ਭਾਵੇਂ ਸਾਥੋਂ ਕੰਮ ਨਾ ਕੋਈ

06/16/2018 5:25:29 PM

ਭਾਵੇਂ ਸਾਥੋਂ ਕੰਮ ਨਾ ਕੋਈ, ਫਿਰ ਵੀ ਨਾ ਅਸੀਂ ਰਹੀਏ ਵਿਹਲੇ,
ਜਿੱਥੇ ਖੜੀਏ ਮਹਿਫ਼ਲ ਲੱਗਦੀ, ਲੱਗ ਜਾਂਦੇ ਉਸ ਥਾਂ 'ਤੇ ਮੇਲੇ।
ਭਾਵੇਂ ਸਾਥੋਂ ਕੰਮ ਨਾ ਕੋਈ, ਫਿਰ ਵੀ ਨਾ ਅਸੀਂ ਰਹੀਏ ਵਿਹਲੇ।
ਨਿਕੰਮੇ ਲੋਕਾਂ ਵਿਚ ਬਹਿ ਕੇ, ਨਿੰਦਿਆ ਚੁਗ਼ਲੀ ਨਾ ਕਰਦੇ,
ਸੱਚੇ ਰੱਬ ਨੂੰ ਜ਼ਾਨ ਹੈ ਦੇਣੀ, ਉਸ ਰੱਬ ਕੋਲੋਂ ਵੀ ਡਰਦੇ,
ਲੋਕ ਮੱਲੋ ਮੱਲੀ ਆ ਖਹਿੰਦੇ, ਐਸੇ-ਵੈਸੇ ਪੈਣ ਝਮੇਲੇ।
ਭਾਵੇਂ ਸਾਥੋਂ ਕੰਮ ਨਾ ਕੋਈ, ਫਿਰ ਵੀ ਨਾ ਅਸੀਂ ਰਹੀਏ ਵਿਹਲੇ।

ਵਿਹਲਪੁਣੇ ਬੜੀ ਮੌਜ਼ ਲਗਾਈ, ਪੇਕੇ ਭੇਜ ਦਿੱਤੀ ਲੁਗਾਈ,
ਵਹੁਟੀ ਆਖੇ ਕੰਮ ਨਾ ਕਰਦਾ, ਡੈਡੀ ਜੀ ਬੜਾ ਮੁਸ਼ਕਲ ਸਰਦਾ,
ਸਹੁਰਾ ਉਸ ਨੂੰ ਲੈਣ ਆ ਗਿਆ, ਹੱਥ ਫੜ ਕੇ ਦਰਜਨ ਕੇਲੇ।
ਭਾਵੇਂ ਸਾਥੋਂ ਕੰਮ ਨਾ ਕੋਈ, ਫਿਰ ਵੀ ਨਾ ਅਸੀਂ ਰਹੀਏ ਵਿਹਲੇ।

ਪੇਕੇ ਗਈ ਆਈਆਂ ਮੌਜ ਬਹਾਰਾਂ, ਖੁਸ਼ੀ ਨੇ ਆ ਕੇ ਮਾਰੀਆਂ ਮਾਰਾਂ,
ਜਾਣ 'ਤੇ ਉਸਦੇ ਜਸ਼ਨ ਮਨਾਏ, ਖੁਸ਼ੀ ਮਨਾਈ ਰਲਮਿਲ ਯਾਰਾਂ,
ਇਕ ਦਮ ਮੂਹਰੇ ਆਣ ਖਲੋਤੀ, ਤਾਂ ਲੱਗੇ ਆਉਂਣ ਤਰੇਲੇ।
ਭਾਵੇਂ ਸਾਥੋਂ ਕੰਮ ਨਾ ਕੋਈ, ਫਿਰ ਵੀ ਨਾ ਅਸੀਂ ਰਹੀਏ ਵਿਹਲੇ।

