''ਪੂਰੇ ਯੂਰਪ ''ਚ 18 ਤੋਂ 24 ਸਾਲ ਦੇ ਨੌਜਵਾਨ ਬੇਰੁਜ਼ਗਾਰ''

06/17/2018 4:01:21 PM

ਰੋਮ,(ਕੈਂਥ)— ਬੇਰੁਜ਼ਗਾਰੀ ਇਕ ਅਜਿਹੀ ਵੱਡੀ ਸਮੱਸਿਆ ਹੈ, ਜਿਸ ਨੇ ਦੁਨੀਆ ਭਰ ਵਿਚ ਅਣਗਿਣਤ ਨੌਜਵਾਨਾਂ ਦਾ ਭੱਵਿਖ ਨਸ਼ਿਆਂ ਦੀ ਦਲ-ਦਲ ਵਿਚ ਧੱਕ ਦਿੱਤਾ ਹੈ। ਬਹੁਤ ਸਾਰੇ ਨੌਜਵਾਨ ਬੇਰੁਜ਼ਗਾਰੀ ਤੋਂ ਨਿਜਾਤ ਪਾਉਣ ਲਈ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ 'ਚ ਚੱਲੇ ਗਏ ਅਤੇ ਕਈ ਵਿਚਾਰਿਆਂ ਨੂੰ ਤਾਂ ਪ੍ਰਦੇਸ 'ਚ ਵੀ ਬੇਰੁਜ਼ਗਾਰੀ ਨੇ ਆਪਣੇ ਮੱਕੜੀ ਦੇ ਜਾਲ 'ਚੋਂ ਬਾਹਰ ਨਹੀਂ ਆਉਣ ਦਿੱਤਾ ਤਾਂ ਉਹ ਨੌਜਵਾਨ ਦੁਨੀਆ ਹੀ ਛੱਡ ਗਏ। 
ਭਾਰਤੀ ਨੌਜਵਾਨ ਖਾਸ ਕਰ ਕੇ ਪੰਜਾਬੀ ਨੌਜਵਾਨ ਇਹ ਸੋਚਦੇ ਹਨ ਕਿ ਭਾਰਤ ਵਿਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਅਤੇ ਇਸ ਲਈ ਉਹ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ ਪਰ ਇਹ ਖ਼ਬਰ ਭਾਰਤ ਵਿਚ ਰਹਿੰਦੇ ਉਨ੍ਹਾਂ ਨੌਜਵਾਨਾਂ ਲਈ ਹੈ, ਜਿਹੜੇ ਕਿ ਇਹ ਸਮਝਦੇ ਹਨ ਕਿ ਯੂਰਪ ਵਿਚ ਬੇਰੁਜ਼ਗਾਰੀ ਨਹੀਂ ਹੈ। ਪਿਛਲੇ ਸਾਲ ਕੀਤੇ ਗਏ ਇਕ ਸਰਵੇਖਣ ਅਨੁਸਾਰ ਇਟਲੀ ਵਿਚ 25.7 ਫੀਸਦੀ ਇਟਾਲੀਅਨ ਨੌਜਵਾਨ ਬੇਰੁਜ਼ਗਾਰ ਹਨ। ਉਨ੍ਹਾਂ ਕੋਲ ਨਾ ਕੰਮ ਹੈ, ਨਾ ਸਿੱਖਿਆ ਅਤੇ ਨਾ ਹੀ ਕੋਈ ਕਿਸੇ ਕੰਮ ਦੀ ਸਿਖਲਾਈ ਹੈ। 
ਇਸ ਤੋਂ ਅੱਗੇ ਗਰੀਸ ਵਿਚ 21.4 ਫੀਸਦੀ, ਕਰੋਸ਼ੀਆ ਵਿਚ 20. 2 ਫੀਸਦੀ, ਰੋਮਾਨੀਆ ਵਿਚ 19.3 ਫੀਸਦੀ ਤੇ ਬੁਲਗਾਰੀਆ ਵਿਚ 18.6 ਫੀਸਦੀ ਬੇਰੁਜ਼ਗਾਰੀ ਦਾ ਅੰਕੜਾ ਹੈ। ਇਟਲੀ ਵਿਚ ਨੌਜਵਾਨ ਵਰਗ ਬੇਰੁਜ਼ਗਾਰ ਦਰ ਲਗਭਗ 31 ਫੀਸਦੀ ਹੈ। ਗਰੀਸ ਅਤੇ ਸਪੇਨ ਤੋਂ ਬਾਅਦ ਯੂਰਪੀਅਨ ਯੂਨੀਅਨ ਵਿਚ ਇਹ ਤੀਜਾ ਸਭ ਤੋਂ ਵਧ ਅੰਕੜਾ ਹੈ। ਇਟਲੀ ਵਿਚ ਹਰ ਸਾਲ ਹਜ਼ਾਰਾਂ ਬੇਰੁਜ਼ਗਾਰ ਇਟਾਲੀਅਨ ਨੌਜਵਾਨ ਆਪਣਾ ਭੱਵਿਖ ਬਿਹਤਰ ਬਣਾਉਣ ਲਈ ਇਟਲੀ ਨੂੰ ਅਲਵਿਦਾ ਕਹਿ ਰਹੇ ਹਨ। ਸਰਵੇਖਣ ਅਨੁਸਾਰ ਸਾਲ 2017 ਵਿਚ ਯੂਰਪ ਪੱਧਰ 'ਤੇ 18 ਤੋਂ 24 ਸਾਲ ਦੇ ਨੌਜਵਾਨ 5.5 ਮਿਲੀਅਨ ਅਜਿਹੇ ਸਨ, ਜਿਨ੍ਹਾਂ ਕੋਲ ਨਾ ਕੰਮ, ਨਾ ਸਿੱਖਿਆ ਅਤੇ ਨਾ ਹੀ ਕਿਸੇ ਕੰਮ ਦੀ ਸਿਖਲਾਈ ਸੀ। ਇਹ ਅੰਕੜਾ ਸਲੋਵਾਕੀਆ ਅਤੇ ਫਿਨਲੈਂਡ ਦੀ ਕੁੱਲ ਆਬਾਦੀ ਦੇ ਬਰਾਬਰ ਹੈ।


Related News