ਨਵੀਂ ਆਬਾਦੀ ਅਦਾਲਤ ਚੱਕ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ

06/17/2018 1:12:32 PM

ਸੁਲਤਾਨਪੁਰ ਲੋਧੀ (ਅਸ਼ਵਨੀ)— ਸਥਾਨਕ ਨਵੀਂ ਆਬਾਦੀ ਅਦਾਲਤ ਚੱਕ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਸੁਰਤੇਹਾਲ ਇਹ ਹੈ ਕਿ ਪਿੰਡ ਦੀਆਂ ਗਲੀਆਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਾਲੀਆਂ ਅੰਦਰ ਕੀੜੇ ਚੱਲ ਪਏ ਹਨ, ਜਿਹੜੇ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਰਹੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਦੁਬਰ ਹੋਕੇ ਰਹਿ ਗਈ ਹੈ। ਇਕ ਗਲੀ ਤਾਂ ਇਸ ਤਰ੍ਹਾਂ ਦੱਸੀ ਜਾ ਰਹੀ ਹੈ, ਜਿੱਥੇ ਗੋਡੇ-ਗੋਡੇ ਗਾਰਾ ਹੀ ਗਾਰਾ ਹੈ। ਕਰਾਇਸਟ ਜੋਤੀ ਕਾਨਵੈਂਟ ਸਕੂਲ ਦੇ ਸਾਹਮਣੇ ਵਸੀ ਇਸ ਕਾਲੋਨੀ ਦੇ ਵਿਕਾਸ ਦੀ ਤਸਵੀਰ ਪਿੰਡ ਅੰਦਰ ਦਾਖਲ ਹੋਣ ਸਮੇਂ ਹੀ ਨਜ਼ਰ ਆ ਜਾਂਦੀ ਹੈ। ਸਕੂਲ ਸਾਹਮਣੇ ਘਰਾਂ ਦੀਆਂ ਨਾਲੀਆਂ ਮਿੱਟੀ ਵਗੈਰਾ ਨਾਲ ਬੰਦ ਪਈਆਂ ਹਨ, ਜਿੱਥੇ ਗੰਦਗੀ ਦਾ ਰਾਜ ਹੈ। 
ਸਕੂਲ ਸਾਹਮਣੇ ਘਰ ਵਾਲਿਆਂ ਨੇ ਦੱਸਿਆ ਕਿ ਉਹ ਲਗਭਗ 7-8 ਮਹੀਨੇ ਪਹਿਲਾਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੀ ਸ਼ਿਕਾਇਤ ਬੀ. ਡੀ. ਪੀ. ਓ. ਦਫਤਰ 'ਚ ਕਰ ਕੇ ਸੀਵਰੇਜ ਪਾਈਪ ਲਾਈਨ ਪਾਉਣ ਦੀ ਮੰਗ ਕਰ ਚੁੱਕੇ ਹਨ ਪਰ ਅਜੇ ਤਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਕੀਤੀ ਗਈ, ਜਿਸ ਕਾਰਨ ਉਨ੍ਹਾਂ ਸਮੇਤ ਸਾਰੇ ਘਰਾਂ ਦੇ ਲੋਕਾਂ ਨੂੰ ਢਾਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਸਾਬਕਾ ਸਰਪੰਚ ਤੇਜਾ ਸਿੰਘ ਨੇ ਦੱਸਿਆ ਕਿ ਮੌਜੂਦਾ ਸਰਪੰਚ ਅਜੀਤ ਸਿੰਘ ਪਿੰਡ ਅੰਦਰ ਗਲੀ ਜਿਸ ਅੰਦਰ ਲਗਾਤਾਰ 15 ਤੋਂ ਵਧੇਰੇ ਪਰਿਵਾਰਾਂ ਦੇ ਘਰ ਹਨ, ਦੀ ਸਾਰ ਲੈਣ ਦੀ ਥਾਂ ਅਤੇ ਪਿੰਡ ਦੇ ਰਕਬੇ 'ਚ ਇਕ ਕਾਲੋਨੀ ਦੀ ਗਲੀ 'ਚ ਲੱਗੀਆਂ ਨਵੀਆਂ ਇੱਟਾਂ ਪੁਟਵਾ ਕੇ ਉਸ ਦੀ ਰੋੜੀ ਕੁਟਵਾਉਣ ਦੀ ਗੱਲ ਆਖ ਰਿਹਾ ਹੈ। 

PunjabKesari
ਸਾਬਕਾ ਸਰਪੰਚ ਤੇਜਾ ਸਿੰਘ ਨੇ ਦੋਸ਼ ਲਾਇਆ ਕਿ ਮੌਜੂਦਾ ਸਰਪੰਚ ਆਪਣੇ ਘਰ ਨੂੰ ਜਾਂਦੀ ਗਲੀ ਨੂੰ ਕੰਕਰੀਟ ਸੀਮੈਂਟ ਨਾਲ ਪੱਕਾ ਕਰਵਾਉਣ ਲਈ ਨਿਰਮਾਣ ਕਾਰਜ ਸ਼ੁਰੂ ਕਰਵਾ ਰਿਹਾ ਹੈ, ਜਦਕਿ ਦੂਜੇ ਪਾਸੇ ਅਮਰੀਕ ਸਿੰਘ, ਹਰੀ ਰਾਮ, ਲਫਤਾਰ ਸਿੰਘ, ਰਵੀ, ਰਾਜ, ਰਾਜ ਦੇ ਘਰਾਂ ਨਾਲ ਸਬੰਧਤ ਗਲੀ ਅਤੇ ਨਾਲੀਆਂ ਦੀ ਹਾਲਤ ਨਰਕ ਵਰਗੀ ਬਣੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਗਲੀ ਦੀ ਸਾਰ ਪਹਿਲਾ ਲਈ ਜਾਵੇ, ਉਧਰ ਜਦੋਂ ਮੌਜੂਦਾ ਸਰਪੰਚ ਸਰਦਾਰ ਅਜੀਤ ਸਿੰਘ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਜਵਾਬ ਅਜੀਬ ਹੀ ਸੀ, ਸਰਪੰਚ ਸਾਹਿਬ ਦਾ ਕਹਿਣਾ ਸੀ ਕਿ ਖਬਰਾਂ ਦਾ ਕੀ ਇਹ ਤਾਂ ਲੱਗਦੀਆਂ ਹੀ ਰਹਿੰਦੀਆਂ ਹਨ, ਫਿਰ ਕੀ ਹੋ ਜਾਊ। ਬੀ. ਡੀ. ਪੀ. ਓ. ਪ੍ਰਗਟ ਸਿੰਘ ਦੇ ਨਾਲ ਸੰਪਰਕ ਕਰਨ ਤੇ ਜਦੋਂ ਉਨ੍ਹਾਂ ਦੇ ਪਿੰਡ ਦੀ ਤਰਸਯੋਗ ਹਾਲਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਉਹ ਤੁਰੰਤ ਸੈਕਟਰੀ ਨੂੰ ਭੇਜ ਕੇ ਯੋਗ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।


Related News