ਪਿਤਾ ਦੇ ਵਿਛੋੜੇ ਦਾ ਦਰਦ ਕੀ ਹੁੰਦਾ ਹੈ?

06/16/2018 3:39:56 PM

ਕਹਿੰਦੇ ਨੇ ਕਿ ਸਮਾਂ ਇਕ ਉਹ ਚੀਜ਼ ਹੈ ਜੋ ਵੱਡੇ ਤੋਂ ਵੱਡੇ ਦਰਦ ਨੂੰ, ਵਿਛੋੜੇ ਨੂੰ ਜਾਂ ਕਿਸੇ ਵੈਰ ਵਿਰੋਧ ਵਰਗੇ ਭੇਦ ਭਾਵ ਨੂੰ ਖ਼ਤਮ ਕਰ ਦਿੰਦਾ ਹੈ ਪਰ ਮੈਨੂੰ 30 ਸਾਲ ਤੋਂ ਵੀ ਵਧ ਦਾ ਸਮਾਂ ਹੋ ਚੁਕਾ ਹੈ ਪਰ ਸਮਾਂ ਮੇਰਾ ਸਾਥ ਨਹੀਂ ਦੇ ਰਿਹਾ, ਜਾਂ ਮੈਂ ਸਮੇਂ ਤੇ ਭਾਰੀ ਪੈ ਜਾਂਦਾ ਹਾਂ ਜਿਸ ਕਰਕੇ ਸਮਾਂ ਫਿਰ ਤੋਂ ਉਥੇ ਦਾ ਉਥੇ ਹੀ ਖੜ੍ਹਾ ਰਹਿ ਜਾਂਦਾ ਹੈ। ਉਹ ਦਰਦ ਜਿਸ ਨੂੰ ਮੈਂ ਯਾਦ ਤਾਂ ਰੱਖਣਾ ਚਾਹੁੰਦਾ ਹਾਂ ਪਰ ਆਪਣੇ ਆਪ ਤੇ ਭਾਰੀ ਨਹੀਂ ਪੈਣ ਦੇਣਾ ਚਾਹੁੰਦਾ, ਜਿਸ ਨੂੰ ਇਕ ਯਾਦ ਬਣਾ ਕੇ ਮਨ ਵਿਚ ਪ੍ਰੋ ਤਾਂ ਲੈਣਾ ਚਾਹੁੰਦਾ ਹਾਂ ਪਰ ਆਪਣੀ ਰੋਜ਼ਾਨਾਂ ਜਿੰਦਗੀ ਵਿਚੋਂ ਅੱਗੇ ਵਧਣ ਲਈ, ਆਪਣੇ ਪਰਿਵਾਰ, ਆਪਣੇ ਬੱਚਿਆਂ ਦਾ, ਪਤਨੀ ਦਾ ਖਿਆਲ ਰੱਖਣ ਦੇ ਨਾਲ-ਨਾਲ ਸਮੇਂ ਨੂੰ ਪਿਛੇ ਛੱਡ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹਾਂ ਪਰ ਜਦੋਂ
ਵੀ ਕਦੇਂ ਮਨ ਨੂੰ ਠੇਸ ਪਹੁੰਚਦੀ ਹੈ, ਲੋਕਾਂ ਨੂੰ ਅੱਗੇ ਹੀ ਅੱਗੇ ਵਧਦਾ ਦੇਖਦਾ ਹਾਂ ਉਹਨਾਂ ਦੇ ਆਪਣੇ ਉਹਨਾਂ ਲਈ ਕੀ ਕੁਝ ਨਹੀਂ ਕਰਦੇ ਤਾਂ ਮਨ ਵਿਚੋਂ ਇਕ ਦਰਦ ਭਰੀ ਹੂਕ ਨਿਕਲਦੀ ਹੈ, ਇਕ ਯਾਦ,ਜੋ ਮਨ ਨੂੰ ਝੰਜੂੜ ਕੇ ਰੱਖ ਦਿੰਦੀ ਹੈ, ਉਹ ਯਾਦ ਉਹ ਦਰਦ ਜੋ ਮੇਰੇ ਪਿਤਾ ਦੇ ਵਿਛੋੜੇ ਦਾ ਹੈ, ਪਿਤਾ ਦਿਵਸ ਆਉਂਦਾ ਹੈ, ਲੋਕ ਆਪਣੇ-ਆਪਣੇ ਪਿਤਾ ਨੂੰ ਪਿਤਾ ਦਿਵਸ ਤੇ ਕੋਈ ਨਾ ਕੋਈ ਉਪਹਾਰ ਗਿਫਟ ਦਿੰਦੇ ਹਨ, ਗਲੇ ਲਗਾਉਂਦੇ ਹਨ। ਬਾਪ ਉਹਨਾਂ ਨੂੰ ਗਲੇ ਲਗਾਉਂਦਾ ਹਨ, ਇਕ ਪਿਆਰ ਭਰੀ ਗਲਵੱਕੜੀ ਵਿਚ ਲੈ ਕੇ ਪਿਆਰ ਦਾ ਇਜ਼ਹਾਰ ਕਰਦੇ ਹਨ ਪਰ ਮੇਰੇ ਤੋਂ ਇਹ ਸਭ ਪਿਆਰ, ਤਾਂ ਬਚਪਨ ਤੋਂ ਹੀ ਛੁੱਟ ਗਿਆ ਸੀ। ਜਦੋਂ ਮੇਰਾ ਪਿਤਾ ਮੇਰੇ ਭੈਣ-ਭਰਾ ਤੇ ਮਾਂ ਨੂੰ ਚੰਗੀ ਤੇ ਵਧੀਆ ਜ਼ਿੰਦਗੀ ਦੇਣ ਲਈ ਜਦੋਂ ਮੈਂ ਸਿਰਫ 5-6 ਸਾਲ ਦਾ ਹੀ ਸੀ ਕੈਨੇਡਾ ਵਿਚ ਆ ਵਸਿਆ ਸੀ। ਕੈਨੇਡਾ ਦੀ ਧਰਤੀ ਤੇ ਮੇਰੇ ਪਿਤਾ ਨੇ 11 ਸਾਲ ਇਕੱਲੇ ਕੱਟੇ ਕਿ ਇਕ ਦਿਨ ਉਹ ਕੈਨੇਡਾ ਦੀ ਧਰਤੀ ਤੇ ਪੱਕੇ ਹੋ ਜਾਣਗੇ, ਤੇ ਫਿਰ ਆਪਣੀ ਪਤਨੀ ਤੇ ਬੱਚਿਆਂ ਨੂੰ ਵੀ ਇਥੇ ਸੱਦ ਲੈਣਗੇ ਪਰ ਉਹ ਦਿਨ ਕਦੇ ਵੀ ਨਹੀਂ ਆਇਆ। 11 ਸਾਲਾਂ ਬਾਅਦ ਜਦੋਂ ਉਹਨਾਂ ਦੀ ਅਰਜੀ ਮਨਜ਼ੂਰ ਹੋਈ ਇੰਮੀਗਰੇਸ਼ਨ ਦੇ ਪੇਪਰ ਮਿਲੇ ਤਾਂ ਆਲੇ-ਦੁਆਲੇ ਦੇ ਦੋਸਤਾਂ ਮਿਤਰਾਂ ਰਿਸ਼ਤੇਦਾਰਾ ਤੋਂ ਪਤਾ ਲੱਗਿਆ ਕਿ ਉਹ ਫੁਲੇ ਨਹੀਂ ਸਨ ਸਮਾ ਰਹੇ, ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਉਹ 11 ਸਾਲਾਂ ਦੇ ਆਪਣੀ ਪਤਨੀ ਤੇ 6 ਬੱਚਿਆਂ ਦੇ ਵਿਛੋੜੇ ਦੇ ਦਰਦ ਨੂੰ ਕੁਝ ਹੀ ਮਿੰਟਾ ਵਿਚ ਹਵਾ ਹੋਕੇ ਤੈਹ ਕਰ ਲੈਣਾ ਲੋਚਦੇ ਸਨ। ਜਿਥੇ ਕਿ ਸਭ ਤੋਂ ਛੋਟੀ ਮੇਰੀ ਭੈਣ ਤਾਂ 6 ਮਹੀਨੇ ਦੀ ਹੀ ਸੀ ਜਦੋਂ ਉਹ ਸਾਨੂੰ ਰੱਬ ਦੇ ਸਹਾਰੇ ਹੀ ਛੱਡ ਕੇ ਕੈਨੇਡਾ ਆ ਵਸੇ ਸਨ ਪਰ ਉਹਨਾਂ ਦੀ ਇਹ ਖ਼ੁਸ਼ੀ ਸ਼ਾਇਦ ਪ੍ਰਮਾਤਮਾ ਤੋਂ ਵੀ ਬਰਦਾਸ਼ਿਤ ਨਹੀਂ ਹੋਈ। ਉਹਨਾਂ ਨੇ ਐਨ ਆਖਰੀ ਲਮਹੇ ਤੇ ਜਾ ਕੇ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆਂ। ਉਹ ਹਾਰਟ ਅਟੈਕ ਨਾਲ ਉਸ ਪ੍ਰਮਾਤਮਾ ਦੀ ਗੋਦੀ ਵਿਚ ਜਾ ਵੈਰਾਜੈ। ਇਧਰ ਜਦੋਂ ਭਾਰਤ ਵਿਚ ਸਾਨੂੰ ਇਸ ਬਾਰੇ ਪਤਾ ਚੱਲਿਆਂ ਕੇ ਜੋ ਬਾਪ 11 ਸਾਲਾਂ ਦੇ ਪਤਨੀ ਅਤੇ ਬੱਚਿਆਂ ਦੇ ਵਿਛੋੜੇ ਨੂੰ ਮਿੰਟਾ ਵਿਚ ਹਵਾ ਹੋ ਕੇ ਉਡ ਕੇ ਮਿਲਣ ਦੀ ਤਾਂਘ ਰੱਖਦਾ ਸੀ ਉਹ ਇਸ ਦੁਨੀਆਂ ਤੋਂ ਹੀ ਹਵਾ ਹੋ ਗਿਆ ਸੀ। ਅਸੀਂ ਟੁੱਟ ਗਏ ਸਾਂ। ਚੂਰ-ਚੂਰ ਹੋ ਗਏ ਸੀ। ਸਾਡੇ ਅਰਮਾਨ ਕੈਨੇਡਾ ਜਾਣ ਦੇ ਤਾਂ ਦੂਰ ਅਸੀਂ ਤਾਂ ਬਾਪ ਦੇ ਇੱਕ ਛਿਨ ਲਈ ਦਰਸ਼ਨ ਵੀ ਨਾ ਕਰ ਸਕੇ।ਗਲੇ ਗਲਵੱਕੜੀ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਜੇਕਰ ਕਦੇ ਯਾਦ ਆਏ ਤਾਂ ਕਦੇ ਕਦਾਈ ਉਹਨਾਂ ਦੀ ਫੋਟੋ ਨਾਲ ਮਨ ਦੇ ਦਰਦ ਨੂੰ, ਮਨ ਦੇ ਗਿਲੇ ਸ਼ਿਕਵੇ ਦੂਰ ਕਰ ਲੈਂਦਾ ਹਾਂ । ਮਨ ਕਹਿੰਦਾ ਹੈ ਕਿ ਜੇਕਰ ਅੱਜ ਮੇਰਾ ਬਾਪ ਮੇਰੇ ਨਾਲ ਹੁੰਦਾ ਤਾਂ ਮੇਰੀ ਜਿੰਦਗੀ ਬਹੁਤ ਅੱਗੇ ਅਤੇ ਕਾਮਯਾਬ ਹੁੰਦੀ, ਕਿਉਂਕਿ ਬਾਪ ਦਾ ਸਿਰ ਤੇ ਸਹਾਰਾ ਹੀ ਪੁੱਤਰ ਦੀ ਹਿੰਮਤ ਨੂੰ ਦੋਗਣਾ-ਚੋਗਣਾ ਕਰ ਦਿੰਦੀ ਹੈ ਪਰ ਮੈਂ ਆਪਣੀ ਮਾਂ ਨੂੰ ਵੀ ਪਿਛੇ ਨਹੀਂ ਛੱਡਾਂਗਾ, ਕਿਉਂਕਿ ਉਸ ਨੇ ਜੋ ਮੇਰੇ ਬਾਪ ਦੇ ਤੁਰ ਜਾਣ ਤੋਂ ਬਾਅਦ ਸਾਨੂੰ ਪਾਲ ਪੋਸ ਕੇ ਵੱਡਾ ਕੀਤਾ, ਜੋ ਵੀ ਉਸ ਨੇ ਦੁੱਖ ਤਖ਼ਲੀਫ ਸਹੇ, ਦੁਨੀਆ ਦੀਆਂ ਰੰਡ ਭੋਗਣ ਵਰਗੇ ਲੋਕਾਂ ਦੇ ਤਾਹਨੇ, ਮਿਹਨੇ ਵਰਗੇ ਹਰਫਾਂ ਨੂੰ ਸੀਂਨੇ ਵਿਚ ਦਬਾ ਕੇ ਉਹ ਸਾਡੇ ਨਾਲ ਖੜ੍ਹੀ ਰਹੀ। ਸਾਨੂੰ ਕਦੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਬਾਪ ਤੋਂ ਵਾਂਝੇ ਹਾਂ ਪਰ ਮੇਰਾ ਮੇਰੇ ਬਾਪ ਨਾਲ ਬਹੁਤ ਲਗਾਅ ਸੀ। ਸਾਡੇ ਵਿਚ ਬਹੁਤ ਪਿਆਰ ਸੀ, ਸ਼ਾਇਦ ਅੱਜ ਇਹ ਹੀ ਕਾਰਨ ਹੈ ਕਿ ਮੈਂ ਉਹਨਾਂ ਦੇ ਵਿਛੋੜੇ ਨੂੰ 32 ਸਾਲਾਂ ਬਾਅਦ ਵੀ ਭੁਲਾ ਨਹੀਂ ਪਾ ਰਿਹਾ। ਕੈਨੇਡਾ ਵਿਚ ਰਹਿੰਦੇ ਹੋਏ 30 ਸਾਲਾਂ ਤੋਂ ਵੀ ਵਧ ਦਾ ਸਮਾਂ ਹੋ ਚੱਲਿਆਂ ਹੈ,ਹਰ ਸਾਲ ਜਦੋਂ ਵੀ ਪਿਤਾ ਦਿਵਸ ਆਉਂਦਾ ਹੈ, ਤਾਂ ਮਨ ਵਿਚ ਉਹ ਵਿਛੋੜੇ ਦਾ ਦਰਦ, ਅੱਖਾ ਵਿਚ ਹੰਝੂ ਆਪ ਮੁਹਾਰੇ ਹੀ ਚੱਲਣੇ ਸ਼ੁਰੂ ਹੋ ਜਾਂਦੇ ਹਨ ਕਿ ਇਸ ਵਾਰ ਮੈਂ ਪਿਤਾ ਦਿਵਸ ਤੇ ਇਕ ਵਾਰ ਫਿਰ ਕਿਸ ਨੂੰ ਦੇਵਾਂਗਾ ਗਿਫਟ, ਕਿਸ ਨੂੰ ਗਲੇ ਲਗਾ ਕੇ ਪਿਆਰ ਦਾ ਇਜਹਾਰ ਕਰਾਂਗਾ, ਕੌਣ ਮੇਰੇ ਸਿਰ ਤੇ ਹੱਥ ਰੱਖ ਕੇ ਖੁਸ਼ੀਆਂ ਭਰਿਆਂ ਅਸ਼ੀਰਵਾਦ ਦੇਵੇਗਾ। ਜਿਸ ਕਰਕੇ ਮਨ ਜਦੋਂ ਵੀ ਪਿਤਾ ਦਿਵਸ ਆਉਂਦਾ ਹੈ ਭਰਿਆਂ-ਭਰਿਆਂ ਰਹਿੰਦਾ ਹੈ, ਦਿਲ ਖਾਮੋਸ਼ ਹੋ ਜਾਂਦਾ ਹੈ, ਜਿਵੇਂ ਸਾਰੇ ਆਲਮ ਦੀ ਹਰਕਤ ਬੰਦ ਹੋ ਗਈ ਹੋਵੇ। ਮੈਂ ਉਸ ਆਲਮ ਦੀ ਬੰਦ ਹੋਈ ਹਰਕਤ ਅਤੇ ਖ਼ਾਮੋਸ਼ੀ ਵਿਚ ਬਹੁਤ ਘੁਟਨ ਮਹਿਸੂਸ ਕਰਦਾ ਹਾਂ ਪਰ ਇਹ ਉਹ ਘੁਟਨ ਹੈ ਜੋ ਕਦੇ ਵੀ ਖਤਮ ਨਹੀਂ ਹੋ ਸਕਦੀ, ਜਦੋਂ ਤੱਕ ਮੈਂ ਸ਼ਾਇਦ ਆਪਣੇ ਆਪ ਨੁੰ ਖੌਫ਼ਨਾਕ ਮੌਂਤ ਦੇ ਆਖਰੀ ਪਲਾ ਨੂੰ ਨਹੀਂ ਪਾ ਲੈਂਦਾ।