ਸ਼ਾਇਦ ਰਸਤੇ ਵਿਚੋਂ ਮੁੜ ਆਈ, ਜਾਣ ਲੱਗੀ ਕੋਈ ਚੀਜ਼ ਭੁਲਾਈ,
ਦੇਖ ਕੇ ਰਹਿ ਗਏ ਹੱਕਾ-ਬੱਕਾ, ਪਰਸ਼ੋਤਮ ਖੁਸ਼ੀ ਦਾ ਜ਼ਾਮ ਸੀ ਚੱਕਾ,
ਆਖਣ ਲੱਗੀ ਘਰ ਪਰਸ ਭੁੱਲਿਆ, ਜਿਸਦੇ ਵਿਚ ਸੀ ਪੈਸੇ-ਧੇਲੇ।
ਭਾਵੇਂ ਸਾਥੋਂ ਕੰਮ ਨਾ ਕੋਈ, ਫਿਰ ਵੀ ਨਾ ਅਸੀਂ ਰਹੀਏ ਵਿਹਲੇ।

ਗਈ ਤਾਂ ਸਾਹ ਵਿਚ ਸਾਹ ਸੀ ਆਇਆ, ਸਭਨਾ ਨੇ ਫਿਰ ਭੰਗੜਾ ਪਾਇਆ,
ਸਰੋਏ ਵੀ ਨੱਚਣ-ਗਾਵਣ ਲੱਗਾ, ਉਦੋਂ ਸੀ ਖੂਬ ਨਜ਼ਾਰਾ ਆਇਆ।
ਘਰਵਾਲੀ ਘਰ ਵਿਚ ਨਹੀਂ ਸੀ, ਅਸੀਂ ਸੌ-ਸੌ ਪਾਪੜ ਬੇਲੇ।
ਭਾਵੇਂ ਸਾਥੋਂ ਕੰਮ ਨਾ ਕੋਈ, ਫਿਰ ਵੀ ਨਾ ਅਸੀਂ ਰਹੀਏ ਵਿਹਲੇ।

ਰਹਿ ਆਈ ਫਿਰ ਉਹੀ ਸਿਆਪਾ, ਇੰਝ ਲੱਗਾ ਫਿਰ ਗਿਆ ਸਰਾਪਾ,
ਆਹ ਲੈ ਧੀਏ ਘਰ ਨੂੰ ਲੈ ਜਾ, ਤੁਰਨ ਲੱਗੀ ਕਹਿੰਦੀ ਕਹਿੰਦਾ ਭਾਪਾ,
ਸੇਵਾ ਕਰ ਲਈ ਦੁੱਧ ਵੇਚਣਾ, ਬੱਕਰੀ ਸੂਈ ਨਾਲ ਸੀ ਲੇਲੇ।
ਭਾਵੇਂ ਸਾਥੋਂ ਕੰਮ ਨਾ ਕੋਈ, ਫਿਰ ਵੀ ਨਾ ਅਸੀਂ ਰਹੀਏ ਵਿਹਲੇ।

ਜ਼ਾਨ ਸੀ ਵਿਚ ਕੜਿੱਕੀ ਆਈ, ਹਿਸਾਬ ਦੇਣਾ ਪਿਆ ਪਾਈ-ਪਾਈ,
ਐਸੀ-ਵੈਸੀ ਬੱਕਰੀ ਨਾ ਸੀ, ਸਹੁਰਿਆਂ ਘਰੋਂ ਸੀ ਬੱਕਰੀ ਆਈ,
ਧਾਲੀਵਾਲੀਆ ਫਸਿਆ ਕਸੂਤਾ, ਘਰਵਾਲੀ ਕਰੇ ਬੱਗੇ ਡੇਲੇ।
ਭਾਵੇਂ ਸਾਥੋਂ ਕੰਮ ਨਾ ਕੋਈ, ਫਿਰ ਵੀ ਨਾ ਅਸੀਂ ਰਹੀਏ ਵਿਹਲੇ।

