ਈਦ-ਉਲ-ਫਿਤਰ ਦੇ ਤਿਉਹਾਰ ''ਤੇ ਵਿਸ਼ੇਸ਼

06/16/2018 4:10:23 PM

ਸੰਸਾਰ ਵਿਚ ਪ੍ਰਚਲਿਤ ਵੱਖ-2 ਧਰਮਾਂ ਵਿਚ ਸਦੀਆਂ ਤੋਂ ਹੀ ਤਿਉਹਾਰਾਂ ਰਾਹੀਂ ਖੁਸ਼ੀਆਂ ਮਨਾਉਣ ਦਾ ਸਿਲਸਿਲਾ ਚਲਿਆ ਆ ਰਿਹਾ ਹੈ ਹਰ ਧਰਮ 'ਚ ਮਨਾਏ ਜਾਂਦੇ ਤਿਉਹਾਰਾਂ ਦਾ ਪਿਛੋਕੜ ਕਿਸੇ ਨਾ ਕਿਸੇ ਰੂਪ ਉਸ ਧਰਮ ਚ ਵਾਪਰੀ ਕਿਸੇ ਮੁੱਖ ਸੁਖਾਂਤਕ ਘਟਨਾ ਨਾਲ ਜੁੜਿਆ ਪ੍ਰਤੀਤ ਹੁੰਦਾ ਹੈ।ਦੀਵਾਲੀ ,ਗੁਰ-ਪੁਰਵ ਅਤੇ ਕ੍ਰਿਸਮਿਸ ਆਦਿ ਇਸਦੀਆਂ ਪ੍ਰਤੱਖ ਉਦਾਹਰਣਾਂ ਹਨ।
ਇਸਲਾਮ ਧਰਮ ਵਿਚ ਦੋ ਤਿਉਹਾਰ ਮੁੱਖ ਤੋਰ ਤੇ ਪੂਰੇ ਵਿਸ਼ਵ ਦੇ ਮੁਸਲਮਾਨਾਂ ਦੁਆਰਾ ਸਾਂਝੇ ਰੂਪ ਵਿਚ ਮਨਾਏ ਜਾਂਦੇ ਹਨ।ਇਹਨਾਂ ਵਿਚ ਈਦ-ਉਲ-ਫਿਤਰ ਅਤੇ ਈਦ-ਉਲ-ਜੋਹਾ ਕਾਬਿਲ ਏ ਜ਼ਿਕਰ ਹਨ।
ਜੇਕਰ ਮੁਸਲਮਾਨਾਂ ਦੇ ਮੁੱਖ ਤਿਉਹਾਰ ਈਦ-ਉਲ-ਫਿਤਰ ਦੀ ਗੱਲ ਕਰੀਏ ਤਾਂ ਸ਼ਬਦ ਈਦ ਅਰਬੀ ਭਾਸ਼ਾ ਦੇ ਸ਼ਬਦ ਊਦ ਤੋਂ ਨਿਕਲਿਆ ਹੈ ਇਸ ਦੇ ਅਰਥ ਹਨ ਵਾਪਸ ਆਉਣਾ ਜਾਂ ਵਾਰ-2 ਆਉਣਾ ਕਿਉਂਕਿ ਈਦ ਹਰ ਸਾਲ ਆਉਂਦੀ ਹੈ ਇਸ ਲਈ ਇਸ ਦਾ ਨਾਮ ਈਦ ਪੈ ਗਿਆ, ਦੂਜੇ ਅਰਥਾਂ ਈਦ ਦੇ ਮਾਅਨੀ ਖੁਸ਼ੀ ਦੇ ਹਨ।
ਈਦ ਮਨਾਉਣ ਦਾ ਇਤਿਹਾਸ ਬਹੁਤ ਪੁਰਾਣਾ ਹੈ ਇਕ ਥਾਂ ਇਹ ਵੀ ਰਵਾਇਤ ਹੈ ਕਿ ਜਦੋਂ ਹਜ਼ਰਤ ਆਦਮ (ਅਲ਼ੈਹ ਅਲਸਾਮ ) ਦੀ ਤੋਬਾ ਕਬੂਲ ਹੋਈ ਤਾਂ ਉਸ ਦਿਨ ਦੁਨੀਆ ਵਿਚ ਪਹਿਲੀ ਵਾਰ ਈਦ ਮਨਾਈ ਗਈ । ਇਸੇ ਪਰਕਾਰ ਹਜ਼ਰਤ ਇਬਰਾਹੀਮ (ਅਲ਼ੈਹ ਅਸਲਾਮ) ਨੂੰ ਨਮਰੂਦ ਦੁਆਰਾ ਅੱਗ ਦੇ ਹਵਾਲੇ ਕੀਤਾ ਗਿਆ ਤਾਂ ਅੱਗ ਨੇ ਉਹਨਾਂ ਨੂੰ ਜਲਾਉਣ ਦੀ ਥਾਂ ਫੁੱਲ਼ਾਂ ਦੇ ਇਕ ਬਗੀਚੇ ਦਾ ਰੂਪ ਧਾਰਨ ਕਰ ਲਿਆ ਤਾਂ ਇਬਰਾਹੀਮ ਦੀ ਕੌਮ ਨੇ ਇਸ ਖੁਸ਼ੀ ਵਿਚ ਈਦ ਮਨਾਈ ।ਇਸੇ ਤਰ੍ਹਾਂ ਜਦ ਹਜ਼ਰਤ ਯੂਨਸ (ਅਲੈਹ ਅਸਲਾਮ ) ਨੂੰ ਮਛਲੀ ਦੇ ਪੇਟ ਦੀ ਕੈਦ 'ਚੋਂ ਆਜ਼ਾਦੀ (ਰਿਹਾਈ) ਮਿਲੀ ਤਾਂ ਉਹਨਾਂ ਦੀ ਉਮਤ ਨੇ ਉਸ ਦਿਨ ਈਦ ਮਨਾਈ।ਇਸੇ ਤਰ੍ਹਾਂ ਜਦੋਂ ਅਲਾਹ ਪਾਕ ਨੇ ਹਜ਼ਰਤ ਮੂਸਾ(ਅਲ਼ੈਹ ਅਸਲਾਮ) ਦੀ ਕੌਮ ਭਾਵ ਬਨੀ ਇਸਰਾਈਲ  ਨੂੰ ਫਿਰੌਨ ਦੇ ਜ਼ੁਲਮਾਂ ਤੋਂ ਛੁਟਕਾਰਾ ਦਿਲਵਾਇਆ ਤਾਂ ਉਹਨਾਂ ਵਾਸਤੇ ਵੀ ਉਸ ਦਿਨ ਈਦ ਹੀ ਸੀ।ਇਸੇ ਤਰ੍ਹਾਂ ਈਸਾਈ ਕੌਮ ਅੱਜ ਵੀ ਈਸਾ (ਅਲੈਹ ਅਸਲਾਮ) ਦੀ ਪੈਦਾਇਸ਼ ਦੇ ਦਿਨ ਨੂੰ ਕ੍ਰਿਸਮਿਸ ਦੇ ਰੂਪ 'ਚ ਮਨਾਉਂਦੀ ਹੈ।
ਈਦ-ਉਲ-ਫਿਤਰ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ਈਦ ਅਤੇ ਫਿਤਰ । ਈਦ ਦਾ ਅਰਥ ਖੁਸ਼ੀ ਦੇ ਹਨ ਤੇ ਫਿਤਰ ਦਾ ਅਰਥ ਹੈ ਰੋਜ਼ਾ ਖੋਲਣਾ , ਭਾਵ ਈਦ ਦੇ ਦਿਨ ਰਮਜ਼ਾਨ ਦਾ ਮਹੀਨਾ ਸਮਾਪਤ ਹੋ ਜਾਂਦਾ ਹੈ ਅਰਥਾਤ ਸ਼ਵਾਲ ਮਹੀਨੇ ਦੀ ਪਹਿਲੀ ਤਾਰੀਖ ਨੂਂੰ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ ਭਾਵ ਇਕ ਮੁਸਲਮਾਨ ਦਾ ਰੋਜ਼ਾ ਇਸ ਦਿਨ ਪੂਰੀ ਤਰ੍ਹਾਂ ਖੁੱਲ੍ਹ ਜਾਂਦਾ ਹੈ। ਈਦ–ਉਲ–ਫਿਤਰ ਦਾ ਮਨਾਉਣ ਦਾ ਫੈਸਲਾ ਕਈ ਵਾਰ ਉਨੱਤੀਵੇਂ ਰੋਜ਼ੇ ਦੇ ਖੋਲ੍ਹਣ ਤੋਂ ਬਾਅਦ ਚੰਦ ਨਜ਼ਰ ਆਉਣ ਤੋਂ ਬਾਅਦ ਹੀ ਕਰ ਦਿੱਤਾ ਜਾਂਦਾ ਹੈ ਜੇਕਰ ਚੰਦ ਉਨੱਤੀਆਂ ਦਾ ਨਹੀਂ ਵਿਖਾਈ ਦਿੰਦਾ ਤਾਂ ਤੀਹ ਰੋਜ਼ੇ ਪੂਰੇ ਕਰ ਲੈਣ ਤੋਂ ਬਾਅਦ ਈਦ –ਉਲ–ਫਿਤਰ ਮਨਾਈ ਜਾਂਦੀ ਹੈ ,ਈਦ ਦੇ ਦਿਨ ਰੋਜ਼ਾ ਰੱਖਣਾ ਹਰਾਮ ਹੈ।
