂਡਾ ਨੇੜਲੇ ਪਿੰਡ ਝਾਂਸ ਦਾ ਇਹ ਇੰਗਲਿਸ਼ ਮੀਡੀਅਮ ਸਕੂਲ ਪ੍ਰਾਈਵੇਟ ਸਕੂਲਾਂ ਦਾ ਪੂਰਾ ਮੁਕਾਬਲਾ ਕਰ ਰਿਹਾ ਹੈ ਅਤੇ ਇਲਾਕੇ ਦੇ ਲੋਕ ਆਪਣੇ ਬੱਚੇ ਇਸ ਸਕੂਲ 'ਚ ਪੜ੍ਹਾਉਣ ਨੂੰ ਹੀ ਪਹਿਲ ਦੇ ਰਹੇ ਹਨ। ਇਸ ਸਕੂਲ ਨੂੰ ਅਵੱਲ ਦਰਜੇ ਦਾ ਬਣਾਉਣ, ਨਵੀਂ ਦਿੱਖ ਪ੍ਰਦਾਨ ਕਰਨ ਅਤੇ ਸਿੱਖਿਆ ਦਾ ਮਿਆਰ ਹੋਰ ਉਪਰ ਚੁੱਕਣ ਦਾ ਸਿਹਰਾ ਸਕੂਲ ਦੇ ਅਧਿਆਪਕ ਨਰਿੰਦਰ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਨੂੰ ਜਾਂਦਾ ਹੈ।
ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਸਟੇਟ ਐਵਾਰਡੀ ਅਧਿਆਪਕ ਨਰਿੰਦਰ ਅਰੋੜਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਅਧਿਆਪਕਾਂ ਸਦਕਾ ਹੀ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਦੇ ਨਾਲ-ਨਾਲ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕਦੀ ਹੈ। ਉਨ੍ਹਾਂ ਨੇ ਬਾਕੀ ਅਧਿਆਪਕਾਂ ਨੂੰ ਵੀ ਸਰਕਾਰੀ ਸਕੂਲਾਂ ਦਾ ਲੈਵਲ ਹੋਰ ਉੱਚਾ ਚੁੱਕਣ ਲਈ ਝਾਂਸ ਸਕੂਲ ਨੂੰ ਰੋਲ ਮਾਡਲ ਬਣਾ ਕੇ ਜੀਅ-ਤੋੜ ਯਤਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ 'ਚੋਂ ਨਿਵੇਕਲਾ ਪ੍ਰੋਜੈਕਟ 'ਸਮਰਪਣ' ਵੀ ਸਿੱਖਿਆ ਦੇ ਖੇਤਰ 'ਚ ਇਕ ਨਵਾਂ ਮੀਲ ਪੱਥਰ ਸਾਬਤ ਹੋਵੇਗਾ।

PunjabKesari
ਨਰਿੰਦਰ ਅਰੋੜਾ ਨੇ ਦੱਸਿਆ ਕਿ ਪਿੰਡ ਝਾਂਸ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਕਿਸੇ ਸਮੇਂ ਨਰਸਰੀ ਤੋਂ 5ਵੀਂ ਤੱਕ ਦੇ 17 ਬੱਚੇ ਹੀ ਪੜ੍ਹ ਰਹੇ ਸਨ ਪਰ ਉਨ੍ਹਾਂ ਨੇ ਆਪਣੀ ਅਧਿਆਪਕ ਪਤਨੀ (ਝਾਂਸ ਸਕੂਲ ਵਿਚ ਹੀ ਅਧਿਆਪਕ) ਨਾਲ ਮਿਲ ਕੇ ਸਖਤ ਮਿਹਨਤ ਕਰਦਿਆਂ ਇਸ ਸਰਕਾਰੀ ਸਕੂਲ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦਾ ਬੀੜਾ ਚੁੱਕਿਆ। ਉਨ੍ਹਾਂ ਨੇ ਦੱਸਿਆ ਕਿ ਅੱਜ 213 ਬੱਚੇ ਪੜ੍ਹ ਰਹੇ ਹਨ ਅਤੇ ਕਰੀਬ 200 ਬੱਚੇ ਨੇੜਲੇ ਕਾਨਵੈਂਟ ਸਕੂਲਾਂ ਤੋਂ ਹੱਟ ਕੇ ਇਥੇ ਦਾਖਲ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਸਕੂਲ 'ਚ ਐਤਵਾਰ 9 ਤੋਂ 12 ਅਤੇ ਹਫਤੇ 'ਚ 4 ਦਿਨ ਸ਼ਾਮ ਨੂੰ ਸਪੈਸ਼ਲ ਕਲਾਸਾਂ ਵੀ ਲਗਾਈਆਂ ਜਾ ਰਹੀਆਂ ਹਨ, ਤਾਂ ਜੋ ਕਮਜ਼ੋਰ ਬੱਚਿਆਂ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾ ਸਕੇ। ਬੱਚਿਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ਤੋਂ ਇਲਾਵਾ ਜਨਰਲ ਨਾਲਿਜ ਦੇ ਨਾਲ-ਨਾਲ ਹੋਰ ਗਿਆਨ ਭਰਪੂਰ ਕਿਤਾਬਾਂ ਵੀ ਪੜ੍ਹਾਈਆਂ ਜਾ ਰਹੀਆਂ ਹਨ।

PunjabKesari

ਅਰੋੜਾ ਨੇ ਕਿਹਾ ਕਿ ਉਸ ਦਾ ਬੇਟਾ ਅਤੇ ਬੇਟੀ ਵੀ ਇਥੇ ਪੜ੍ਹ ਚੁਕੇ ਹਨ ਅਤੇ ਹੁਣ ਅਗਲੀਆਂ ਕਲਾਸਾਂ ਵਿਚ ਹਨ। 500 'ਚੋਂ 497 ਅੰਕਾਂ ਨਾਲ ਸਕੂਲ ਇਸ ਸਾਲ ਟਾਪ 'ਤੇ ਰਿਹਾ ਹੈ। ਉਨਾਂ ਦੱਸਿਆ ਕਿ ਬੱਚਿਆਂ ਦੀ ਸਹੂਲਤ ਲਈ ਸਕੂਲ ਲਈ ਵੈਨ, ਆਟੋ, ਬੱਸ ਆਦਿ ਲੱਗੇ ਹੋਏ ਹਨ ਅਤੇ ਇਨਾਂ ਦੀ ਸੁਰੱਖਿਆ ਲਈ ਮਾਪੇ ਪੂਰੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਸਕੂਲ ਦੀ ਇਮਾਰਤ ਦੇਖਣ ਲਈ ਲੋਕ ਦੂਰੋਂ-ਦੂਰੋਂ ਆ ਰਹੇ ਹਨ ਅਤੋ ਜਦੋਂ ਉਹ ਸ਼ਲਾਘਾ ਕਰਦੇ ਹਨ ਤਾਂ ਉਨ੍ਹਾਂ ਹੀ ਹਿੰਮਤ ਹੋਰ ਵੱਧ ਜਾਂਦੀ ਹੈ। ਸਕੂਲ ਵਿਚ ਬੱਚਿਆਂ ਨੂੰ ਜਵਾਹਰ ਨਵੋਦਿਆ ਵਿਦਿਆਲਿਆ ਸਮੇਤ ਹੋਰ ਉੱਚ ਪੱਧਰ ਦੇ ਸਕੂਲਾਂ ਵਿਚ ਦਾਖਲਿਆਂ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ 5ਵੀਂ ਤੋਂ ਬਾਅਦ 6 ਵੀਂ ਕਲਾਸ 'ਚ ਦਾਖਲੇ ਲਈ ਉਨ੍ਹਾਂ ਨੂੰ ਸਾਬਤ ਨਾ ਕਰਨਾ ਪਵੇ ਕਿ ਉਹ ਕਿਹੜੇ ਸਕੂਲ 'ਚੋਂ ਆਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਕੂਲ ਦੇ 4 ਬੱਚੇ ਜਵਾਹਰ ਨਵੋਦਿਆ ਸਕੂਲ 'ਚ ਵੀ ਸਿਲੈਕਟ ਹੋ ਚੁੱਕੇ ਹਨ। ਸ਼ਾਨਦਾਰ ਪੇਂਟ ਵਾਲੇ ਸਕੂਲ ਦੀ ਇਮਾਰਤ 'ਤੇ ਅਜਿਹੀ ਗਿਆਨ ਭਰਪੂਰ ਚਿੱਤਰਕਾਰੀ ਕੀਤੀ ਗਈ ਹੈ ਕਿ ਬੱਚੇ ਮਨੋਰੰਜਨ ਦੇ ਨਾਲ ਹੀ ਇਨ੍ਹਾਂ ਤੋਂ ਸਿੱਖਿਆ ਹਾਸਲ ਕਰ ਰਹੇ ਹਨ। ਬੱਚਿਆਂ ਦੇ ਮਾਪਿਆਂ ਨਾਲ ਵੀ ਉਹ ਰੋਜ਼ਾਨਾ ਗੱਲ ਰਹੇ ਹਨ, ਤਾਂ ਜੋ ਬੱਚਿਆਂ ਬਾਰੇ ਫੀਡ ਬੈਕ ਦਿੱਤੀ ਜਾ ਸਕੇ। 

PunjabKesari
ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਗਿੱਧਾ, ਭੰਗੜਾ, ਸੁੰਦਰ ਲਿਖਾਈ ਆਦਿ ਸਿਰਜਣਾਤਮਕ ਪ੍ਰਤਿਭਾਵਾਂ 'ਚ ਵੀ ਮੋਹਰੀ ਰੋਲ ਅਦਾ ਕਰ ਰਹੇ ਹਨ। ਉਨਾਂ ਦੱਸਿਆ ਕਿ ਡੀ. ਡੀ. ਪੰਜਾਬੀ 'ਤੇ ਚੱਲ ਰਹੇ ਪ੍ਰੋਗਰਾਮ 'ਕਿਸਮੇ ਕਿਤਨਾ ਹੈ ਦਮ' 'ਚ ਸਕੂਲ ਦੇ ਬੱਚੇ 12 ਰਾਊਂਡ ਕਲੀਅਰ ਕਰਕੇ ਗਰੈਂਡ ਫਿਨਾਲੇ 'ਚ ਪਹੁੰਚ ਚੁੱਕੇ ਹਨ। ਇਨ੍ਹਾਂ 'ਚ 3 ਬੱਚੇ ਸੋਲੋ ਡਾਂਸ, ਗਿੱਧਾ ਟੀਮ (14 ਬੱਚੇ), ਇਕ ਕੁਇਜ਼ ਅਤੇ ਇਕ ਬੱਚਾ ਭਾਸ਼ਣ 'ਚ ਗਰੈਂਡ ਫਿਨਾਲੇ ਮੁਕਾਬਲੇ 'ਚ ਹੁਸ਼ਿਆਰਪੁਰ ਦਾ ਨਾਂ ਰੌਸ਼ਨ ਕਰਨ ਲਈ ਤਿਆਰ ਹੈ। ਇਸ ਪ੍ਰੋਗਰਾਮ 'ਚ 4 ਰਾਜਾਂ ਦੇ ਬੱਚੇ ਹਿੱਸਾ ਲੈ ਰਹੇ ਹਨ।


Related News