ਬੈਜੂ ਬਾਵਰਾ

6/17/2018 9:00:52 AM

ਜਲੰਧਰ— ਬੈਜਨਾਥ ਦੇ ਪਿਤਾ ਜਦੋਂ ਆਖਰੀ ਸਾਹਾਂ 'ਤੇ ਸਨ ਤਾਂ ਉਹ ਬੜੀ ਪੀੜਾ ਭਰੀ ਆਵਾਜ਼ ਵਿਚ ਪੁੱਤਰ ਨੂੰ ਬੋਲੇ, ''ਬੇਟਾ, ਮੈਂ ਆਪਣੀ ਸੰਗੀਤ ਕਲਾ ਰਾਹੀਂ ਜਿਊਂਦੇ-ਜੀਅ ਆਪਣੇ ਦੁਸ਼ਮਣ ਨੂੰ ਹਰਾ ਨਹੀਂ ਸਕਿਆ, ਇਸ ਗੱਲ ਦੀ ਮੇਰੇ ਮਨ ਵਿਚ ਬੜੀ ਭਾਰੀ ਪੀੜਾ ਹੈ।''
ਬੈਜਨਾਥ ਨੇ ਪਿਤਾ ਸਾਹਮਣੇ ਭਾਵੁਕ ਆਵਾਜ਼ ਵਿਚ ਪ੍ਰਣ ਲਿਆ, ''ਮੈਂ ਤੁਹਾਡੇ ਦੁਸ਼ਮਣ ਤੋਂ ਬਦਲਾ ਲਵਾਂਗਾ, ਪਿਤਾ ਜੀ।''
ਇਸ ਤੋਂ ਬਾਅਦ ਬੈਜਨਾਥ ਦੇ ਪਿਤਾ ਨੇ ਸਦਾ ਲਈ ਅੱਖਾਂ ਬੰਦ ਕਰ ਲਈਆਂ। ਬੈਜਨਾਥ ਦੇ ਮਨ ਵਿਚ ਵਿਚਾਰ ਉੱਠਿਆ ਕਿ ਪਿਤਾ ਦੇ ਦੁਸ਼ਮਣ ਤੋਂ ਬਦਲਾ ਲੈਣ ਦਾ ਸਭ ਤੋਂ ਵਧੀਆ ਢੰਗ ਇਹ ਹੈ ਕਿ ਸੰਗੀਤ ਦੇ ਖੇਤਰ ਵਿਚ ਉਨ੍ਹਾਂ ਤੋਂ ਵੀ ਵਧ ਕੇ ਕੰਮ ਕੀਤਾ ਜਾਵੇ।
ਉਸ ਨੇ ਸੰਗੀਤ ਦੀ ਸਾਧਨਾ ਕਰਨ ਦਾ ਫੈਸਲਾ ਕੀਤਾ। ਕੁਝ ਹੀ ਸਮੇਂ ਵਿਚ ਬੈਜਨਾਥ ਸੰਗੀਤ ਵਿਚ ਅਜਿਹਾ ਗੁਆਚਿਆ ਕਿ ਲੋਕ ਉਸ ਨੂੰ 'ਬਾਵਰਾ' ਕਹਿਣ ਲੱਗੇ। ਉਸ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ। 
ਇਕ ਦਿਨ ਉਥੋਂ ਦਾ ਰਾਜਾ ਉਸ ਦੀ ਪ੍ਰਸਿੱਧੀ ਤੇ ਸੰਗੀਤ ਕਲਾ ਦਾ ਜਾਦੂ ਦੇਖਣ-ਸੁਣਨ ਲਈ ਖੁਦ ਆਪਣੇ ਰਾਜ ਦਰਬਾਰ ਦੇ ਮਸ਼ਹੂਰ ਗਾਇਕ ਨਾਲ ਬੈਜਨਾਥ ਕੋਲ ਪਹੁੰਚਿਆ।
ਬੈਜਨਾਥ ਦਾ ਸੰਗੀਤ ਸੁਣ ਕੇ ਰਾਜਾ ਵਾਹ-ਵਾਹ ਕਰ ਉੱਠਿਆ ਅਤੇ ਉਸ ਨੇ ਬੈਜਨਾਥ ਨੂੰ ਰਾਜਮਹੱਲ ਚੱਲਣ ਲਈ ਕਿਹਾ ਪਰ ਉਹ ਜਾਣ ਲਈ ਤਿਆਰ ਨਾ ਹੋਇਆ। ਉਸ ਨੇ ਕਿਹਾ, ''ਰੱਬ ਦੇ ਮੁਕਾਬਲੇ ਕਿਸੇ ਵਿਅਕਤੀ ਖਾਸ ਦੇ ਦਰਬਾਰ ਵਿਚ ਗਾਉਣਾ ਸੰਗੀਤ ਤੇ ਕਲਾ ਲਈ ਮੈਨੂੰ ਠੀਕ ਨਹੀਂ ਲੱਗਦਾ।''
ਰਾਜੇ ਨਾਲ ਆਇਆ ਮਸ਼ਹੂਰ ਸੰਗੀਤਕਾਰ ਤੇ ਗਾਇਕ ਵੀ ਉਸ ਦੇ ਸਾਹਮਣੇ ਨਤਮਸਤਕ ਹੋ ਗਿਆ। ਬੈਜਨਾਥ ਸਾਹਮਣੇ ਉਸ ਨੂੰ ਆਪਣੀ ਹੋਂਦ ਤੇ ਸਾਧਨਾ ਬਹੁਤ ਤੁੱਛ ਮਹਿਸੂਸ ਹੋਈ। ਬੈਜਨਾਥ ਆਪਣੇ ਪਿਤਾ ਦੀ ਇੱਛਾ ਪੂਰੀ ਕਰ ਕੇ ਬਦਲਾ ਲੈ ਚੁੱਕਾ ਸੀ। ਰਾਜੇ ਨਾਲ ਆਇਆ ਮਸ਼ਹੂਰ ਸੰਗੀਤਕਾਰ ਹੀ ਬੈਜਨਾਥ ਦੇ ਪਿਤਾ ਦਾ ਸੰਗੀਤ ਖੇਤਰ ਦਾ ਦੁਸ਼ਮਣ ਸੀ।
ਉਹ ਗਾਇਕ ਤੇ ਰਾਜਾ ਕੋਈ ਹੋਰ ਨਹੀਂ, ਸੰਗੀਤ ਸਮਰਾਟ ਤਾਨਸੈਨ ਤੇ ਬਾਦਸ਼ਾਹ ਅਕਬਰ ਹੀ ਸਨ। ਇਹ ਬੈਜਨਾਥ ਹੀ ਅੱਗੇ ਜਾ ਕੇ 'ਬੈਜੂ ਬਾਵਰਾ' ਦੇ ਨਾਂ ਨਾਲ ਜਾਣਿਆ ਗਿਆ। ਉਸ ਦਾ ਮੰਨਣਾ ਸੀ ਕਿ ਦੁਸ਼ਮਣ ਨੂੰ ਹਥਿਆਰ ਨਹੀਂ, ਸਗੋਂ ਕਰਮਾਂ ਦੀ ਵੱਡੀ ਰੇਖਾ ਖਿੱਚ ਕੇ ਹੀ ਹਰਾਇਆ ਜਾਣਾ ਚਾਹੀਦਾ ਹੈ।