ਈਦ ਦਾ ਆਰੰਭ 624 ਈਸਵੀ ਤੋਂ ਹੋਇਆ ਮੰਨਿਆ ਜਾਂਦਾ ਹੈ। ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਦੀ ਹਿਜਰਤ ਤੋਂ ਪਹਿਲਾਂ ਮਦੀਨੇ ਦੇ ਲੋਕੀ ਸਾਲ 'ਚ ਦੋ ਦਿਨ ਮੇਲੇ ਦੀ ਸ਼ਕਲ 'ਚ ਖੁਸ਼ੀਆਂ ਮਨਾਇਆ ਕਰਦੇ ਸਨ ਇਸ ਦੋਰਾਨ ਇਹ ਲੋਕ ਦੁਨੀਆਂ ਦੇ ਤਰਾਂ-ਤਰਾਂ ਦੇ ਫਜ਼ੂਲ ਕਿਸਮ ਦੇ ਖੇਡ ਤਮਾਸ਼ਿਆਂ ਵਿਚ ਲੱਗੇ ਰਹਿੰਦੇ ਅਤੇ ਸੀਟੀਆਂ ਮਾਰਨੀਆਂ ਜਾਂ ਤਰਾਂ-2 ਦੀਆਂ ਅਸਭਿਅਕ ਅਤੇ ਹੁਲੜਬਾਜ਼ੀ ਵਾਲੀਆਂ ਹਰਕਤਾਂ ਕਰਨ ਨੂੰ ਹੀ ਖੁਸ਼ੀ ਮਨਾਉਣਾ ਖਿਆਲ ਕਰਦੇ ਸਨ। ਜਦੋਂ ਕਿ ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਨੇ ਇਸ ਸੰਦਰਭ 'ਚ ਇਹਨਾਂ ਉਕਤ ਦਿਨਾਂ ਦੇ ਮਨਾਉਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਅਸੀਂ ਆਪਣੀ ਜਹਾਲਤ (ਅਨਪੜਤਾ) ਦੇ ਦਿਨਾਂ ਤੋਂ ਹੀ ਇਸੇ ਤਰਾਂ ਸਾਲ 'ਚ ਦੋ ਵਾਰ ਇਹ ਦਿਨ ਮਨਾਉਂਦੇ ਆ ਰਹੇ ਹਾਂ।ਤਾਂ ਆਪ ਮੁੰਹਮਦ ਸਲੱਲਾਹੋ ਅਲੈਵਸਲੱਮ ਨੇ ਕਿਹਾ ਕਿ ਇਸ ਨਾਲੋਂ ਬਿਹਤਰ ਦੋ ਦਿਨ ਤਹਾਨੂੰ ਅਲਾਹ ਪਾਕ ਦੁਆਰਾ ਦਿੱਤੇ ਗਏ ਹਨ ਇਕ ਈਦ-ਉਲ–ਫਿਤਰ ਅਤੇ ਦੂਜਾ ਈਦ-ਉਲ-ਜੁਹਾ  ।
ਬਿਨਾਂ ਸ਼ੱਕ ਅਲਾਹ ਪਾਕ ਦੁਆਰਾ ਖੁਸ਼ੀ ਦੇ ਇਹ ਦਿਨ ਉਦੇਸ਼ਾਂ ਅਤੇ ਮਕੱਸਦ ਭਰੇ ਹਨ।
ਇਸਲਾਮ ਹਰ ਸਮੇਂ ਭਾਵ ਹਰ ਮੌਕੇ ਤੇ ਗ਼ਰੀਬਾਂ ਨਾਲ ਭਲਾਈ ਅਤੇ ਹੁਸਨ-ਏ-ਸਲੂਕ ਕਰਨ ਲਈ ਲੋਚਦਾ ਅਤੇ ਇਸਦੀ ਪ੍ਰੇਰਣਾ ਦਿੰਦਾ ਹੈ ਅਤੇ ਨਾਲ ਹੀ ਬੇਸਹਾਰਾ , ਗਰੀਬਾਂ ਦੀ ਸਹਾਇਤਾ ਕਰਨ ਦੇ ਦਿਸ਼ਾ ਨਿਰਦੇਸ਼ ਦਿੰਦਾ ਹੈ। ਇਸਦੀ ਝਲਕ ਸਾਨੂੰ ਈਦ-ਉਲ-ਫਿਤਰ ਦੇ ਨਾਲ ਵੀ ਸਦਕਾ-ਏ-ਫਿਤਰ ਦੇ ਰੂਪ ਵਿਚ ਭਲੀਭਾਂਤ ਜੁੜੀ ਵਿਖਾਈ ਦਿੰਦੀ ਹੈ । ਇਹ ਕਿ ਰੋਜ਼ਿਆਂ ਦੋਰਾਨ ਇਕ ਰੋਜ਼ਾਦਾਰ ਤੋਂ ਜੋ ਭੁੱਲ-ਚੁਕ ਕੇ ਗ਼ਲਤੀਆਂ ਤੇ ਕੋਤਾਹੀਆਂ ਹੋ ਜਾਂਦੀਆਂ ਹਨ ਤਾਂ ਉਹਨਾਂ ਦੀ ਤਲਾਫੀ ਲਈ ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਨੇ ਗਰੀਬਾਂ ਵਿਚਕਾਰ ਸਦਕਾ-ਏ-ਫਿਤਰ ਤਕਸੀਮ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਹਨ। ਸਦਕਾ ਏ ਫਿਤਰ  ਘਰ ਦੇ ਹਰ ਜੀਅ ਵਲੋਂ ਬਾਲਿਗ਼( ਨਾਬਾਲਿਗ ਦੇ ਮਾਂ-ਬਾਪ ਜਾਂ ਵਾਰਿਸ )ਵਲੋਂ ਦਿੱਤਾ ਜਾਂਦਾ ਹੈ ਈਦ ਵਾਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ-2 ਜੇਕਰ ਕਿਸੇ ਜੰਮੇਂ ਬੱਚੇ ਨੇ ਵੀ ਜਨਮ ਲਿਆ ਹੈ ਤਾਂ ਉਸ ਦੀ ਤਰਫ ਤੋਂ ਵੀ ਇਹ ਸਦਕਾ ਏ ਫਿਤਰ ਉਸਦੇ ਮਾਂ ਬਾਪ ਵਲੋਂ ਕੱਢਿਆ ਜਾਣਾ ਵਾਜਿਬ ਹੈ। ਸਦਕਾ ਏ ਫਿਤਰ ਦਾ ਜੋ ਪ੍ਰਤੀ ਜੀਅ ਦੇ ਹਿਸਾਬ ਨਾਲ ਹਿੱਸਾ ਬਣਦਾ ਹੈ ਉਹ ਦੋ ਕਿਲੋ ਕਣਕ, ਜਾਂ ਸਾਢੇ ਤਿੰਨ ਕਿਲੋ ਜੌਂ ਜਾਂ ਖਜੂਰ ਕਿਸ਼ਮਿਸ਼ ਭਾਵ ਜੋ ਚੀਜ਼ ਇਲਾਕੇ 'ਚ ਆਮ ਵਰਤੋਂ ਵਿਚ ਆਉਂਦੀ ਹੋਵੇ। ਕਣਕ ਜਿਸਦੀ ਕੀਮਤ ਅੱਜ (ਸਦਕਾ ਏ ਫਿਤਰ ) ਭਾਰਤੀ ਕਰੰਸੀ ਦੇ ਮੁਤਾਬਿਕ ਪੈਂਤੀ (35) ਰੁਪਏ ਹੈ।ਸਦਕਾ ਏ ਫਿਤਰ ਦੇ ਪੈਸਿਆਂ ਨੂੰ ਵੀ ਜ਼ਕਾਤ ਦੇ ਪੈਸਿਆਂ ਦੀ ਤਰਾਂ ਗਰੀਬ ਲੋਕਾਂ ਵਿਚ ਹੀ ਦਿੱਤੇ ਜਾਣ ਦਾ ਹੁਕਮ ਹੈ ਤਾਂ ਜੋ ਗਰੀਬ ਲੋਕ ਵੀ  ਅਪਣੇ ਬੱਚਿਆਂ ਸਮੇਤ ਈਦ ਦੀਆਂ ਖੁਸ਼ੀਆਂ ਵਿਚ ਹੰਸੀ-ਖੁਸ਼ੀ ਸ਼ਾਮਿਲ ਹੋ ਸਕਣ।
