ਨਰਮੇ ਦੀ ਫਸਲ ''ਤੇ ਕਿਸੇ ਕੀਟਨਾਸ਼ਕ ਦੇ ਛਿੜਕਾਅ ਦੀ ਕੋਈ ਜਰੂਰਤ ਨਹੀਂ : ਜ਼ਿਲਾ ਖੇਤੀਬਾੜੀ ਅਫ਼ਸਰ

06/17/2018 8:15:56 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਸਮੇਤ ਹੋਰ ਕੀਟਾਂ ਦੇ ਹਮਲੇ ਸਬੰਧੀ ਚੌਕਸੀ ਰੱਖੀ ਜਾ ਰਹੀ ਹੈ। ਹਾਲੇ ਜ਼ਿਲੇ 'ਚ ਕਿਤੇ ਵੀ ਨਰਮੇ ਦੀ ਫਸਲ 'ਤੇ ਕਿਸੇ ਕੀਟਨਾਸ਼ਕ ਦੇ ਛਿੜਕਾਅ ਦੀ ਕੋਈ ਜਰੂਰਤ ਨਹੀਂ। ਇਹ ਜਾਣਕਾਰੀ ਜ਼ਿਲਾ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਬਰਾੜ ਨੇ ਦਿੱਤੀ ਹੈ।
ਜ਼ਿਲਾ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਜ਼ਹਿਰਾਂ ਦੀ ਬੇਲੋੜੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਟੀਮਾਂ ਖੇਤਾਂ ਦਾ ਨਿਰੀਖਣ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਕਿਤੇ ਵੀ ਚਿੱਟੀ ਮੱਖੀ ਦਾ ਹਮਲਾ ਵੇਖਣ ਨੂੰ ਨਹੀਂ ਮਿਲਿਆ। ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਕਰਨਜੀਤ ਸਿੰਘ ਨੇ ਕਿਹਾ ਕਿ ਕਿਸਾਨ ਨਰਮੇ ਦੇ ਖੇਤਾਂ 'ਚ ਲੱਗੀਆਂ ਵੱਲਾਂ ਨੂੰ ਪੁੱਟ ਦੇਣ ਕਿਉਂਕਿ ਇੰਨ੍ਹਾਂ 'ਤੇ ਚਿੱਟੀ ਮੱਖੀ ਦਾ ਹਮਲਾ ਸੱਭ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਕਤ ਟੀਮ ਨੇ ਬਲਮਗੜ੍ਹ, ਗੋਬਿੰਦ ਨਗਰੀ, ਮੌੜ ਦਾ ਵੀ ਦੌਰਾ ਕੀਤਾ।
ਖੇਤੀਬਾੜੀ ਅਫ਼ਸਰ ਗੁਰਪ੍ਰੀਤ ਸਿੰਘ ਨੇ ਖੇਤਾਂ ਦੇ ਦੌਰੇ ਦੌਰਾਨ ਕਿਸਾਨਾਂ ਨੂੰ ਕਿਹਾ ਕਿ ਜੇਕਰ ਚਿੱਟੀ ਮੱਖੀ ਦਾ ਹਮਲਾ ਖਤਰੇ ਦੀ ਹੱਦ ਨੂੰ ਪਾਰ ਕਰਨ ਲੱਗੇ ਤਾਂ ਪਹਿਲੀ ਸਪ੍ਰੇਅ ਨਿੰਮ ਆਧਾਰਤ ਕੀਟਨਾਸ਼ਕਾਂ ਦੀ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੀਟਨਾਸ਼ਕਾਂ ਦੀ ਜਦੋਂ ਵੀ ਵਰਤੋਂ ਕਰਨੀ ਪਵੇ ਤਾਂ ਉਹ ਉਸ ਕੀਟਨਾਸ਼ਕ ਦੀ ਵਰਤੋਂ ਕਰਨ ਜਿੰਨਾਂ 'ਤੇ ਹਰੀ ਤਿਕੋਣ ਦਾ ਨਿਸ਼ਾਨ ਬਣਿਆ ਹੁੰਦਾ ਹੈ। ਓਧਰ ਵਿਭਾਗ ਵੱਲੋਂ ਇਕ ਨਵੀਂ ਪਹਿਲਕਦਮੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਨਰਮੇ ਦੇ ਸੀਜਨ ਦੌਰਾਨ ਬੀ.ਐੱਸ.ਸੀ. ਐਗਰੀਕਲਚਰ ਕਰਨ ਵਾਲੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਵਿਭਾਗ ਦੀਆਂ ਸਕੀਮਾਂ ਬਾਰੇ ਦੱਸਣ ਲਈ ਭੇਜਿਆ ਜਾਵੇਗਾ। ਇਹ ਕਿਸਾਨਾਂ ਨੂੰ ਕੁਦਰਤੀ ਕੀਟ ਪ੍ਰਬੰਧਨ ਬਾਰੇ ਵੀ ਜਾਣਕਾਰੀ ਦੇਣਗੇ ਤਾਂ ਜੋ ਘੱਟ ਤੋਂ ਘੱਟ ਕੀਟਨਾਸ਼ਕਾਂ ਦੀ ਵਰਤੋਂ ਨਾਲ ਕਿਸਾਨ ਚੰਗੀ ਉਪਜ ਲੈ ਸਕਣ।


Related News