ਆਨੀ-ਕਾਨੀ ਜੇ ਕੋਈ ਕਰਦਾ, ਵੇਲਣ ਦਾ ਡਰ ਅੱਗੇ ਖੜ੍ਹਦਾ,
ਸਭ ਜਾਨਣ ਉਹ ਕਿੰਨੀ ਚੰਗੀ, ਫਿਰ ਕਾਹਦੇ ਲਈ ਰੱਖਾਂ ਪਰਦਾ,
ਦੇਖ ਕੇ ਮਿੱਠੇ ਲੱਗਣ ਲੱਗ ਪਏ, ਕੌੜੇ ਭਾਵੇਂ ਹੋਣ ਕਰੇਲੇ।
ਭਾਵੇਂ ਸਾਥੋਂ ਕੰਮ ਨਾ ਕੋਈ, ਫਿਰ ਵੀ ਨਾ ਅਸੀਂ ਰਹੀਏ ਵਿਹਲੇ।

ਇਕ ਗੱਲ ਚੰਗੀ ਕੀਤੀ ਲੁਗਾਈ, ਬੱਕਰੀ ਖੁਸ਼ੀਆਂ ਲੈ ਕੇ ਆਈ,
ਸੇਵਾ ਕੀਤੀ ਦਾ ਫਲ ਮਿਲਿਆ, ਘਰ ਦੀ ਇਨਕਮ ਓਸ ਵਧਾਈ,
ਸੇਵਾ ਕਰਦਾ ਮੈਂ ਹੰਭ ਜਾਂਦਾ, ਪਰ ਉਹ ਲੇਲਿਆਂ ਨਾਲ ਖੇਲੇ।
ਭਾਵੇਂ ਸਾਥੋਂ ਕੰਮ ਨਾ ਕੋਈ, ਫਿਰ ਵੀ ਨਾ ਅਸੀਂ ਰਹੀਏ ਵਿਹਲੇ।

ਦੁੱਧ ਦੇਣੋਂ ਜਦ ਬੱਕਰੀ ਭੱਜ ਗਈ, ਫਿਰ ਤਾਂ ਸਾਡੀ ਵਾਟ ਲੱਗ ਗਈ,
ਲੜ੍ਹਾਈ-ਝਗੜਾ ਰਹਿਣ ਸੀ ਲੱਗਾ, ਭਾਰਤ-ਪਾਕਿ ਜਿਵੇਂ ਜੰਗ ਲੱਗ ਗਈ,
ਉਹ ਆਖੇ ਜਿੰਨ ਵਾਂਗੂੰ ਦਿਸਦੈਂ, ਮੈਂ ਪਿਆ ਚੱਲ ਪਰੇ ਹੱਟ ਚੁੜੇਲੇ।
ਭਾਵੇਂ ਸਾਥੋਂ ਕੰਮ ਨਾ ਕੋਈ, ਫਿਰ ਵੀ ਨਾ ਅਸੀਂ ਰਹੀਏ ਵਿਹਲੇ।

ਏਨੇ ਵਿੱਚ ਗੱਲ ਹੋਰ ਵਧ ਗਈ, ਮੇਰੇ ਨਾਲੋਂ ਹੱਦੋਂ ਹੋ ਵੱਧ ਗਈ,
ਸੇਵਾ ਬਦਲੇ ਸਿੰਗ ਈ ਖਾਧੇ, ਸਭ ਕਾਸੇ ਨੂੰ ਕਰ ਉਹ ਰੱਦ ਗਈ,
'ਕੱਠੇ ਹੋ ਮੈਨੂੰ ਸਾਰੇ ਪੈ ਗਏ, ਘਰਵਾਲੀ, ਬੱਕਰੀ ਤੇ ਲੇਲੇ।
ਭਾਵੇਂ ਸਾਥੋਂ ਕੰਮ ਨਾ ਕੋਈ, ਫਿਰ ਵੀ ਨਾ ਅਸੀਂ ਰਹੀਏ ਵਿਹਲੇ।
- ਪਰਸ਼ੋਤਮ ਲਾਲ ਸਰੋਏ
- ਮੋਬਾ: 91-92175-44348

Related News