ਇੱਕ ਵਾਕਿਆ ਬੜਾ ਮਸ਼ਹੂਰ ਹੈ ਕਿ ਵਾਰ ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਆਪਣੇ ਦੋਵੇ ਦੋਹਤਿਆਂ ਹਜ਼ਰਤ ਹਸਨ (ਰ ) ਅਤੇ ਹੁਸੈਨ(ਰ ) ਨਾਲ ਈਦ ਦੀ ਨਮਾਜ਼ ਪੜ੍ਹਨ ਲਈ ਜਾ ਰਹੇ ਸਨ ਕਿ ਰਸਤੇ ਵਿਚ ਕੁੱਝ ਬੱਚੇ ਖੇਡਦੇ ਹੋਏ ਵਿਖਾਈ ਦਿੱਤੇ ਪਰ ਇਹਨਾਂ ਬੱਚਿਆਂ 'ਚੋਂ ਇੱਕ ਬੱਚਾ ਬਹੁਤ ਹੀ ਨਿਰਾਸ਼, ਦੁੱਖੀ ਅਤੇ ਪ੍ਰੇਸ਼ਾਨ ਵਿਖਾਈ ਦਿੱਤਾ।ਤਾਂ ਆਪ (ਸ) ਨੇ ਨੇੜੇ ਜਾ ਕੇ ਉਸਤੋਂ ਦੁੱਖੀ ਹੋਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਮੇਰਾ ਬਾਪ ਮਰ ਚੁੱਕਾ ਹੈ ਤੇ ਮਾਂ ਨੇ ਦੂਜੀ ਸ਼ਾਦੀ ਕਰ ਲਈ ਹੈ ਇਸ ਲਈ ਹੁਣ ਮੇਰੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਹੈ । ਤਾਂ ਆਪ(ਸ) ਨੇ ਉਸ ਬੱਚੇ ਨੂੰ ਤਸੱਲੀ ਦਿੱਤੀ ਤੇ ਕਿਹਾ ਕਿ ਕੀ ਤੂੰ ਪਸੰਦ ਕਰੇਂਗਾ ਕਿ ਮੁਹੰਮਦ(ਸ) ਤੇਰਾ ਬਾਪ ਹੋਵੇ ਤੇ ਆਇਸ਼ਾ(ਰਜ਼ੀ ਅਲਾਹ ਅਨਹਾਂ) ਤੇਰੀ ਮਾਂ ਤੇ ਹਜ਼ਰਤ ਫਾਤਿਮਾ(ਰਜ਼ੀ ਅਲਾਹ ਅਨਹਾਂ) ਤੇਰੀ ਭੈਣ ਹੋਵੇ ਜ਼ਿਕਰ ਯੋਗ ਹੈ ਕਿ ਆਇਸ਼ਾ (ਰ) ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਦੀ ਪਤਨੀ ਤੇ ਫਾਤਿਮਾਂ (ਰ) ਆਪ(ਸ) ਦੀ ਲਾਡਲੀ ਬੇਟੀ ਸਨ।ਇਸ ਉਪਰੰਤ ਆਪ ਨੇ ਉਸ ਬੱਚੇ ਨੂੰ ਨਾਲ ਲਿਆ ਅਤੇ ਅਪਣੇ ਘਰ ਤਸ਼ਰੀਫ ਲੈ ਆਏ ,ਅਤੇ ਅਪਣੀ ਪਤਨੀ ਆਇਸ਼ਾ (ਰ ) ਨੂੰ ਫਰਮਾਇਆ ਕਿ ਤੈਨੂੰ ਪੁੱਤਰ ਦੀ ਖਵਾਹਿਸ਼ ਸੀ ਆਹ ਤੇਰਾ ਬੇਟਾ ਹੈ ਤੇ ਫਾਤਿਮਾ ਨੂੰ ਕਿਹਾ ਕਿ ਤੈਨੂੰ ਭਰਾ ਦੀ ਜ਼ਰੂਰਤ ਸੀ ਇਹ ਤੇਰਾ ਭਰਾ ਹੈ ਤੇ ਫਿਰ ਕਿਹਾ ਹਸਨ (ਰ) ਅਤੇ ਹੂਸੇਨ (ਰ) ਦੇ ਕੱਪੜੇ ਲਿਆ।ਇਹਨਾਂ ਕੱਪੜਿਆਂ 'ਚੋਂ ਇਕ ਵਧੀਆ ਜੋੜਾ ਉਸ ਬੱਚੇ ਨੂੰ ਪਹਿਨਾਇਆ ਅਤੇ ਉਸਨੂੰ ਆਪਣੇ ਨਾਲ ਲੈ ਕੇ, ਈਦ ਦੀ ਨਮਾਜ਼ ਪੜ੍ਹਨ ਲਈ ਤਸ਼ਰੀਫ ਲੈ ਗਏ।
