ਸਿੱਧੂ ਇਕ ਹੀ ਮਾਸਟਰ ਸਟ੍ਰੋਕ ''ਚ ਫਗਵਾੜਾ ਭਾਜਪਾ ਦੀ ਹਾਲਤ ਕਰ ਗਏ ਪਤਲੀ

06/17/2018 4:08:20 PM

ਫਗਵਾੜਾ(ਜਲੋਟਾ)— ਫਗਵਾੜਾ ਵਿਖੇ ਪਹੁੰਚੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਫੁਲ ਫਾਰਮ ਵਿਚ ਦਿਸੇ। ਸਿੱਧੂ ਨੇ ਫਗਵਾੜਾ 'ਚ ਸੈਂਕੜੇ ਲੋਕਾਂ ਦੀ ਭੀੜ 'ਚ ਲੋਕਲ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਕੈਂਥ ਦਾ ਨਾਂ ਲੈ ਕੇ ਆਪਣੇ ਜਾਣੇ ਪਛਾਣੇ 'ਚ ਖਰੀਆਂ-ਖਰੀਆਂ ਸੁਣਾਈਆਂ। ਰਾਜਸੀ ਮਾਹਿਰਾਂ ਅਨੁਸਾਰ ਜੋ ਕੁਝ ਨਵਜੋਤ ਸਿੰਘ ਸਿੱਧੂ ਫਗਵਾੜਾ ਦੌਰੇ ਦੌਰਾਨ ਕਰ ਗਏ ਹਨ, ਉਸ ਦੀ ਕਲਪਨਾ ਸ਼ਾਇਦ ਭਾਜਪਾ ਦੇ ਚੋਟੀ ਦੇ ਆਗੂਆਂ ਨੇ ਵੀ ਨਹੀਂ ਸੀ ਕੀਤੀ। ਸਿੱਧੂ ਇਕ ਹੀ ਮਾਸਟਰ ਸਟ੍ਰੋਕ 'ਚ ਫਗਵਾੜਾ ਭਾਜਪਾ ਦੀ ਹਾਲਤ ਪਤਲੀ ਕਰ ਗਏ। 
ਦੱਸਣਯੋਗ ਹੈ ਕਿ ਉਕਤ ਮਾਮਲੇ ਸਬੰਧੀ ਲੋਕਲ ਵਿਧਾਇਕ ਕੈਂਥ ਵੱਲੋਂ ਚਿੱਠੀ ਲਿਖ ਕੇ ਸਿੱਧੂ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਇਸ ਮਾਮਲੇ 'ਚ ਗੰਭੀਰਤਾ ਨਾਲ ਸੋਚਣ ਪਰ ਸ਼ਨੀਵਾਰ ਜਿਸ ਤਰ੍ਹਾਂ ਸਿੱਧੂ ਨੇ ਕਿਹਾ ਕਿ ਅੱਧੇ ਅਧੂਰੇ ਨਿਰਮਾਣ ਕਾਰਜ ਦੌਰਾਨ ਕੁਝ ਆਗੂਆਂ ਦਾ ਮੌਕੇ 'ਤੇ ਪਹੁੰਚ ਕੇ ਸਿਰਫ ਵਾਹੋ-ਵਾਹੀ ਖੱਟਣ ਦੇ ਮਕਸਦ ਨਾਲ ਉਦਘਾਟਨ ਕਰਨ ਨੂੰ ਉਹ ਉਦਘਾਟਨ ਨਹੀਂ ਮੰਨਦੇ। ਉਹ ਬਹੁਤ ਕੁਝ ਬਿਨਾਂ ਕਹੇ ਬਿਆਨ ਕਰ ਗਿਆ ਹੈ। ਸਭ ਤੋਂ ਦਿਲਚਸਪ ਪਹਿਲੂ ਇਹ ਰਿਹਾ ਕਿ ਸਿੱਧੂ ਨੇ ਜਿੱਥੇ ਭਾਜਪਾ ਵਿਧਾਇਕ ਕੈਂਥ ਨੂੰ ਤਾਂ ਬਹੁਤ ਕੁਝ ਕਿਹਾ ਪਰ ਫਗਵਾੜਾ ਨਗਰ ਨਿਗਮ ਦੇ ਮੇਅਰ ਅਰੁਣ ਖੋਸਲਾ ਦਾ ਨਾਂ ਤਕ ਨਹੀਂ ਲਿਆ। ਰਾਜਸੀ ਮਾਹਿਰਾਂ ਅਨੁਸਾਰ ਇਹ ਸਿੱਧੂ ਦੀ ਭਾਜਪਾ ਮੇਅਰ ਨੂੰ ਪਾਈ ਗਈ ਉਹ ਗੁਗਲੀ ਰਹੀ, ਜਿਸ ਦਾ ਸਿੱਧਾ ਭਾਵ ਇਹ ਰਿਹਾ ਕਿ ਸਿੱਧੂ ਨੇ ਮੇਅਰ ਖੋਸਲਾ ਨੂੰ ਕੋਈ ਮਹੱਤਵ ਹੀ ਨਹੀਂ ਦਿੱਤਾ। ਇਸ ਦੌਰਾਨ ਸਿੱਧੂ ਨੇ ਫਗਵਾੜਾ ਦੇ ਸਰਵਪੱਖੀ ਵਿਕਾਸ ਲਈ 25 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਵੀ ਕੀਤਾ।
ਬਲਾਕ ਕਾਂਗਰਸ ਪ੍ਰਧਾਨ ਸੰਜੀਵ ਨੇ ਮੇਅਰ ਅਰੁਣ ਖੋਸਲਾ 'ਤੇ ਲਾਏ ਭ੍ਰਿਸ਼ਟਾਚਾਰ ਦੇ ਦੋਸ਼
ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁਗਾ ਵੱਲੋਂ ਸਭਾ ਵਿਚ ਮੌਜੂਦ ਰਹੇ ਸਿੱਧੂ ਦੇ ਸਾਹਮਣੇ ਮੇਅਰ ਅਰੁਣ ਖੋਸਲਾ ਤੇ ਕਈ ਗੰਭੀਰ ਦੋਸ਼ ਲਾਉਂਦਿਆਂ  ਮੰਗ ਕੀਤੀ ਕਿ  ਉਕਤ ਸਾਰੇ ਮਾਮਲਿਆਂ ਦੀ ਵਿਜੀਲੈਂਸ ਜਾਂਚ ਹੋਵੇ।


Related News