7 ਸਾਲਾ ਬੱਚਾ ਸੜਕ ਹਾਦਸੇ ''ਚ ਹੋਇਆ ਗੰਭੀਰ ਜ਼ਖਮੀ, ਪੁਲਸ ਨੇ ਮਾਪਿਆਂ ਨੂੰ ਕੀਤਾ ਸਾਵਧਾਨ

06/16/2018 11:06:36 AM

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਸ਼ਨੀਵਾਰ ਨੂੰ ਇਕ ਕਾਰ ਨੇ 7 ਸਾਲਾਂ ਬੱਚੇ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 10.30 ਵਜੇ ਹਾਦਸੇ ਦੀ ਸੂਚਨਾ ਮਿਲੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਦੱਖਣੀ ਟਰਰਾਮੁਰਾ 'ਚ ਅਲਬਾ ਰੋਡ 'ਤੇ ਵਾਪਰਿਆ। 7 ਸਾਲਾ ਬੱਚੇ ਨੂੰ ਮਾਜ਼ਦਾ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਹਾਦਸੇ ਵਾਲੀ ਥਾਂ 'ਤੇ ਪੁੱਜੇ ਨਿਊ ਸਾਊਥ ਵੇਲਜ਼ ਐਂਬੂਲੈਂਸ ਦੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਬੱਚੇ ਦਾ ਇਲਾਜ ਕੀਤਾ। ਬੱਚੇ ਦੇ ਲੱਤ ਅਤੇ ਸਿਰ 'ਤੇ ਡੂੰਘੀਆਂ ਸੱਟਾਂ ਲੱਗੀਆਂ, ਗੰਭੀਰ ਹਾਲਤ ਵਿਚ ਉਸ ਨੂੰ ਵੈਸਟਮੀਡ ਦੇ ਚਿਲਡਰਨ ਹਸਪਤਾਲ 'ਚ ਭਰਤੀ ਕਰਾਇਆ ਗਿਆ।
ਕਾਰ ਦੇ 68 ਸਾਲਾ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਅਤੇ ਟੈਸਟ ਲਈ ਹਸਪਤਾਲ 'ਚ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਪ੍ਰਤੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਪੁਲਸ ਇੰਸਪੈਕਟਰ ਫਿਲ ਬਰੂਕਸ ਨੇ ਕਿਹਾ ਕਿ ਸੜਕਾਂ ਦੇ ਬਹੁਤ ਸਾਰੇ ਵਾਹਨਾਂ ਹੁੰਦੇ ਹਨ, ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਖੁਦ ਹੀ ਬਚਾਅ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ 2017 'ਚ 24 ਤੋਂ ਵਧ ਪੈਦਲ ਯਾਤਰੀਆਂ ਦੀ ਮੌਤ ਹੋਈ। ਇਸ ਸਾਲ ਹੁਣ ਤੱਕ 32 ਪੈਦਲ ਯਾਤਰੀ ਇਕੱਲੇ ਨਿਊ ਸਾਊਥ ਵੇਲਜ਼ ਸੂਬੇ 'ਚ ਮੌਤ ਦਾ ਸ਼ਿਕਾਰ ਹੋਏ ਹਨ।


Related News