ਈਦ ਦੀਆਂ ਸੁਨੱਤਾਂ (ਸੁਨੱਤ ਉਸ ਕੰਮ ਨੂੰ ਕਿਹਾ ਜਾਂਦਾ ਹੈ ਜੋ ਕੰੰਮ ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਨੇ ਆਪਣੇ ਜੀਵਨ ਵਿਚ ਕੀਤਾ ਹੋਵੇ) ਵਿਚ ਗ਼ੁਸਲ (ਨਹਾਉਣਾ) ਕਰਨਾ ,ਅਪਣੀ ਹੈਸੀਅਤ ਮੁਤਾਬਿਕ ਫਜ਼ੂਲ ਖਰਚੀ ਤੋਂ ਪਰਹੇਜ਼ ਕਰਦੇ ਹੋਏ ਨਵੇਂ ਕੱਪੜੇ ਪਹਿਨਣਾ ,ਖਜੂਰ ਖਾਣਾ, ਈਦ ਪੜਨ ਲਈ ਪੈਦਲ ਜਾਣਾ, ਇਕ ਰਸਤੇ ਜਾਣਾ ਤੇ ਦੂਜੇ ਰਸਤੇ ਰਾਹੀਂ ਘਰ ਵਾਪਸ ਆਉਣਾ ,ਰਸਤੇ ਵਿਚ ਜਾਂਦੇ ਆਉਂਦੇ ਧੀਮੀ ਆਵਾਜ਼ ਵਿਚ ਇਹ ਤਕਬੀਰਾਂ ਪੜਨਾ( ਅਲਾਂਹ ਹੂ ਅਕਬਰ,ਅਲਾਹ ਹੂ ਅਕਬਰ,ਲਾ-ਇਲਾਹਾ ਇਲਲਾਹ,ਵਲਾਹ ਹੂ ਅਕਬਰ ,ਅਲਾਹ ਹੂ ਅਕਬਰ ,ਵਾਲਿਲਾਹ ਹਿਲ ਹਮਦ) ਵੀ ਸੁਨੱਤ ਹੈ। 
ਈਦ ਦੀ ਨਮਾਜ਼ ਉਪਰੰਤ ਇਮਾਮ ਵਲੋਂ ਜੋ ਖੁਤਬਾ ਦਿੱਤਾ ਜਾਂਦਾ ਹੈ ਜਿਸ ਵਿਚ ਰੱਬ ਦੀ ਵਡਿਆਈ ਅਤੇ   ਉਸਤਤ ਦੇ ਨਾਲ-2 ਸੰਸਾਰ ਦੀ ਸੁੱਖ-ਸ਼ਾਂਤੀ ਲਈ ਅਤੇ ਆਪਣੇ ਗੁਨਾਹਾਂ ਦੀ ਮੁਆਫੀ ਦੀ ਦੁਆ ਮੰਗੀ ਜਾਂਦੀ ਹੈ ਉਸਦਾ ਸੁਨਣਾ ਹਰ ਈਦ ਦੀ ਨਮਾਜ਼ ਪੜ੍ਹਨ ਵਾਲੇ ਮੁਸਲਮਾਨ ਤੇ ਵਾਜਿਬ ਹੈ।
ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਨੇ ਫਰਮਾਇਆ ਜਦੋਂ ਈਦ-ਉਲ-ਫਿਤਰ ਦਾ ਦਿਨ ਆਉਂਦਾ ਹੈ ਤਾਂ ਅਲਾਹ ਫਰਿਸ਼ਤਿਆਂ ਦੇ ਸਾਹਮਣੇ ਆਪਣੇ ਬੰਦਿਆਂ ਤੇ ਫਖਰ ਕਰਦਾ ਹੈ ਅਤੇ ਪੁੱਛਦਾ ਹੈ “ਏ ਮੇਰੇ ਫਰਿਸ਼ਤੋ ! ਉਸ ਮਜ਼ਦੂਰ ਦਾ ਕੀ ਜਜ਼ਾ(ਇਨਾਮ ਜਾਂ ਮਜ਼ਦੂਰੀ) ਹੈ ਜੋ ਅਪਣਾ ਕੰਮ ਮੁਕੰਮਲ ਕਰ ਦੇਵੇ ।