ਬ੍ਰਿਟੇਨ ਨੇ ਵੀਜ਼ਾ ਨਿਯਮਾਂ ਨੂੰ ਲੈ ਕੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਝਟਕਾ

06/16/2018 6:15:08 PM

ਲੰਡਨ— ਬ੍ਰਿਟੇਨ ਦੀ ਸਰਕਾਰ ਨੇ ਦੇਸ਼ ਦੀਆਂ ਯੂਨੀਵਰਸਿਟੀਆਂ 'ਚ ਵੀਜ਼ਾ ਬਿਨੈਕਾਰ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਬਣਾਈ ਇਕ ਨਵੀਂ ਸੂਚੀ 'ਚੋਂ ਭਾਰਤੀ ਵਿਦਿਆਰਥੀਆਂ ਨੂੰ ਵੱਖ ਕਰ ਦਿੱਤਾ ਹੈ। ਬ੍ਰਿਟੇਨ ਸਰਕਾਰ ਦੇ ਇਸ ਕਦਮ ਦੀ ਕਾਫੀ ਆਲੋਚਨਾ ਹੋ ਰਹੀ ਹੈ। ਦੇਸ਼ ਦੀ ਇਮੀਗ੍ਰੇਸ਼ਨ ਨੀਤੀ ਵਿਚ ਲਿਆਂਦੇ ਬਦਲਾਅ ਨੂੰ ਕੱਲ ਭਾਵ ਸ਼ੁੱਕਰਵਾਰ ਨੂੰ ਸੰਸਦ ਵਿਚ ਪੇਸ਼ ਕੀਤਾ ਗਿਆ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨੇ ਲੱਗਭਗ 25 ਦੇਸ਼ਾਂ ਦੇ ਵਿਦਿਆਰਥੀਆਂ ਲਈ ਟਿਅਰ-4 ਵੀਜ਼ਾ ਸ਼੍ਰੇਣੀ 'ਚ ਢਿੱਲ ਦਾ ਐਲਾਨ ਕੀਤਾ। ਇਸ ਸੂਚੀ ਵਿਚ ਅਮਰੀਕਾ, ਕੈਨੇਡਾ ਅਤੇ ਨਿਊਜ਼ੀਲੈਂਡ ਵਰਗੇ ਦੇਸ਼ ਪਹਿਲਾਂ ਤੋਂ ਹੀ ਸ਼ਾਮਲ ਸਨ। ਹੁਣ ਚੀਨ, ਬਹਿਰੀਨ ਅਤੇ ਸਰਬੀਆ ਵਰਗੇ ਦੇਸ਼ਾਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ।
ਇਨ੍ਹਾਂ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿਚ ਦਾਖਲੇ ਲਈ ਸਿੱਖਿਆ, ਵਿੱਤੀ ਅਤੇ ਅੰਗਰੇਜ਼ੀ ਭਾਸ਼ਾ ਵਰਗੇ ਮਾਪਦੰਡਾਂ 'ਤੇ ਘੱਟ ਜਾਂਚ 'ਚੋਂ ਲੰਘਣਾ ਹੋਵੇਗਾ। ਇਹ ਬਦਲਾਅ 6 ਜੁਲਾਈ ਤੋਂ ਪ੍ਰਭਾਵੀ ਹੋਣਗੇ ਅਤੇ ਇਨ੍ਹਾਂ ਦਾ ਉਦੇਸ਼ ਕੌਮਾਂਤਰੀ ਵਿਦਿਆਰਥੀਆਂ ਲਈ ਬ੍ਰਿਟੇਨ ਵਿਚ ਅਧਿਐਨ ਨੂੰ ਆਸਾਨ ਬਣਾਉਣਾ ਹੈ।
ਹਾਲਾਂਕਿ ਇਸ ਨਵੀਂ ਸੂਚੀ ਵਿਚ ਭਾਰਤ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਸਮਾਨ ਪਾਠਕ੍ਰਮਾਂ ਲਈ ਬੇਨਤੀ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਸਖਤ ਜਾਂਚ ਅਤੇ ਦਸਤਾਵੇਜ਼ੀ ਪ੍ਰਕਿਰਿਆ 'ਚੋਂ ਲੰਘਣਾ ਹੋਵੇਗਾ। ਯੂ. ਕੇ. ਕੌਂਸਲ ਫੋਰ ਇੰਟਰਨੈਸ਼ਨਲ ਸਟੂਡੈਂਟ ਅਫੇਅਰਸ ਦੇ ਪ੍ਰਧਾਨ ਲਾਰਡ ਕਰਣ ਬਿਲਮੋਰੀਆ ਨੇ ਸਰਕਾਰ ਦੇ ਇਸ ਕਦਮ ਨੂੰ ਭਾਰਤ ਦਾ ਅਪਮਾਨ ਦੱਸਿਆ ਹੈ।


Related News