ਬ੍ਰਿਟੇਨ ''ਚ ਹਮਲੇ ਦੀ ਸਾਜਿਸ਼ ਰਚਣ ਦੇ ਦੋਸ਼ ''ਚ ਮਾਂ-ਧੀ ਨੂੰ ਹੋਈ ਜੇਲ

06/16/2018 10:58:06 AM

ਲੰਡਨ— ਬ੍ਰਿਟੇਨ ਦੀ ਇਕ ਅਦਾਲਤ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਜੁੜਿਆ ਮਹਿਲਾ ਅੱਤਵਾਦੀ ਸੈਲ ਬਣਾ ਕੇ ਦੇਸ਼ ਵਿਚ ਹਮਲਾ ਕਰਨ ਦੀ ਸਾਜਿਸ਼ ਰਚਣ ਦੇ ਦੋਸ਼ ਵਿਚ ਮਾਂ-ਧੀ ਨੂੰ ਜੇਲ ਭੇਜ ਦਿੱਤਾ ਹੈ। ਅਦਾਲਤ ਵਿਚ ਰਿਜਲੈਨ ਬਾਊਲਰ (22) ਨੂੰ ਕੱਲ ਉਮਰਕੈਦ ਦੀ ਸਜ਼ਾ ਸੁਣਾਈ ਗਈ। ਬਾਊਲਰ ਨੇ ਪਿਛਲੇ ਸਾਲ ਮੱਧ ਲੰਡਨ ਦੇ ਵੈਸਟਮਿਨੀਸਟਰ ਪੈਲੇਸ ਨੇੜੇ ਲੋਕਾਂ ਨੂੰ ਚਾਕੂ ਨਾਲ ਮਾਰਨ ਦੀ ਸਾਜਿਸ਼ ਰਚੀ ਸੀ, ਜਦੋਂ ਕਿ ਉਸ ਦੀ 44 ਸਾਲਾ ਮਾਂ ਮੀਨਾ ਡੀਕ ਨੇ ਆਪਣੀ ਧੀ ਦੀ ਇਸ ਸਾਜਿਸ਼ ਵਿਚ ਮਦਦ ਕਰਨ ਦੀ ਗੱਲ ਸਵੀਕਾਰ ਕਰ ਲਈ ਹੈ। ਪਰ ਇਸ ਪੂਰੀ ਯੋਜਨਾ ਦੀ ਤਿਆਰੀ ਰਿਜਲੈਨ ਦੀ ਛੋਟੀ ਭੈਣ ਸਫਾ ਬਾਊਲਰ (18) ਨੇ ਕੀਤੀ ਸੀ।
ਉਸ ਦਾ ਟੀਚਾ ਬ੍ਰਿਟਿਸ਼ ਮਿਊਜ਼ੀਅਮ ਵਿਚ ਭੀੜ ਨੂੰ ਨਿਸ਼ਾਨਾ ਬਣਾਉਣਾ ਸੀ ਪਰ ਸੀਰੀਆ ਵਿਚ ਜਿਹਾਦੀ ਲਾੜੀ ਬਣਨ ਦੀ ਉਸ ਦੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਦੋਂ ਤੋਂ ਉਹ ਜੇਲ ਵਿਚ ਹੈ। ਸਫਾ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਫੋਨ ਕਾਲ ਦੇ ਆਧਾਰ 'ਤੇ ਸੁਰੱਖਿਆ ਏਜੰਸੀਆਂ ਨੇ ਉਸ ਦੀ ਭੈਣ ਅਤੇ ਮਾਂ ਨੂੰ ਗ੍ਰਿਫਤਾਰ ਕਰ ਲਿਆ। ਸਫਾ ਬਾਊਲਰ ਸਮੇਤ ਪੂਰੇ ਪਰਿਵਾਰ 'ਤੇ ਅੱਤਵਾਦੀ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ ਸਫਾ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਪਰ ਉਸ ਨੂੰ ਪਿਛਲੇ ਹਫਤੇ ਦੋਸ਼ੀ ਕਰਾਰ ਦੇ ਦਿੱਤਾ ਗਿਆ। ਉਸ ਨੂੰ ਸਜ਼ਾ ਬਾਅਦ ਵਿਚ ਸੁਣਾਈ ਜਾਏਗੀ।


Related News