ਤਾਂ ਫਰਿਸ਼ਤੇ ਆਖਦੇ ਹਨ ਉਸਦੀ ਜਜ਼ਾ ਇਹ ਹੈ ਕਿ ਉਸਦਾ ਪੂਰਾ ਅਜਰ-ਸਵਾਦ (ਪੂਰੀ-੨ ਮਜ਼ਦੂਰੀ ) ਦੇ ਦਿੱਤਾ ਜਾਵੇ।ਤਾਂ ਅਲਾਹ ਫਰਮਾਉਂਦੇ ਹਨ, ਏ ਮੇਰੇ ਫਰਿਸ਼ਤੋ ! ਮੇਰੇ ਬੰਦੇ ਤੇ ਬੰਦੀਆਂ ਨੇ ਅਪਣਾ ਫਰਜ਼ ਅਦਾ ਕੀਤਾ। ਫੇਰ ਉਹ( ਨਮਾਜ਼-ਏ-ਈਦ ਸ਼ਕਲ ਵਿਚ) ਦੁਆ ਲਈ ਨਿਕਲ ਆਏ ਹਨ ਮੇਰੀ ਇਜ਼ਤ ਦੀ ਕਸਮ ਮੇਰੇ ਜਲਾਲ ਦੀ ਕਸਮ ਮੇਰੇ ਕਰਮ ਅਤੇ ਮੇਰੇ ਬੁਲੰਦ ਮਰਤਬਾ ਦੀ ਕਸਮ ,ਮੈਂ ਇਹਨਾਂ੍ਹ ਦੀ ਦੁਆਵਾਂ ਅਰਦਾਸਾਂ ਨੂੰ ਜ਼ਰੂਰ ਕਬੂਲ ਕਰਾਂਗਾ।ਅਲਾਹ ਪਾਕ ਫਿਰ ਫਰਮਾਉਂਦੇ ਹਨ ਬੰਦਿਉ..!ਘਰਾਂ ਨੂੰ ਵਾਪਿਸ ਚਲੇ ਜਾਵੋ,ਮੈਂ ਤਹਾਨੂੰ ਬਖਸ਼ ਦਿੱਤਾ ਹੈ ਅਤੇ ਤੁਹਾਡੇ ਗੁਨਾਹਾਂ ਨੂੰ ਨੇਕੀਆਂ 'ਚ ਬਦਲ ਦਿੱਤਾ ਹੈ।ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਨੇ ਫਰਮਾਇਆ ਫਿਰ ਉਹ ਬੰਦੇ (ਈਦ ਦੀ ਨਮਾਜ਼ ਤੋਂ ਫਾਰਿਗ਼ ਹੋ ਕੇ) ਇਸ ਹਾਲ ਵਿਚ ਵਾਪਸ ਆਉਂਦੇ ਹਨ ਕਿ ਉਹਨ੍ਹਾਂ ਦੇ ਗੁਨਾਹ ਮੁਆਫ ਹੋ ਚੁੱਕੇ ਹਨ।
ਉਰਦੂ ਦੇ ਪ੍ਰਸਿੱਧ ਅਵਾਮੀ ਨਜ਼ੀਰ ਅਕਬਰਾ-ਆਬਾਦੀ , ਜਿਹਨ੍ਹਾਂ ਨੇ ਵੱਖ ਤਿਉਹਾਰਾਂ ਜਿਵੇਂ ਦੀਵਾਲੀ      ਦੁਸਹਿਰਾ,ਹੋਲੀ, ਗੁਰੁ ਨਾਨਕ ਦੇਵ ਜੀ ਅਤੇ ਬਜਰੰਗ ਜੀ ਕਾ ਮੇਲਾ ਆਦਿ ਵਿਸ਼ਿਆਂ ਤੇ ਢੇਰਾਂ ਨਜ਼ਮਾਂ ਲਿਖੀਆਂ ਹਨ ਉਹ ਅਪਣੀ ਇਕ ਨਜ਼ਮ ਈਦ-ਉਲ-ਫਿਤਰ ਵਿਚ ਈਦ ਦਾ ਦ੍ਰਿਸ਼ ਕੁੱਝ ਇਸ ਅੰਦਾਜ਼ ਵਿਚ ਪੇਸ਼ ਕਰਦੇ ਹਨ ਕਿ:
ਹੈ ਆਬਿਦੋਂ ਕੋ ਤਾਅਤ- ਓ -ਤਜਰੀਦ ਕੀ ਖੁਸ਼ੀ।
ਔਰ ਜ਼ਾਹਿਦੋਂ ਕੋ ਜ਼ੁਹਦ ਕੀ ਤਮਹੀਦ ਕੀ ਖੁਸ਼ੀ।
ਰਿੰਦ ਆਸ਼ਿਕੋਂ ਕੋ ਹੈ ਕਈ ਉਮੀਦ ਕੀ ਖੁਸ਼ੀ।
