ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਕਾਂਗਰਸ ਨੇ ਲਗਾਇਆ ਧਰਨਾ

06/17/2018 12:59:46 PM

ਫਗਵਾੜਾ ( ਜਲੋਟਾ)— ਬਲਾਕ ਕਾਂਗਰਸ ਫਗਵਾੜਾ ਦਿਹਾਤੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਮੈਂਬਰ ਪਾਰਲੀਮੈਂਟ ਦੀ ਹਦਾਇਤ ਅਨੁਸਾਰ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੋਧ 'ਚ ਪਿੰਡ ਪੱਧਰ 'ਤੇ 21 ਜੂਨ ਤੱਕ ਦਿੱਤੇ ਜਾਣ ਵਾਲੇ ਧਰਨਿਆਂ ਦੀ ਲੜੀ ਦਾ ਦੂਜਾ ਧਰਨਾ ਹਲਕੇ ਦੇ ਪਿੰਡ ਪਾਂਛਟ ਵਿਖੇ ਲਗਾਇਆ ਗਿਆ, ਜਿਸ 'ਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਜ਼ਿਲਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਉਨ੍ਹਾਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨਮੋਹਨ ਸਿੰਘ ਦੀ ਅਗਵਾਈ ਹੇਠ ਕਾਂਗਰਸ ਅਤੇ ਯੂ. ਪੀ. ਏ. ਦੀ ਸਰਕਾਰ 10 ਸਾਲ ਤੱਕ ਵਿਦੇਸ਼ਾਂ ਤੋਂ ਮਹਿੰਗਾ ਤੇਲ ਖਰੀਦ ਕੇ ਲੋਕਾਂ ਨੂੰ ਸਸਤਾ ਪੈਟਰੋਲ ਅਤੇ ਡੀਜ਼ਲ ਦਿੰਦੀ ਰਹੀ ਪਰ ਮੋਦੀ ਸਰਕਾਰ ਨੇ ਸੱਤਾ 'ਚ ਆਉਣ ਤੋਂ ਬਾਅਦ ਹੁਣ ਤਕ ਦੇਸ਼ ਦੇ ਲੋਕਾਂ ਨੂੰ ਵਿਦੇਸ਼ਾਂ ਤੋਂ ਸਸਤਾ ਕੱਚਾ ਤੇਲ ਖਰੀਦ ਕੇ ਮਹਿੰਗੇ ਭਾਅ ਤੇ ਦਿੱਤਾ ਹੈ। ਇਸ ਮੌਕੇ ਦਲਜੀਤ ਰਾਜੂ ਨੇ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਦੱਸਿਆ ਅਤੇ ਕਿਹਾ ਕਿ ਮਹਿੰਗੇ ਡੀਜ਼ਲ ਸਦਕਾ ਇਸ ਸਾਲ ਕਿਸਾਨਾਂ ਦਾ 1500 ਕਰੋੜ ਰੁਪਏ ਦਾ ਵਾਧੂ ਖਰਚਾ ਹੋਵੇਗਾ, ਜਿਸ ਲਈ ਕੇਂਦਰ ਦੀ ਮੋਦੀ ਸਰਕਾਰ ਜ਼ਿੰਮੇਵਾਰ ਹੈ। ਵੱਖ-ਵੱਖ ਆਗੂਆਂ ਨੇ ਮੋਦੀ ਸਰਕਾਰ ਅਤੇ ਭਾਜਪਾ ਖਿਲਾਫ ਤਿਖਾ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਮਹਿੰਗਾਈ, ਬੇਰੁਜ਼ਗਾਰੀ, ਵਧੀਆਂ ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ, ਨੋਟਬੰਦੀ ਤੇ ਅਧੂਰੇ ਜੀ. ਐੱਸ. ਟੀ. ਵਰਗੀਆਂ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਛੁਟਕਾਰਾ ਹਾਸਲ ਕਰਨ ਲਈ ਅਗਲੇ ਸਾਲ ਹੋਣ ਵਾਲੀਆਂ ਲੋਕਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸੱਤਾ ਵਿਚ ਲਿਆਉਣਾ ਜ਼ਰੂਰੀ ਹੋ ਗਿਆ ਹੈ ਤਾਂ ਜੋ ਰਾਹੁਲ ਗਾਂਧੀ ਵਰਗੇ ਸੂਝਵਾਨ ਅਤੇ ਨੌਜਵਾਨ ਆਗੂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾ ਸਕੇ। 
ਇਸ ਮੌਕੇ ਸਰਪੰਚ ਅਮਰਜੀਤ ਸਿੰਘ, ਸਾਬਕਾ ਸਰਪੰਚ ਮਲਕੀਤ ਸਿੰਘ, ਸ਼ਿਵ ਨੰਦਨ, ਅਜੈਬ ਸਿੰਘ, ਲਖਬੀਰ ਸਿੰਘ ਬੱਬੂ, ਪਵਿੱਤਰ ਸਿੰਘ ਨਸੀਰਾਬਾਦ, ਸੋਹਨ ਸਿੰਘ ਨਸੀਰਾਬਾਦ, ਪ੍ਰੀਤਮ ਸਿੰਘ, ਤਰਸੇਮ ਸਿੰਘ ਨਰੂੜ ਤੋਂ ਇਲਾਵਾ ਬੱਬੀ ਸਾਹਨੀ ਅਤੇ ਚੁੰਨੀ ਲਾਲ ਨਿੱਕਾ ਸਾਹਨੀ ਆਦਿ ਵੀ ਹਾਜ਼ਰ ਸਨ।


Related News