ਇਹ ਪਿਤਾ ਦਿਵਸ ਹਰ ਸਾਲ ਆਉਂਦਾ ਰਹੇਗਾ, ਤੇ ਮੇਰੇ ਸੀਨੇ ਬਾਪ ਦੇ ਵਿਛੋੜੇ ਨੂੰ ਫਿਰ ਤੋਂ ਤਾਜਾਂ ਕਰਦਾ ਰਹੇਗਾ। ਉਸ ਬਾਪ ਨੂੰ ਜਿਸ ਨੂੰ ਮੈਂ ਬਹੁਤ ਪਿਆਰ ਕਰਦਾ ਸੀ,ਤੇ ਕਰਦਾ ਰਹਾਂਗਾ ਪਰ ਸ਼ਾਇਦ ਮੈਂ ਗਲਤ ਹਾਂ ਮੇਰੇ ਤੋਂ ਵੀ ਵਧ ਤਾਂ ਮੇਰੇ ਬਾਪ ਨੂੰ ਉਹ ਪ੍ਰਮਾਤਮਾ ਪਿਆਰ ਕਰਦਾ ਸੀ, ਜਿਸ ਕਰਕੇ ਉਸ ਨੇ ਆਪਣੇ ਪਿਆਰ ਨੂੰ ਉਹਨਾਂ ਤੇ ਭਾਰੀ ਹਾਵੀ ਕਰਕੇ ਉਹਨਾਂ ਨੂੰ ਮੇਰੇ ਤੋਂ ਖੋਹ ਲਿਆ, ਆਪਣੇ ਕੋਲ ਸੱਦ ਲਿਆ। ਇਹ ਸੱਚ ਹੈ ਜੋ ਇਸ ਆਲਮ ਵਿਚ ਇਸ ਧਰਤੀ ਤੇ ਆਇਆ ਉਸ ਨੇ ਇਕ ਨਾ ਇਕ ਦਿਨ ਜ਼ਰੂਰ ਚਲੇ ਹੀ ਜਾਣਾ ਹੈ। ਜੋ ਉਸ ਪ੍ਰਮਾਤਮਾ ਦਾ ਬਣਾਇਆ ਹੋਇਆਂ ਦਸਤੂਰ ਹੈ, ਜਿਸ ਨੂੰ ਕੋਈ ਬਦਲ ਨਹੀਂ ਸਕਦਾ ਪਰ ਜੋ ਵਿਛੋੜੇ ਦਾ ਦਰਦ ਹੈ, ਉਹ ਵੀ ਤੇ ਇਕ ਦਸਤੂਰ ਹੀ ਹੈ ਜਿਸ ਕਰਕੇ ਇਹ ਦਰਦ ਵੀ ਜਿੰਥਦਗੀ ਦੇ ਨਾਲ-ਨਾਲ ਚਲਦਾ ਰਹੇਗਾ। ਮੈਂ ਪ੍ਰਮਾਤਮਾ ਕੋਲ ਇਕ ਅਰਦਾਸ , ਇਕ ਜੋਦੜੀ, ਬੇਨਤੀ ਕਰਦਾ ਹਾਂ, ਕਿਸੇ ਨੂੰ ਵੀ ਇਸ ਤਰ੍ਹਾਂ ਦਾ ਦਰਦ ਨਾ ਦੇਵੇ ਜਿਸ ਨਾਲ ਕੋਈ ਵੀ ਇੰਨਸਾਨ ਜਿੰਦਗੀ ਭਰ ਹੰਝੂਆਂ ਵਿਚ ਹੀ ਲੱਥ-ਪੱਥ ਰਹੇ।ਆਖਿਰ ਤੇ ਸਭ ਨੂੰ ਪਿਤਾ ਦਿਵਸ ਦੀ ਬਹੁਤ ਬਹੁਤ ਮੁਬਾਰਕ! 
ਸੁਰਜੀਤ ਸਿੰਘ ਫਲੋਰਾ 


Related News