ਕੁੱਛ ਦਿਲਬਰੋਂ ਕੇ ਵਸਲ ਕੀ ਕੁੱਛ ਦੀਦ ਕੀ ਖੁਸ਼ੀ।
ਐਸੀ ਨਾ ਸ਼ਬ-ਏ-ਬਰਾਤ, ਨਾ ਬਕਰਾ ਈਦ ਕੀ ਖੁਸ਼ੀ।
ਜੈਸੀ ਹਰ ਏਕ ਦਿਲ ਮੇਂ ਹੈ ਇਸ ਈਦ ਕੀ ਖੁਸ਼ੀ।
ਪਰੰਤੂ ਅੱਜ ਜੋ ਦੇਸ ਦੇ ਹਾਲਾਤ ਹਨ ਅਤੇ ਜਿਸ ਪਰਕਾਰ ਇਕ ਧਰਮ ਦੇ ਲੋਕਾਂ ਨੂੰ ਦੂਸਰੇ ਧਰਮ ਦੇ ਲੋਕਾਂ ਨੂੰ ਕੁੱਝ ਲੋਭੀ ਲੋਕਾਂ ਦੁਆਰਾ ਅਪਣੇ ਸੋੜੇ ਹਿਤਾਂ ਦੀ ਪੂਰਤੀ ਲਈ ਇਕ ਦੂਜੇ ਤੋਂ ਖੌਫ-ਜ਼ੁਦਾ ਕੀਤਾ ਜਾ ਰਿਹਾ ਹੈ ਉਸ ਦੇ ਚਲਦਿਆਂ ਅੱਜਕਲ੍ਹ ਉਹ ਪਹਿਲਾਂ ਵਾਲਾ ਹਰਸ਼ੋ-ਉਲੱਾਸ ਧਾਰਮਿਕ ਤਿਉਹਾਰਾਂ ਦੋਰਾਨ ਵੇਖਣ ਨੂੰ ਨਹੀਂ ਮਿਲ ਰਿਹਾ । ਜਿਸਦੀ ਖੁਸ਼ੀਆਂ ਦੇ ਰੰਗ ਹਰ ਕਿਸੇ ਦੇ ਚਿਹਰੇ ਪਹਿਲਾਂ ਪਹਿਲ ਪ੍ਰਤੱਖ ਰੂਪ 'ਚ ਵੇਖੇ ਜਾ ਸਕਦੇ ਹਨ ।ਅੱਜ ਜੋ ਦੁਖਾਂਤਕ ਹਾਲਾਤ ਹਨ ਉਸਦਾ ਦ੍ਰਿਸ਼ ਇਕ ਕਵੀ ਨੇ ਅਪਣੇ ਸ਼ਬਦਾਂ ਰਾਹੀਂ ਕੁੱਝ ਇਸ ਪ੍ਰਕਾਰ ਪੇਸ਼ ਕੀਤਾ ਹੈ ਕਿ 
ਮਿਲ ਕੇ ਹੋਤੀ ਥੀ ਕਭੀ ਈਦ ਭੀ ਦੀਵਾਲੀ ਭੀ।
ਅਬ ਯੇਹ ਹਾਲਾਤ ਹੇਂ ਕਿ ਡਰ-ਡਰ ਕੇ ਗਲੇ ਮਿਲਤੇ ਹੇਂ।
ਅੰਤ 'ਚ ਰੱਬ ਅੱਗੇ ਇਹੋ ਅਰਦਾਸ ਹੈ ਕਿ ਰੱਬ ਇਕ ਵਾਰ ਫਿਰ ਤੋਂ ਉਹ ਸਮਾਂ ਵਾਪਸ ਲਿਆ ਦੇਵੇ ਜਿਸ ਦੋਰਾਨ ਕਿਸੇ ਵੀ ਧਰਮ ਦੇ ਲੋਕਾਂ ਨੂੰ ਦੂਜੇ ਧਰਮਾਂ ਦੇ ਲੋਕਾਂ ਤੋਂ ਨਾ ਕੋਈ ਖੌਫ ਹੋਵੇ ਤੇ ਨਾਹੀ ਕੋਈ ਡਰ ਜਾਂ ਸ਼ਿਕਵਾ ਸ਼ਿਕਾਇਤ ਹੋਵੇ ਸਗੋਂ ਸਭ ਧਰਮਾਂ ਦੇ ਲੋਕੀ ਆਪਸ ਵਿਚ ਪਿਆਰ ਮੁਹਬੱਤ ਅਤੇ ਵਿਸ਼ਵਾਸ ਨਾਲ ਮਿਲ ਜੁਲ ਕੇ ਰਹਿਣ ਤੇ ਉਹਨਾਂ ਦੇ ਜੀਵਨ ਦਾ ਹਰ ਦਿਨ ਈਦ ਅਤੇ ਹਰ ਰਾਤ ਦੀਵਾਲੀ ਹੋਵੇ…!

ਮੁਹੰਮਦ ਅੱਬਾਸ ਧਾਲੀਵਾਲ,
ਮਲੇਰਕੋਟਲਾ।
ਸੰਪਰਕ:9855259650


Related News